ਤਿੰਨ ਮੈਂਬਰੀ ਟੀਮ ਨੇ ਸੁਨਾਰੀਆ ਜੇਲ੍ਹ ‘ਚ ਜਾ ਕੇ ਪੁੱਛੇ 114 ਸਵਾਲ
ਚੰਡੀਗੜ੍ਹ/ਬਿਊਰੋ ਨਿਊਜ਼ : ਡੇਰਾ ਮੁਖੀ ਗੁਰਮੀਤ ਰਾਮ ਰਹੀਮ ਤੋਂ ਸੁਨਾਰੀਆ ਜੇਲ੍ਹ ‘ਚ ਪੰਜਾਬ ਪੁਲਿਸ ਦੀ ਐਸ. ਆਈ.ਟੀ. ਨੇ 8 ਘੰਟੇ ਪੁੱਛਗਿੱਛ ਕੀਤੀ। ਸੂਤਰਾਂ ਅਨੁਸਾਰ ਆਈਜੀ ਐਸਐਸ ਪਰਮਾਰ ਦੀ ਅਗਵਾਈ ਵਾਲੀ ਐਸਆਈਟੀ ਸੋਮਵਾਰ ਸਵੇਰੇ 9:30 ਵਜੇ ਸੁਨਾਰੀਆ ਜੇਲ੍ਹ ਪੁੱਜ ਗਈ ਸੀ। ਐਸਆਈਟੀ ਨੇ ਰਾਮ ਰਹੀਮ ਕੋਲੋਂ ਸਵੇਰੇ 10:30 ਵਜੇ ਤੋਂ ਸ਼ਾਮ 6:00 ਵਜੇ ਤੱਕ ਪੁੱਛਗਿੱਛ ਕੀਤੀ। ਸ਼ੁਰੂਆਤੀ ਤੌਰ ‘ਤੇ ਰਾਮ ਰਹੀਮ ਕੋਲੋਂ ਕਰੀਬ 4 ਦਰਜਨ ਸਵਾਲ ਪੁੱਛੇ ਗਏ। ਸੂਤਰਾਂ ਅਨੁਸਾਰ ਇਨ੍ਹਾਂ ਸਵਾਲਾਂ ‘ਚੋਂ ਕੁਝ ਇਕ ਦੇ ਜਵਾਬ ਰਾਮ ਰਹੀਮ ਨੇ ਟਾਲ ਦਿੱਤੇ ਅਤੇ ਕੁਝ ਸਵਾਲਾਂ ਦੇ ਜਵਾਬ ਐਸਆਈਟੀ ਨੂੰ ਦਿੱਤੇ। ਇਨ੍ਹਾਂ ਜਵਾਬਾਂ ਦੇ ਆਧਾਰ ‘ਤੇ ਐਸਆਈਟੀ ਨੇ ਕਰੀਬ 5 ਦਰਜਨ ਤੋਂ ਜ਼ਿਆਦਾ ਹੋਰ ਕਰਾਸ ਸਵਾਲ ਪੁੱਛੇ ਅਤੇ ਸ਼ਾਮ 6 ਵਜੇ ਤੱਕ ਚੱਲੀ ਪੁੱਛਗਿੱਛ ‘ਚ ਰਾਮ ਰਹੀਮ ਤੋਂ ਕਰੀਬ 114 ਸਵਾਲ ਪੁੱਛੇ ਗਏ। ਇਸ ਦੇ ਬਾਅਦ ਐਸਆਈਟੀ ਨੇ ਸ਼ਾਮ 6 ਵਜੇ ਤੋਂ 6:30 ਵਜੇ ਤੱਕ ਗੁਰਮੀਤ ਰਾਮ ਰਹੀਮ ਨੂੰ ਉਸ ਤੋਂ ਪੁੱਛੇ ਗਏ ਸਵਾਲ ਅਤੇ ਉਸ ਵਲੋਂ ਦਿੱਤੇ ਗਏ ਸਵਾਲਾਂ ਦੇ ਜਵਾਬ ਪੜ੍ਹ ਕੇ ਸੁਣਾਉਣ ਦੇ ਬਾਅਦ 3 ਮੈਂਬਰੀ ਐਸਆਈਟੀ ਸ਼ਾਮ ਨੂੰ 7 ਵਜੇ ਦੇ ਬਾਅਦ ਜੇਲ੍ਹ ਤੋਂ ਵਾਪਸ ਪੰਜਾਬ ਚਲੀ ਗਈ। ਸੂਤਰਾਂ ਦਾ ਕਹਿਣਾ ਹੈ ਕਿ ਐਸਆਈਟੀ 12 ਨਵੰਬਰ ਨੂੰ ਹਾਈਕੋਰਟ ਦੇ ਸਾਹਮਣੇ ਆਪਣੀ ਰਿਪੋਰਟ ਪੇਸ਼ ਕਰੇਗੀ।
ਐਸਆਈਟੀ ‘ਚ ਪਰਮਾਰ, ਭੁੱਲਰ ਤੇ ਦਲਬੀਰ ਸ਼ਾਮਲ : ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ‘ਚ ਚੀਫ਼ ਐਸਆਈਟੀ ਸੁਰਿੰਦਰਪਾਲ ਸਿੰਘ ਪਰਮਾਰ ਦੀ ਅਗਵਾਈ ‘ਚ ਐਸਆਈਟੀ ਮੈਂਬਰ ਐਸਐਸਪੀ ਮੁਖਵਿੰਦਰ ਸਿੰਘ ਭੁੱਲਰ ਅਤੇ ਇੰਸਪੈਕਟਰ ਦਲਬੀਰ ਸਿੰਘ ਸ਼ਾਮਲ ਸਨ।
ਦਾੜ੍ਹੀ ਕਾਲੀ, ਸਿਰ ‘ਤੇ ਟੋਪੀ
ਸੂਤਰਾਂ ਅਨੁਸਾਰ ਗੁਰਮੀਤ ਰਾਮ ਰਹੀਮ ਕਾਫ਼ੀ ਸਿਹਤਮੰਦ ਤੇ ਇਕਦਮ ਤੰਦਰੁਸਤ ਨਜ਼ਰ ਆ ਰਿਹਾ ਸੀ ਅਤੇ ਉਸ ਨੇ ਆਪਣੀ ਦਾੜ੍ਹੀ ਪੂਰੀ ਤਰ੍ਹਾਂ ਕਾਲੀ ਕੀਤੀ ਹੋਈ ਸੀ ਅਤੇ ਸਿਰ ‘ਤੇ ਟੋਪੀ ਲਈ ਹੋਈ ਸੀ। ਪੰਜਾਬ ਪੁਲਿਸ ਦੀ ਐਸਆਈਟੀ ਹਾਈਕੋਰਟ ਦੇ ਆਦੇਸ਼ ਦੇ ਬਾਅਦ ਰੋਹਤਕ ਦੇ ਜ਼ਿਲ੍ਹਾ ਮੈਜਿਸਟਰੇਟ ਕੈਪਟਨ ਮਨੋਜ ਕੁਮਾਰ ਤੋਂ ਲਿਖਤੀ ਇਜਾਜ਼ਤ ਲੈ ਕੇ ਰੋਹਤਕ ਦੀ ਸੁਨਾਰੀਆ ਜੇਲ੍ਹ ਪੁੱਜੀ ਸੀ। ਐਸਆਈਟੀ ਦੇ 3 ਮੈਂਬਰਾਂ ਨੂੰ ਪੁੱਛਗਿੱਛ ਲਈ ਅੰਦਰ ਰਾਮ ਰਹੀਮ ਤੱਕ ਜਾਣ ਦੀ ਇਜਾਜ਼ਤ ਦਿੱਤੀ ਗਈ। ਐਸਆਈਟੀ ਦੇ ਨਾਲ ਗਏ ਬਾਕੀ ਪੰਜਾਬ ਪੁਲਿਸ ਦੇ ਕਰਮਚਾਰੀਆਂ ਨੂੰ ਬਾਹਰ ਜੇਲ੍ਹ ਅਹਾਤੇ ‘ਚ ਹੀ ਰੋਕ ਲਿਆ ਗਿਆ। ਇਨ੍ਹਾਂ ਕਰਮਚਾਰੀਆਂ ‘ਚ ਐਸਐਚਓ ਤੇ ਸਬ ਇੰਸਪੈਕਟਰ ਪੱਧਰ ਦੇ ਕਈ ਪੁਲਿਸ ਕਰਮਚਾਰੀ ਸ਼ਾਮਿਲ ਸਨ।
Check Also
ਪੰਜਾਬ ’ਚ ‘ਆਪ’ ਦੇ ਪ੍ਰਧਾਨ ਬਣੇ ਅਮਨ ਅਰੋੜਾ
ਅਮਨਸ਼ੇਰ ਸਿੰਘ ਕਲਸੀ ਨੂੰ ਮਿਲੀ ਉਪ ਪ੍ਰਧਾਨਗੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ …