
ਕਿਹਾ : ਪ੍ਰਧਾਨ ਮੰਤਰੀ ਦਾ ਪੰਜਾਬ ਵੱਲ ਧਿਆਨ ਨਾ ਦੇਣਾ ਦੁਖਦਾਈ
ਅੰਮਿ੍ਰਤਸਰ/ਬਿਊਰੋ ਨਿਊਜ਼
ਨਵੇਂ ਬਣੇ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਹਾ ਹੈ ਕਿ ਉਨ੍ਹਾਂ ਵਲੋਂ ਪੰਜਾਬ ਦੇ ਹੜ੍ਹ ਪੀੜਤ ਲੋਕਾਂ ਵੱਲ ਧਿਆਨ ਨਾ ਦੇਣਾ ਅਤੀ ਦੁਖਦਾਈ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਇਹ ਪ੍ਰਗਟਾਵਾ ਸ਼ੋਸ਼ਲ ਮੀਡੀਆ ਰਾਹੀਂ ਕੀਤਾ ਹੈ। ਸਾਬਕਾ ਜਥੇਦਾਰ ਨੇ ਆਪਣਾ ਇਹ ਪ੍ਰਤੀਕਰਮ ਪੀਐਮ ਮੋਦੀ ਵਲੋਂ ਅਫਗਾਨਿਸਤਾਨ ਵਿਚ ਆਏ ਭੂਚਾਲ ਦੌਰਾਨ ਹੋਏ ਜਾਨੀ ਨੁਕਸਾਨ ’ਤੇ ਕੀਤੇ ਗਏ ਦੁੱਖ ਦੇ ਪ੍ਰਗਟਾਵੇ ਦੇ ਪ੍ਰਤੀਕਰਮ ਵਜੋਂ ਕੀਤਾ ਹੈ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਅਫਗਾਨਿਸਤਾਨ ਵਿਚ ਭੂਚਾਲ ਨਾਲ ਪ੍ਰਭਾਵਿਤ ਹੋਏ ਲੋਕਾਂ ਨਾਲ ਹਮਦਰਦੀ ਪ੍ਰਗਟਾਈ ਸੀ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਵਲੋਂ ਅਫਗਾਨਿਸਤਾਨ ਨਾਲ ਹਮਦਰਦੀ ਜ਼ਾਹਿਰ ਕਰਨਾ ਚੰਗੀ ਗੱਲ ਹੈ, ਪਰ ਪੰਜਾਬ ਵਿਚ ਹੜ੍ਹਾਂ ਦੀ ਸਥਿਤੀ ਵੱਲ ਪ੍ਰਧਾਨ ਮੰਤਰੀ ਵਲੋਂ ਧਿਆਨ ਨਾ ਦੇਣਾ ਅਤਿ ਦੁੱਖਦਾਈ ਹੈ।

