Breaking News
Home / ਪੰਜਾਬ / ਭਾਜਪਾ ਨੂੰ ਹਰਾਉਣ ਲਈ ਧਰਮ ਨਿਰਪੱਖ ਪਾਰਟੀਆਂ ਇਕੱਠੀਆਂ ਹੋਣ : ਮਾਨ

ਭਾਜਪਾ ਨੂੰ ਹਰਾਉਣ ਲਈ ਧਰਮ ਨਿਰਪੱਖ ਪਾਰਟੀਆਂ ਇਕੱਠੀਆਂ ਹੋਣ : ਮਾਨ

ਕਿਹਾ, ਲੋਕ ਸਭਾ ਚੋਣ ਸੰਗਰੂਰ ਹਲਕੇ ਤੋਂ ਹੀ ਲੜਾਂਗਾ
ਸੰਗਰੂਰ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਹੈ ਕਿ ਭਾਜਪਾ ਵਿਰੋਧੀ ਧਰਮ ਨਿਰਪੱਖ ਪਾਰਟੀਆਂ ਨੂੰ ਇੱਕਜੁੱਟ ਹੋਣਾ ਚਾਹੀਦਾ ਹੈ। ਜੇਕਰ ਸਾਲ 2019 ਦੀਆਂ ਲੋਕ ਸਭਾ ਚੋਣਾਂ ਮੌਕੇ ਭਾਜਪਾ ਵਿਰੋਧੀ ਸਿਆਸੀ ਪਾਰਟੀਆਂ ਦਾ ਮਹਾਂ ਗੱਠਜੋੜ ਹੁੰਦਾ ਹੈ ਤਾਂ ਇਹ ਦੇਸ਼ ਦੇ ਹਿੱਤ ਵਿੱਚ ਹੋਵੇਗਾ। ਮਾਨ ਇੱਥੇ ਆਪਣੇ ਦਫ਼ਤਰ ਵਿੱਚ ਮੀਡੀਆ ਵੱਲੋਂ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਾਲੇ ਗੱਠਜੋੜ ਹੋਣ ਦੀ ਚੱਲ ਰਹੀ ਚਰਚਾ ਬਾਰੇ ਪੁੱਛੇ ਸਵਾਲ ਦਾ ਜਵਾਬ ਦੇ ਰਹੇ ਸਨ। ਮਾਨ ਨੇ ਕਿਹਾ ਕਿ ਫਿਲਹਾਲ ਉਹ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ ਕਿਉਂਕਿ ਇਹ ਫੈਸਲਾ ਲੀਡਰਸ਼ਿਪ ਵੱਲੋਂ ਹੀ ਲਿਆ ਜਾਣਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਧਰਮ ਦੇ ਨਾਮ ‘ਤੇ ਵੰਡੀਆਂ ਪਾਈਆਂ ਜਾ ਰਹੀਆਂ ਹਨ ਅਤੇ ਹਰ ਪਾਸੇ ਫਿਰਕਾਪ੍ਰਸਤੀ ਦਾ ਬੋਲਬਾਲਾ ਹੈ। ਇਸ ਲਈ ਧਰਮ ਨਿਰਪੱਖ ਪਾਰਟੀਆਂ ਨੂੰ ਇਕੱਠੇ ਹੋਣਾ ਚਾਹੀਦਾ ਹੈ ਅਤੇ ਅਜਿਹਾ ਗੱਠਜੋੜ ਦੇਸ਼ ਦੇ ਹਿੱਤ ਵਿੱਚ ਹੋਵੇਗਾ। ਮਾਨ ਨੇ ਬਠਿੰਡਾ ਸੰਸਦੀ ਹਲਕੇ ਤੋਂ ਚੋਣ ਲੜਨ ਦੀਆਂ ਕਿਆਸਰਾਈਆਂ ਨੂੰ ਸਿਰੇ ਤੋਂ ਨਕਾਰਦਿਆਂ ਸਪੱਸ਼ਟ ਕੀਤਾ ਹੈ ਕਿ ਉਹ ਆਗਾਮੀ ਲੋਕ ਸਭਾ ਚੋਣ ਸੰਗਰੂਰ ਹਲਕੇ ਤੋਂ ਹੀ ਲੜਨਗੇ ਕਿਉਂਕਿ ਇਹ ਉਨ੍ਹਾਂ ਦੀ ਜਨਮ ਭੂਮੀ ਅਤੇ ਕਰਮ ਭੂਮੀ ਹੈ। ਇਸ ਹਲਕੇ ਦੇ ਲੋਕਾਂ ਨੇ ਉਨ੍ਹਾਂ ਨੂੰ ਬੇਹੱਦ ਪਿਆਰ ਦਿੱਤਾ ਹੈ, ਜਿਸ ਕਰਕੇ ਹਲਕਾ ਛੱਡਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਉਹੀ ਆਗੂ ਹਲਕਾ ਛੱਡ ਕੇ ਭੱਜਦੇ ਹਨ, ਜਿਹੜੇ ਡਰਦੇ ਹੋਣ। ਸ਼ਾਹਕੋਟ ਜ਼ਿਮਨੀ ਚੋਣ ਵਿੱਚ ਹੋਈ ਹਾਰ ਬਾਰੇ ਮਾਨ ਨੇ ਕਿਹਾ ਕਿ ਲੋਕਾਂ ਦਾ ਫਤਵਾ ਉਹ ਸਿਰ-ਮੱਥੇ ਪ੍ਰਵਾਨ ਕਰਦੇ ਹਨ। ਰਾਜਨੀਤੀ ਵਿੱਚ ਅਜਿਹਾ ਕੁਝ ਚੱਲਦਾ ਰਹਿੰਦਾ ਹੈ। ਉਨ੍ਹਾਂ ਪਾਰਟੀ ਵਿੱਚ ਕਿਸੇ ਵੀ ਤਰ੍ਹਾਂ ਦੀ ਫੁੱਟ ਨੂੰ ਨਕਾਰਦਿਆਂ ਕਿਹਾ ਕਿ ਪਾਰਟੀ ਦੀ ਟੀਮ ਵਿੱਚ ਤਾਲਮੇਲ ਦੀ ਘਾਟ ਸੀ ਅਤੇ ਹਰ ਕੋਈ ਗਲਤੀਆਂ ਤੋਂ ਹੀ ਸਿੱਖਦਾ ਹੈ।

Check Also

ਸੁਖਪਾਲ ਸਿੰਘ ਖਹਿਰਾ ਨੇ ਡਿਪੋਰਟ ਹੋਏ ਪੰਜਾਬੀਆਂ ਨਾਲ ਪ੍ਰਗਟਾਈ ਹਮਦਰਦੀ

ਭਾਰਤੀ ਨਾਗਰਿਕਾਂ ਨਾਲ ਕੈਦੀਆਂ ਵਰਗਾ ਵਿਵਹਾਰ ਕੀਤਾ ਗਿਆ : ਖਹਿਰਾ ਦਾ ਆਰੋਪ ਕਪੂਰਥਲਾ/ਬਿਊਰੋ ਨਿਊਜ਼ ਕਾਂਗਰਸੀ …