Breaking News
Home / ਪੰਜਾਬ / ਰੇਲ ਰੋਕੋ ਅੰਦੋਲਨ ਦੌਰਾਨ ਰੇਲਵੇ ਨੂੰ ਸਾਢੇ ਪੰਜ ਕਰੋੜ ਦਾ ਰਗੜਾ

ਰੇਲ ਰੋਕੋ ਅੰਦੋਲਨ ਦੌਰਾਨ ਰੇਲਵੇ ਨੂੰ ਸਾਢੇ ਪੰਜ ਕਰੋੜ ਦਾ ਰਗੜਾ

ਪੰਜਾਬ ਸਣੇ ਉਤਰੀ ਭਾਰਤ ਦੇ 5 ਸੂਬਿਆਂ ‘ਚ ਤਿੰਨ ਦਿਨ ਰੇਲਾਂ ਦਾ ਚੱਕਾ ਰਿਹਾ ਜਾਮ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਸਮੇਤ ਉੱਤਰੀ ਭਾਰਤ ਦੇ 5 ਸੂਬਿਆਂ ਦੀਆਂ 19 ਕਿਸਾਨ ਜਥੇਬੰਦੀਆਂ ਨੇ ਹੜ੍ਹਾਂ ਦੇ ਮੁਆਵਜ਼ੇ ਸਮੇਤ ਕਿਸਾਨੀ ਮੰਗਾਂ ਦੀ ਪੂਰਤੀ ਲਈ ਵਿੱਢੇ ਤਿੰਨ ਰੋਜ਼ਾ ਰੇਲ ਅੰਦੋਲਨ ਦੀ ਸਮਾਪਤੀ ਮੌਕੇ ਕਿਸਾਨੀ ਸੰਘਰਸ਼ ਹੋਰ ਤਿੱਖਾ ਕਰਨ ਦਾ ਐਲਾਨ ਕੀਤਾ ਹੈ। ਪੰਜਾਬ ਵਿੱਚ 20 ਥਾਵਾਂ ‘ਤੇ ਤਿੰਨ ਦਿਨਾਂ ਲਈ ਰੇਲਾਂ ਦਾ ਚੱਕਾ ਜਾਮ ਰੱਖਿਆ ਗਿਆ, ਜਿਸ ਕਾਰਨ ਪੰਜਾਬ ਸਮੇਤ ਗੁਆਂਢੀ ਰਾਜਾਂ ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਨਾਲ ਦੇਸ਼ ਦਾ ਰੇਲ ਸੰਪਰਕ ਟੁੱਟਿਆ ਰਿਹਾ। ਪੰਜਾਬ ਵਿੱਚ ਕਈ ਥਾਈਂ ਕਿਸਾਨਾਂ ਨੇ ਸੜਕਾਂ ਰੋਕ ਕੇ ਪ੍ਰਦਰਸ਼ਨ ਵੀ ਕੀਤਾ। ਕਿਸਾਨ ਜਥੇਬੰਦੀਆਂ ਨੇ ਅੰਬਾਲਾ ਵਿੱਚ ਇੱਕ-ਰੋਜ਼ਾ ਰੇਲ ਰੋਕੋ ਮੋਰਚਾ ਲਗਾ ਕੇ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਚਿਤਾਵਨੀ ਦਿੱਤੀ ਕਿ ਮੰਗਾਂ ਦੀ ਪੂਰਤੀ ਨਾ ਹੋਣ ‘ਤੇ ਕਿਸਾਨੀ ਸੰਘਰਸ਼ ਦਾ ਦਾਇਰਾ ਵਿਸ਼ਾਲ ਕਰਕੇ ਸਰਕਾਰ ਵਿਰੁੱਧ ਲੜਾਈ ਵਿੱਢੀ ਜਾਵੇਗੀ। ਇਸ ਦੌਰਾਨ ਕਿਸਾਨਾਂ ਦੇ ਤਿੰਨ ਰੋਜ਼ਾ ਰੇਲ ਰੋਕੋ ਅੰਦੋਲਨ ਦੌਰਾਨ ਫਿਰੋਜ਼ਪੁਰ ਰੇਲਵੇ ਡਿਵੀਜ਼ਨ ਨੂੰ ਲਗਪਗ ਸਾਢੇ 5 ਕਰੋੜ ਰੁਪਏ ਤੋਂ ਵੱਧ ਦਾ ਵਿੱਤੀ ਨੁਕਸਾਨ ਹੋਣ ਦਾ ਖ਼ਦਸ਼ਾ ਹੈ। ਇਸ ਵਿੱਚ ਯਾਤਰੂ ਅਤੇ ਮਾਲ ਗੱਡੀਆਂ ਦੋਵਾਂ ਦਾ ਭਾੜਾ ਸ਼ਾਮਲ ਹੈ। ਰੇਲ ਰੋਕੋ ਅੰਦਲੋਨ ਦੌਰਾਨ ਫਿਰੋਜ਼ਪੁਰ ਰੇਲ ਮੰਡਲ ਦੀਆ ਲਗਪੱਗ 376 ਰੇਲ ਗੱਡੀਆਂ ਰੱਦ ਹੋਈਆਂ ਹਨ, ਜਿਨ੍ਹਾਂ ਦਾ ਮਾਲ ਭਾੜਾ ਯਾਤਰੀਆਂ ਨੂੰ ਵਾਪਸ ਕਰਨਾ ਪਿਆ ਹੈ। 89 ਰੇਲ ਗੱਡੀਆਂ ਮੰਜ਼ਿਲ ਤੋਂ ਪਹਿਲਾਂ ਹੀ ਹੋਰਨਾਂ ਸਟੇਸ਼ਨਾਂ ‘ਤੇ ਰੋਕ ਦਿੱਤੀਆਂ ਗਈਆਂ ਅਤੇ 49 ਰੇਲ ਗੱਡੀਆਂ ਜੱਦੀ ਸਟੇਸ਼ਨ ਦੀ ਥਾਂ ਹੋਰਨਾਂ ਰੇਲਵੇ ਸਟੇਸ਼ਨਾਂ ਤੋਂ ਚਲਾਈਆਂ ਗਈਆਂ, ਜਦਕਿ 70 ਰੇਲ ਗੱਡੀਆਂ ਦੇ ਰਾਹ ਬਦਲੇ ਗਏ। ਉੱਤਰੀ ਰੇਲਵੇ ਦੇ ਫਿਰੋਜ਼ਪੁਰ ਡਿਵੀਜ਼ਨ ਨੂੰ 10 ਮਾਲ ਗੱਡੀਆਂ ਦੇ ਨਾ ਚੱਲਣ ਨਾਲ ਕਰੀਬ ਪੰਜ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਜਦਕਿ ਇਸ ਨੇ ਲਗਪਗ 10,788 ਯਾਤਰੀਆਂ ਨੂੰ ਉਨ੍ਹਾਂ ਦੀਆਂ ਰੇਲ ਗੱਡੀਆਂ ਰੱਦ ਹੋਣ ਤੋਂ ਬਾਅਦ 52.36 ਲੱਖ ਰੁਪਏ ਵਾਪਸ ਕੀਤੇ। ਡਿਵੀਜ਼ਨ ਦੇ ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ ਸ਼ੁਭਮ ਕੁਮਾਰ ਨੇ ਕਿਹਾ ਕਿ ਆਨਲਾਈਨ ਰੱਦ ਹੋਣ ਦਾ ਡਾਟਾ ਕੁਝ ਦਿਨ ਬਾਅਦ ਪਤਾ ਲੱਗੇਗਾ। ਕਿਸਾਨ ਜਥੇਬੰਦੀਆਂ ਦੀ ਤਾਲਮੇਲ ਕਮੇਟੀ ਦੇ ਮੈਂਬਰ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਪੰਜਾਬ ਵਿੱਚ 20 ਥਾਵਾਂ ਸਣੇ ਹਰਿਆਣਾ ਵਿੱਚ ਵੀ ਸਫ਼ਲ ਰੇਲ ਰੋਕੋ ਮੋਰਚੇ ਲਾਏ ਗਏ। ਕਿਸਾਨ ਜਥੇਬੰਦੀਆਂ ਨੇ ਐਲਾਨ ਕੀਤਾ ਕਿ 23 ਅਤੇ 24 ਅਕਤੂਬਰ ਨੂੰ ਕਿਸਾਨੀ ਦੁਸਹਿਰਾ ਮਨਾਇਆ ਜਾਵੇਗਾ। ਇਸ ਦੌਰਾਨ ਮੋਦੀ ਸਰਕਾਰ ਅਤੇ ਕਾਰਪੋਰੇਟ ਘਰਾਣਿਆਂ ਦੇ ਦਿਓ ਕੱਦ ਪੁਤਲੇ ਫੂਕੇ ਜਾਣਗੇ।

Check Also

ਚਰਨਜੀਤ ਸਿੰਘ ਚੰਨੀ ਦੀ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਮੁਲਾਕਾਤ ਚਰਚਾ ਦਾ ਵਿਸ਼ਾ ਬਣੀ  

ਸੰਤ ਸੀਚੇਵਾਲ ‘ਆਪ’ ਦੇ ਰਾਜ ਸਭਾ ਮੈਂਬਰ ਅਤੇ ਚੰਨੀ ਹਨ ਜਲੰਧਰ ਤੋਂ ਕਾਂਗਰਸ ਦੇ ਉਮੀਦਵਾਰ …