ਦਰਿਆ ‘ਤੇ ਕੁਝ ਪਰਵਾਸੀ ਅਤੇ ਘਰੇਲੂ ਪੰਛੀ ਪਹੁੰਚਣ ਲੱਗੇ
ਅੰਮ੍ਰਿਤਸਰ/ਬਿਊਰੋ ਨਿਊਜ਼ : ਬਿਆਸ ਦਰਿਆ ਦੇ ਪਾਣੀ ਵਿੱਚ ਸ਼ੀਰਾ ਰਲਣ ਨਾਲ ਪੈਦਾ ਹੋਇਆ ਪ੍ਰਦੂਸ਼ਣ ਭਾਵੇਂ ਹੁਣ ਖ਼ਤਮ ਹੋ ਗਿਆ ਹੈ ਪਰ ਇਸ ਨਾਲ ਵੱਡੀ ਗਿਣਤੀ ਵਿੱਚ ਮੱਛੀਆਂ ਦੇ ਮਰਨ ਨਾਲ ਹੋਏ ਨੁਕਸਾਨ ਦੀ ਅਜੇ ਤੱਕ ਭਰਪਾਈ ਨਹੀਂ ਹੋਈ ਹੈ। ਦਰਿਆ ‘ਤੇ ਕੁਝ ਪਰਵਾਸੀ ਅਤੇ ਘਰੇਲੂ ਪੰਛੀ ਪੁੱਜੇ ਹਨ ਪਰ ਛੋਟੀ ਮੱਛੀ ਦੀ ਘਾਟ ਕਾਰਨ ਇਨ੍ਹਾਂ ਪੰਛੀਆਂ ਵੱਲੋਂ ਕਿਤੇ ਹੋਰ ਪਰਵਾਸ ਕੀਤੇ ਜਾਣ ਦੀ ਸ਼ੰਕਾ ਹੈ।
ਬਿਆਸ ਦਰਿਆ ਵਿੱਚ ਲਗਾਤਾਰ ਹਾਲਾਤ ‘ਤੇ ਨਿਗਰਾਨੀ ਰੱਖ ਰਹੀ ਸਰਵੇ ਟੀਮ ਨੇ ਖ਼ੁਲਾਸਾ ਕੀਤਾ ਕਿ ਇਥੇ ਕੁਝ ਪਰਵਾਸੀ ਪੰਛੀ ਅਤੇ ਘਰੇਲੂ ਪੰਛੀ ਹਰੀਕੇ ਜਲਗਾਹ ਵਿਖੇ ਦੇਖੇ ਗਏ ਹਨ।
ਇਹ ਸਾਰੇ ਹੀ ਪੰਛੀ ਛੋਟੀ ਮੱਛੀ ਜਾਂ ਪੂੰਗ ਖਾਣ ਵਾਲੇ ਹਨ। ਇਥੇ ਵਧੇਰੇ ਪਰਵਾਸੀ ਪੰਛੀ ਸਰਦ ਰੁੱਤ ਦੀ ਸ਼ੁਰੂਆਤ ਵਿੱਚ ਸਾਈਬੇਰੀਆ, ਰੂਸ, ਕਜ਼ਾਕਿਸਤਾਨ ਅਤੇ ਹੋਰ ਮੁਲਕਾਂ ਤੋਂ ਆਉਂਦੇ ਹਨ। ਇਹ ਪੰਛੀ ਵਧੇਰੇ ਕਰਕੇ ਨਵੰਬਰ ਵਿੱਚ ਇਥੇ ਪੁੱਜਦੇ ਹਨ ਅਤੇ ਫਰਵਰੀ-ਮਾਰਚ ਵਿੱਚ ਪਰਤਣੇ ਸ਼ੁਰੂ ਹੋ ਜਾਂਦੇ ਹਨ ਪਰ ਇਸ ਵਾਰ ਜੂਨ ਵਿੱਚ ਹੀ ਇਕ ઠਪ੍ਰਜਾਤੀ ਦੇ ਕੁਝ ਪਰਵਾਸੀ ਪੰਛੀ ਦਿਖਾਈ ਦਿੱਤੇ ਹਨ, ਜੋ ઠਹੈਰਾਨੀ ਵਾਲੀ ਗੱਲ ਹੈ। ਡਬਲਯੂਡਬਲਯੂਐਫ ਜਥੇਬੰਦੀ ਵੱਲੋਂ ਇਥੇ ਖੋਜ ਕਰ ਰਹੀ ਗੀਤਾਂਜਲੀ ਕੰਵਰ ਨੇ ਦੱਸਿਆ ਕਿ ਗਰਮੀਆਂ ਵਿੱਚ ਵੀ ਪਰਵਾਸੀ ਪੰਛੀਆਂ ਦੀਆਂ ਕੁਝ ਪ੍ਰਜਾਤੀਆਂ ਇਥੇ ਆਉਂਦੀਆਂ ਹਨ ਜੋ ਜੁਲਾਈ-ਅਗਸਤ ਮਹੀਨੇ ਤੱਕ ਇਥੇ ਰਹਿਣਗੇ। ਉਨ੍ਹਾਂ ਦੱਸਿਆ ਕਿ ਅੱਜ-ਕੱਲ੍ਹ ਵਿੱਚ ਹੀ ਇਸ ਪ੍ਰਜਾਤੀ ਦੇ ਹੋਰ ਪਰਵਾਸੀ ਪੰਛੀ ਇਥੇ ਪੁੱਜਣ ਦੀ ਉਮੀਦ ਹੈ ਪਰ ਖਾਣ ਲਈ ਛੋਟੀ ਮੱਛੀ ਨਾ ਮਿਲਣ ਕਾਰਨ ਉਹ ਕਿਤੇ ਹੋਰ ਜਾਣ ਲਈ ਮਜਬੂਰ ਹੋ ਸਕਦੇ ਹਨ। ਉਨ੍ਹਾਂ ਦੱਸਿਆ ਕਿ ਉਹ ਪੰਛੀਆਂ ਦੇ ਵਤੀਰੇ ‘ਤੇ ਨਜ਼ਰ ਰੱਖ ਰਹੇ ਹਨ।
ਜੰਗਲੀ ਜੀਵ ਵਿਭਾਗ ਦੇ ਮੁੱਖ ਵਾਰਡਨ ਕੁਲਦੀਪ ਕੁਮਾਰ ਨੇ ਆਖਿਆ ਕਿ ਉਹ ਮੱਛੀ ਪਾਲਣ ਵਿਭਾਗ ਦੇ ਅਧਿਕਾਰੀਆਂ ਨਾਲ ਜਲਦੀ ਮੀਟਿੰਗ ਕਰਕੇ ਇਥੇ ਪੂੰਗ ਪੁਆਉਣ ਦੇ ਯਤਨ ਕਰਨਗੇ।
ਉਨ੍ਹਾਂ ਦੱਸਿਆ ਕਿ ਪੌਂਗ ਡੈਮ ਤੋਂ ਪਾਣੀ ਛੱਡੇ ਜਾਣ ਨਾਲ ਕੁਝ ਆਸ ਬੱਝੀ ਹੈ। ਮੱਛੀ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਰਾਜ ਕੁਮਾਰ ਨੇ ਦੱਸਿਆ ਕਿ ਕੁਝ ਪੂੰਗ ਜਲਦੀ ਬਿਆਸ ਦਰਿਆ ਦੇ ਪ੍ਰਭਾਵਿਤ ਇਲਾਕੇ ਵਿੱਚ ਛੱਡਿਆ ਜਾਵੇਗਾ। ਇਸ ਸਬੰਧੀ ਸਰਕਾਰ ਦੀ ਹਰੀ ਝੰਡੀ ਦੀ ਉਡੀਕ ਕੀਤੀ ਜਾ ਰਹੀ ਹੈ।
Check Also
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਮਰਨ ਵਰਤ ਖ਼ਤਮ
ਕਿਹਾ : ਕਿਸਾਨ ਅੰਦੋਲਨ ਨੂੰ ਮੁੜ ਤੋਂ ਕੀਤਾ ਜਾਵੇਗਾ ਸਰਗਰਮ ਚੰਡੀਗੜ੍ਹ/ਬਿਊਰੋ ਨਿਊਜ਼ : ਕਿਸਾਨ ਨੇਤਾ …