Breaking News
Home / ਭਾਰਤ / ਵਾਦੀ ‘ਚ ਲੋਕ ਦਹਿਸ਼ਤ ਭਰੇ ਮਾਹੌਲ ‘ਚ ਜਿਊਣ ਲਈ ਮਜਬੂਰ

ਵਾਦੀ ‘ਚ ਲੋਕ ਦਹਿਸ਼ਤ ਭਰੇ ਮਾਹੌਲ ‘ਚ ਜਿਊਣ ਲਈ ਮਜਬੂਰ

ਮਹਿਲਾਵਾਂ ਨੂੰ ਭੁਗਤਣਾ ਪੈ ਰਿਹਾ ਹੈ ਵੱਡਾ ਸੰਤਾਪ
ਚੰਡੀਗੜ੍ਹ/ਬਿਊਰੋ ਨਿਊਜ਼ : ”ਕੇਂਦਰ ਸਰਕਾਰ ਵੱਲੋਂ ਜੰਮੂ-ਕਸ਼ਮੀਰ ਵਿੱਚੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਉੱਥੋਂ ਦੇ ਹਾਲਾਤ ਸਰਕਾਰ ਦੇ ਦਾਅਵਿਆਂ ਤੋਂ ਉਲਟ ਵਿਖਾਈ ਦੇ ਰਹੇ ਹਨ। ਲੋਕ ਹਰ ਸਮੇਂ ਦਹਿਸ਼ਤ ਦੇ ਮਾਹੌਲ ‘ਚ ਜਿਊਣ ਲਈ ਮਜਬੂਰ ਹਨ। ਇਸ ਦਹਿਸ਼ਤ ਭਰੇ ਮਾਹੌਲ ‘ਚ ਔਰਤਾਂ ਨੂੰ ਸਭ ਤੋਂ ਵੱਡਾ ਸੰਤਾਪ ਭੁਗਤਣਾ ਪੈ ਰਿਹਾ ਹੈ।” ਇਹ ਪ੍ਰਗਟਾਵਾ ਕਸ਼ਮੀਰ ਦਾ ਦੌਰਾ ਕਰਕੇ ਆਈ ਭਾਰਤੀ ਮਹਿਲਾ ਫੈਡਰੇਸ਼ਨ ਦੀ ਜਨਰਲ ਸਕੱਤਰ ਐਨੀ ਰਾਜਾ ਅਤੇ ਸਕੱਤਰ ਡਾ. ਕੰਵਲਜੀਤ ਢਿੱਲੋਂ ਨੇ ਪੰਜਾਬ ਇਸਤਰੀ ਸਭਾ ਚੰਡੀਗੜ੍ਹ ਵੱਲੋਂ ਕਰਵਾਏ ਗਏ ਸਮਾਗਮ ਦੌਰਾਨ ਕੀਤਾ। ਡਾ. ਢਿੱਲੋਂ ਨੇ ਦੱਸਿਆ ਕਿ ਕਸ਼ਮੀਰ ਦੇ ਚੱਪੇ-ਚੱਪੇ ‘ਤੇ ਫ਼ੌਜ ਤਾਇਨਾਤ ਹੋਣ ਕਰਕੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਉਨ੍ਹਾਂ ਦੱਸਿਆ ਕਿ ਕਸ਼ਮੀਰ ਵਿਚ ਰਾਤ 7 ਵਜੇ ਤੋਂ ਬਾਅਦ ਘਰਾਂ ‘ਚ ਲਾਈਟ ਜਗਾਉਣ ‘ਤੇ ਪਾਬੰਦੀ ਲਾਈ ਹੋਈ ਹੈ, ਜਿਸ ਨਾਲ ਬੱਚਿਆਂ ਦੀ ਪੜ੍ਹਾਈ ਅਤੇ ਲੋਕਾਂ ਦੇ ਆਮ ਜੀਵਨ ਵਿਚ ਵਿਘਨ ਪੈ ਰਿਹਾ ਹੈ ਜਿਸ ਕਰਕੇ ਕਸ਼ਮੀਰੀ ਲੋਕਾਂ ਦੇ ਮਨਾਂ ‘ਚ ਰੋਸ ਪਾਇਆ ਜਾ ਰਿਹਾ ਹੈ। ਡਾ. ਢਿੱਲੋਂ ਨੇ ਦੱਸਿਆ ਕਿ ਕਸ਼ਮੀਰ ਦੇ ਸਾਰੇ ਸਕੂਲ/ਕਾਲਜ ਅਤੇ ਯੂਨੀਵਰਸਿਟੀਆਂ ਬੰਦ ਪਈਆਂ ਹਨ। ਕਸ਼ਮੀਰ ਵਿਚ ਸੰਚਾਰ ਦੇ ਸਾਰੇ ਸਾਧਨ ਬੰਦ ਕਰ ਦੇਣ ਕਰਕੇ ਲੋਕਾਂ ਦਾ ਆਪਸੀ ਤਾਲਮੇਲ ਖ਼ਤਮ ਹੋ ਚੁੱਕਿਆ ਹੈ। ਉਨ੍ਹਾਂ ਦੱਸਿਆ ਕਿ ਕਸ਼ਮੀਰ ‘ਚ ਪਿੰਡ ਪੱਧਰ ਦੀਆਂ ਡਿਸਪੈਂਸਰੀਆਂ ਬੰਦ ਪਈਆਂ ਸਨ ਤੇ ਜ਼ਿਲ੍ਹਾ ਪੱਧਰ ਦੇ ਹਸਪਤਾਲਾਂ ‘ਚ ਹੀ ਲੋੜ ਅਨੁਸਾਰ ਸੁਵਿਧਾ ਮੁਹੱਈਆ ਕਰਵਾਈ ਜਾ ਰਹੀ ਸੀ ਪਰ ਕਿਸੇ ਕੋਲ ਆਵਾਜਾਈ ਲਈ ਕੋਈ ਸਾਧਨ ਨਾ ਹੋਣ ਕਰਕੇ ਲੋਕਾਂ ਨੂੰ ਇਲਾਜ ਕਰਵਾਉਣ ਲਈ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਰਤੀ ਮਹਿਲਾ ਫੈਡਰੇਸ਼ਨ ਦੀ ਸਕੱਤਰ ਨੇ ਦੱਸਿਆ ਕਿ ਕਸ਼ਮੀਰ ‘ਚ ਰਹਿ ਰਹੇ ਕਸ਼ਮੀਰੀ ਪੰਡਿਤ, ਹਿੰਦੂ ਅਤੇ ਸਿੱਖ ਧਰਮ ਦੇ ਲੋਕਾਂ ਵੱਲੋਂ ਵੀ ਧਾਰਾ 370 ਹਟਾਏ ਜਾਣ ਦਾ ਵਿਰੋਧ ਕੀਤਾ ਗਿਆ। ਭਾਰਤੀ ਮਹਿਲਾ ਫੈਡਰੇਸ਼ਨ ਦੀ ਕੌਮੀ ਜਨਰਲ ਸਕੱਤਰ ਡਾ. ਐਨੀ ਰਾਜਾ ਨੇ ਹਿਰਾਸਤ ‘ਚ ਲਏ ਗਏ ਵਿਅਕਤੀਆਂ ਬਾਰੇ ਅੰਕੜਾ ਜਨਤਕ ਕੀਤੇ ਜਾਣ ਦੀ ਮੰਗ ਕੀਤੀ। ਫੈਡਰੇਸ਼ਨ ਨੇ ਨਿਆਂ ਯਕੀਨੀ ਬਣਾਉਣ ਲਈ ਫੌਜ ਅਤੇ ਹੋਰ ਸੁਰੱਖਿਆ ਕਰਮੀਆਂ ਵੱਲੋਂ ਕੀਤੀਆਂ ਗਈਆਂ ਜ਼ਿਆਦਤੀਆਂ ਤੇ ਹੋਰ ਹਿੰਸਕ ਕਾਰਵਾਈਆਂ ਜਨਤਕ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਵਿੱਚ ਧਾਰਾ 370 ਤੇ 35 ਏ ਬਹਾਲ ਕੀਤੀ ਜਾਵੇ ਅਤੇ ਕਿਸਾਨਾਂ ਨੂੰ ਉਨ੍ਹਾਂ ਦੀਆਂ ਫ਼ਸਲਾਂ ਦੇ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ। ਦੱਸਣਯੋਗ ਹੈ ਭਾਰਤੀ ਮਹਿਲਾ ਫੈਡਰੇਸ਼ਨ ਦੀ ਐਨੀ ਰਾਜਾ ਅਤੇ ਕੰਵਲਜੀਤ ਢਿੱਲੋਂ, ਪ੍ਰਗਤੀਸ਼ੀਲ ਮਹਿਲਾ ਸੰਗਠਨ ਦੀ ਪੂਨਮ ਕੌਸ਼ਿਕ ਅਤੇ ਮੁਸਲਿਮ ਵਿਮੈਨ ਫੋਰਮ ਦੀ ਡਾ. ਸਈਦਾ ਹਮੀਦ ਨੇ 17 ਤੋਂ 21 ਸਤੰਬਰ ਤੱਕ ਕਸ਼ਮੀਰ ਦੇ ਉੱਤਰੀ, ਦੱਖਣੀ, ਕੇਂਦਰੀ ਭਾਗ ਅਤੇ ਸ੍ਰੀਨਗਰ ਦੇ ਵੱਖ-ਵੱਖ ਇਲਾਕਿਆਂ ਦਾ ਦੌਰਾ ਕੀਤਾ। ਪੰਜਾਬ ਇਸਤਰੀ ਸਭਾ ਚੰਡੀਗੜ੍ਹ ਵੱਲੋਂ ਕਰਵਾਏ ਗਏ ਸਮਾਗਮ ਦੌਰਾਨ ਭਾਰਤੀ ਮਹਿਲਾ ਫੈਡਰੇਸ਼ਨ ਦੇ ਮੈਂਬਰਾਂ ਨੇ ਦੌਰੇ ਦੀ ਰਿਪੋਰਟ ਵੀ ਜਾਰੀ ਕੀਤੀ। ਇਸ ਮੌਕੇ ਕਹਾਣੀਕਾਰ ਗੁਲਜ਼ਾਰ ਸਿੰਘ ਸੰਧੂ, ਡਾ. ਤਰਨ ਗੁਜਰਾਲ, ਸੁਮਿੱਤਰਾ ਗੁਪਤਾ, ਡਾ. ਸਾਹਿਬ ਸਿੰਘ, ਡਾ. ਵੀਨਾ ਜੰਮੂ, ਡਾ. ਰਵਿੰਦਰ ਸ਼ਰਮਾ, ਪਲਸ ਮੰਚ ਤੋਂ ਅਮੋਲਕ ਸਿੰਘ, ਡਾ. ਸੁਖਦੇਵ ਸਿੰਘ, ਸੀਪੀਆਈ ਲਿਬਰੇਸ਼ਨ ਤੋਂ ਕਵਲਜੀਤ ਸਿੰਘ, ਸੀਪੀਆਈ ਤੋਂ ਪ੍ਰੀਤਮ ਸਿੰਘ, ਸੀਪੀਐਮ ਤੋਂ ਸੱਜਣ ਸਿੰਘ, ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਤੋਂ ਸੁਖਦੇਵ ਸਿੰਘ ਕੋਕਰੀ ਅਤੇ ਵਿਦਿਆਰਥੀ ਜਥੇਬੰਦੀਆਂ ਏਆਈਐੱਸਐੱਫ, ਐੱਸਐੱਫਐੱਸ, ਆਇਸਾ, ਐੱਸਐੱਫਆਈ ਦੇ ਆਗੂ ਹਾਜ਼ਰ ਸਨ।

Check Also

ਹਰਿਆਣਵੀ ਗਾਇਕਾ ਅਤੇ ਡਾਂਸਲਰ ਸਪਨਾ ਚੌਧਰੀ ਅਤੇ ਪਰਿਵਾਰ ਖਿਲਾਫ ਮਾਮਲਾ ਦਰਜ

ਭਾਬੀ ਤੋਂ ਦਾਜ ’ਚ ਕਰੇਟਾ ਗੱਡੀ ਮੰਗਣ ਦਾ ਆਰੋਪ ਪਲਵਲ/ਬਿਊਰੋ ਨਿਊਜ਼ : ਹਰਿਆਣਵੀ ਗਾਇਕਾ ਅਤੇ …