ਮੋਗਾ : ਫਿਰੋਜ਼ਪੁਰ ਦੇ ਐੱਸਐੱਸਪੀ ਨੇ ਗਿਆਰਾਂ ਦਾਗੀ ਪੁਲਿਸ ਮੁਲਾਜ਼ਮਾਂ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਹੈ। ਇਨ੍ਹਾਂ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਰਿਸ਼ਵਤਖੋਰੀ ਤੇ ਨਸ਼ਿਆਂ ਦੇ ਕੇਸ ਦਰਜ ਹਨ। ਇਸ ਦੇ ਨਾਲ ਹੀ ਸੂਬੇ ਦੇ ਕਈ ਸੀਨੀਅਰ ਪੁਲਿਸ ਅਫਸਰਾਂ ਸਣੇ 103 ਸਜ਼ਾਯਾਫ਼ਤਾ ਪੁਲਿਸ ਮੁਲਾਜ਼ਮਾਂ ‘ਤੇ ਕਾਨੂੰਨੀ ਕਾਰਵਾਈ ਦੀ ਤਲਵਾਰ ਲਟਕ ਗਈ ਹੈ। ਜ਼ਿਲ੍ਹਾ ਪੁਲਿਸ ਮੁਖੀ ਫਿਰੋਜ਼ਪੁਰ ਵੱਲੋਂ ਡਾਇਰੈਕਟਰ ਬਿਊਰੋ ਆਫ਼ ਇਨਵੈਸਟੀਗੇਸ਼ਨ ਨੂੰ ਲਿਖੇ ਪੱਤਰ ਵਿੱਚ ਬਰਖ਼ਾਸਤ ਕੀਤੇ ਪੁਲਿਸ ਮੁਲਾਜ਼ਮਾਂ ਇੰਸਪੈਕਟਰ ਗੁਰਜੰਟ ਸਿੰਘ, ਏਐੱਸਆਈ ਓਮ ਪ੍ਰਕਾਸ਼, ਸੁਰਿੰਦਰ ਕੁਮਾਰ, ਬਲਵਿੰਦਰ ਸਿੰਘ, ਕਾਰਜ ਸਿੰਘ, ਹੌਲਦਾਰ ਮਨਜੀਤ ਸਿੰਘ, ਸੁਭਾਸ਼ ਚੰਦਰ, ਕੁਲਦੀਪ ਸਿੰਘ, ਪ੍ਰਿਤਪਾਲ ਸਿੰਘ, ਜਗਜੀਤ ਸਿੰਘ ਤੇ ਸੁਖਦੇਵ ਸਿੰਘ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿੱਚ ਦਰਜ ਐਫ਼ਆਈਆਰ, ਆਈਪੀਸੀ ਧਰਾਵਾਂ ਤੇ ਮੁਕੱਦਮਿਆਂ ਦਾ ਮੌਜੂਦਾ ਸਟੇਟਸ ਵੀ ਦਰਸਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਲੰਘੇ ਦਿਨੀਂ ਮੋਗਾ ਦੇ ਐੱਸਐੱਸਪੀ ਸੁਰਿੰਦਰਜੀਤ ਸਿੰਘ ਮੰਡ ਨੇ ਨਸ਼ਾ ਤਸਕਰਾਂ ਨਾਲ ਸਾਂਝ ਰੱਖਣ ਦੇ ਆਰੋਪ ਹੇਠ ਦੋ ਏਐੱਸਆਈਜ਼ ਅੰਗਰੇਜ਼ ਸਿੰਘ ਤੇ ਗੁਰਮੇਜ ਸਿੰਘ ਨੂੰ ਨੌਕਰੀ ਤੋਂ ਬਰਖ਼ਾਸਤ ਕੀਤਾ ਸੀ।