Breaking News
Home / ਪੰਜਾਬ / ਜਲੰਧਰ ‘ਚ ਮਾਂ-ਪਿਓ ਨੇ ਤਿੰਨ ਧੀਆਂ ਦੀ ਹੱਤਿਆ ਕਰਕੇ ਟਰੰਕ ਵਿੱਚ ਲਾਸ਼ਾਂ ਛੁਪਾਈਆਂ

ਜਲੰਧਰ ‘ਚ ਮਾਂ-ਪਿਓ ਨੇ ਤਿੰਨ ਧੀਆਂ ਦੀ ਹੱਤਿਆ ਕਰਕੇ ਟਰੰਕ ਵਿੱਚ ਲਾਸ਼ਾਂ ਛੁਪਾਈਆਂ

ਕਾਤਲ ਪਿਓ ਨੇ ਮੰਨਿਆ : ਗਰੀਬੀ ਕਰਕੇ ਕੀਤਾ ਇਹ ਕਾਰਾ
ਜਲੰਧਰ/ਬਿਊਰੋ ਨਿਊਜ਼ : ਜਲੰਧਰ ਦੇ ਕਾਹਨਪੁਰ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਇਕ ਵਿਅਕਤੀ ਤੇ ਉਸ ਦੀ ਪਤਨੀ ਵੱਲੋਂ ਆਪਣੀਆਂ ਤਿੰਨ ਧੀਆਂ ਨੂੰ ਜ਼ਹਿਰ ਦੇ ਕੇ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਬੱਚੀਆਂ ਦੀ ਪਛਾਣ ਅੰਮ੍ਰਿਤਾ ਕੁਮਾਰੀ (9), ਕੰਚਨ ਕੁਮਾਰੀ (7) ਤੇ ਵਾਸੂ (3) ਵਜੋਂ ਹੋਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਮਕਸੂਦਾਂ ਦੀ ਪੁਲਿਸ ਨੂੰ ਸੁਰਿੰਦਰ ਸਿੰਘ ਵਾਸੀ ਪਿੰਡ ਕਾਹਨਪੁਰ ਨੇ ਹੈਲਪਲਾਈਨ ਨੰਬਰ 112 ‘ਤੇ ਜਾਣਕਾਰੀ ਦਿੱਤੀ ਸੀ ਕਿ ਉਨ੍ਹਾਂ ਦੇ ਕਿਰਾਏਦਾਰ ਤੇ ਪਰਵਾਸੀ ਮਜ਼ਦੂਰ ਸੁਸ਼ੀਲ ਮੰਡਲ ਦੀਆਂ ਤਿੰਨ ਧੀਆਂ ਗੁੰਮ ਹੋ ਗਈਆਂ ਹਨ। ਪੁਲਿਸ ਨੇ ਮਾਮਲੇ ਦੀ ਜਾਂਚ-ਪੜਤਾਲ ਕਰਨ ਮਗਰੋਂ ਛੇ ਘੰਟਿਆਂ ਵਿੱਚ ਮਾਮਲਾ ਹੱਲ ਕਰ ਦਿੱਤਾ ਹੈ। ਐੱਸਐੱਸਪੀ ਮੁਖਵਿੰਦਰ ਸਿੰਘ ਨੇ ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੁਸ਼ੀਲ ਮੰਡਲ ਸ਼ਰਾਬ ਪੀਣ ਦਾ ਆਦੀ ਹੈ ਅਤੇ ਉਸ ਦੀ ਪਤਨੀ ਮੰਜੂ ਦੇਵੀ ਦੇ ਮੰਦੇ ਹਾਲਾਤ ਨੂੰ ਦੇਖਦੇ ਹੋਏ ਜਦੋਂ ਪੁਲਿਸ ਅਧਿਕਾਰੀਆਂ ਨੇ ਸੁਸ਼ੀਲ ਕੋਲੋਂ ਸਖ਼ਤੀ ਨਾਲ ਪੁੱਛ-ਪੜਤਾਲ ਕੀਤੀ ਤਾਂ ਸੁਸ਼ੀਲ ਨੇ ਮੰਨਿਆ ਕਿ ਉਸ ਨੇ ਆਪਣੀ ਪਤਨੀ ਨਾਲ ਮਿਲ ਕੇ ਬੀਤੇ ਦੁੱਧ ਵਿੱਚ ਜ਼ਹਿਰੀਲੀ ਦਵਾਈ ਮਿਲਾ ਕੇ ਤਿੰਨੋਂ ਬੱਚੀਆਂ ਨੂੰ ਪਿਲਾ ਦਿੱਤੀ ਸੀ। ਜਦੋਂ ਤਿੰਨੋਂ ਬੇਹੋਸ਼ ਹੋ ਗਈਆਂ ਸਨ ਤਾਂ ਉਨ੍ਹਾਂ ਨੂੰ ਟਰੰਕ ਵਿੱਚ ਬੰਦ ਕਰ ਕੇ ਚੌਥੇ ਨੰਬਰ ਵਾਲੀ ਬੇਟੀ ਅਨੁਸ਼ਕਾ ਨੂੰ ਆਪਣੇ ਨਾਲ ਲੈ ਕੇ ਉਹ ਕੰਮ ‘ਤੇ ਚਲੇ ਗਏ ਸਨ। ਜਦੋਂ ਪੁਲਿਸ ਮੁਲਾਜ਼ਮਾਂ ਨੇ ਟਰੰਕ ਖੋਲ੍ਹਿਆ ਤਾਂ ਟਰੰਕ ਵਿੱਚੋਂ ਬੱਚੀਆਂ ਦੀਆਂ ਲਾਸ਼ਾਂ ਮਿਲੀਆਂ, ਜਿਨ੍ਹਾਂ ਦੇ ਮੂੰਹ ਵਿੱਚੋਂ ਝੱਗ ਨਿਕਲੀ ਹੋਈ ਸੀ। ਸੁਸ਼ੀਲ ਮੰਡਲ ਤੇ ਉਸ ਦੀ ਪਤਨੀ ਨੇ ਦੱਸਿਆ ਕਿ ਗਰੀਬੀ ਹੋਣ ਕਰ ਕੇ ਉਨ੍ਹਾਂ ਦੇ ਘਰ ਦਾ ਖਰਚਾ ਪੂਰਾ ਨਹੀਂ ਹੋ ਰਿਹਾ ਸੀ ਤੇ ਮਜਬੂਰੀ ਵਿੱਚ ਉਨ੍ਹਾਂ ਨੇ ਇਹ ਕਦਮ ਉਠਾਇਆ ਹੈ। ਸਬ-ਇੰਸਪੈਕਟਰ ਸਿਕੰਦਰ ਸਿੰਘ ਨੇ ਇਸ ਸਬੰਧੀ ਥਾਣਾ ਮਕਸੂਦਾਂ ਵਿੱਚ ਕੇਸ ਦਰਜ ਕਰ ਕੇ ਸੁਸ਼ੀਲ ਮੰਡਲ ਅਤੇ ਉਸ ਦੀ ਪਤਨੀ ਮੰਜੂ ਰਾਣੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

Check Also

ਕੈਬਨਿਟ ਮੀਟਿੰਗ ਦੌਰਾਨ ਮੁੱਖ ਮੰਤਰੀ ਮਾਨ ਨੇ ਮਜ਼ਦੂਰਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਉਣ ਦਾ ਕੀਤਾ ਐਲਾਨ

11231 ਲਾਭਪਾਤਰੀ ਬਣਨਗੇ ਜ਼ਮੀਨਾਂ ਦੇ ਮਾਲਕ ਚੰਡੀਗੜ੍ਹ/ਬਿਊਰੋ ਨਿਊਜ਼ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ …