ਅਸ਼ੋਕ ਤੰਵਰ ਦਾ ਅਸਤੀਫਾ ਕਾਂਗਰਸ ਪਾਰਟੀ ਲਈ ਵੱਡਾ ਝਟਕਾ
ਸਿਰਸਾ/ਬਿਊਰੋ ਨਿਊਜ਼ : ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ‘ਚ ਕਾਂਗਰਸ ਵੱਲੋਂ ਕੀਤੀ ਗਈ ਟਿਕਟਾਂ ਦੀ ਵੰਡ ਤੋਂ ਨਾਰਾਜ਼ ਸੂਬਾਈ ਕਾਂਗਰਸ ਦੇ ਸਾਬਕਾ ਪ੍ਰਧਾਨ ਅਸ਼ੋਕ ਤੰਵਰ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ। ਸਾਬਕਾ ਸੰਸਦ ਮੈਂਬਰ ਤੰਵਰ ਨੇ ਆਪਣੇ ਟਵਿਟਰ ਅਕਾਊਂਟ ਜ਼ਰੀਏ ਕਾਂਗਰਸ ਪ੍ਰਧਾਨ ਨੂੰ ਆਪਣਾ ਅਸਤੀਫ਼ਾ ਭੇਜਿਆ ਹੈ। ਤੰਵਰ ਦੇ ਅਸਤੀਫ਼ੇ ਨੂੰ ਰਾਜਸੀ ਹਲਕਿਆਂ ‘ਚ ਕਾਂਗਰਸ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਤੰਵਰ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਨਾਂ ਲਿਖੇ ਚਾਰ ਸਫਿਆਂ ਦੇ ਅਸਤੀਫ਼ੇ ‘ਚ ਕਿਹਾ ਕਿ ‘ਕਾਂਗਰਸ ਹੋਂਦ ਦੇ ਸੰਕਟ ‘ਚੋਂ ਗੁਜ਼ਰ ਰਹੀ ਹੈ, ਆਪਣੇ ਸਿਆਸੀ ਵਿਰੋਧੀਆਂ ਕਰਕੇ ਨਹੀਂ ਪਰ ਗੰਭੀਰ ਅੰਦਰੂਨੀ ਵਖ਼ਰੇਵਿਆਂ ਕਰ ਕੇ’। ਤੰਵਰ ਨੇ ਕਿਹਾ ਕਿ ਉਨ੍ਹਾਂ ਦਾ ਸੰਘਰਸ਼ ਨਿੱਜੀ ਨਹੀਂ ਹੈ ਪਰ ਉਸ ਢਾਂਚੇ ਖਿਲਾਫ ਹੈ ਜੋ ਪਾਰਟੀ ਨੂੰ ਖ਼ਰਾਬ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸਤੀਫ਼ੇ ਦਾ ਫ਼ੈਸਲਾ ਵਰਕਰਾਂ ਨਾਲ ਵਿਚਾਰ ਕਰਨ ਤੋਂ ਬਾਅਦ ਲਿਆ ਗਿਆ ਹੈ। ਐਨਐੱਸਯੂਆਈ ਤੋਂ ਆਪਣੇ ਸਿਆਸੀ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਤੰਵਰ ਸਾਲ 2009 ਵਿਚ ਪਹਿਲੀ ਵਾਰ ਲੋਕ ਸਭਾ ਚੋਣ ਲੜ ਕੇ ਹੀ ਸਿਰਸਾ ਲੋਕ ਸਭਾ ਹਲਕਾ (ਰਾਖ਼ਵਾਂ) ਤੋਂ ਸੰਸਦ ਮੈਂਬਰ ਚੁਣੇ ਗਏ ਸਨ। ਇਸ ਦੌਰਾਨ ਉਨ੍ਹਾਂ ਸੂਬਾਈ ਸਿਆਸਤ ਵਿਚ ਆਪਣੀ ਚੰਗੀ ਪਛਾਣ ਬਣਾਈ। ਹਾਲਾਂਕਿ 2014 ਤੇ 2019 ਦੀ ਚੋਣ ਉਹ ਹਾਰ ਗਏ। 2014 ਵਿਚ ਉਨ੍ਹਾਂ ਨੂੰ ਹਰਿਆਣਾ ਕਾਂਗਰਸ ਦਾ ਪ੍ਰਧਾਨ ਥਾਪਿਆ ਗਿਆ ਸੀ ਪਰ ਕੁਝ ਦੇਰ ਬਾਅਦ ਹੀ ਪਾਰਟੀ ਵਿਚ ਧੜੇਬਾਜ਼ੀ ਭਾਰੂ ਹੋ ਗਈ। ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਸਣੇ ਕਈ ਸੀਨੀਅਰ ਆਗੂਆਂ ਨਾਲ ਸਬੰਧ ਚੰਗੇ ਨਾ ਹੋਣ ਕਾਰਨ ਕੁਝ ਸਮਾਂ ਪਹਿਲਾਂ ਤੰਵਰ ਨੂੰ ਪ੍ਰਧਾਨ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ ਤੇ ਕੁਮਾਰੀ ਸ਼ੈਲਜਾ ਨੂੰ ਪ੍ਰਧਾਨਗੀ ਦੀ ਕਮਾਨ ਦੇ ਦਿੱਤੀ ਗਈ ਸੀ। ਤੰਵਰ ਨੇ ਕਾਫ਼ੀ ਦੇਰ ਚੁੱਪ ਵੱਟੀ ਰੱਖੀ ਤੇ ਹੁਣ ਟਿਕਟਾਂ ਦੀ ਵੰਡ ਵੇਲੇ ਤੰਵਰ ਦੇ ਹਮਾਇਤੀਆਂ ਨੂੰ ਦਰਕਿਨਾਰ ਕੀਤੇ ਜਾਣ ਮਗਰੋਂ ਉਨ੍ਹਾਂ ਇਹ ਕਦਮ ਚੁੱਕਿਆ ਹੈ।
ਤੰਵਰ ਲਈ ਭਾਜਪਾ ਦੇ ਬੂਹੇ ਬੰਦ: ਖੱਟਰ
ਕਰਨਾਲ: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਹੈ ਕਿ ਅਸ਼ੋਕ ਤੰਵਰ ਨੂੰ ਕਿਸੇ ਵੀ ਹਾਲਤ ‘ਚ ਭਾਜਪਾ ‘ਚ ਸ਼ਾਮਲ ਨਹੀਂ ਕੀਤਾ ਜਾਵੇਗਾ। ਖੱਟਰ ਨੇ ਕਿਹਾ ਕਿ ਤੰਵਰ ਦੇ ਦੋਸ਼ਾਂ ਤੋਂ ਬਾਅਦ ਸਾਫ਼ ਹੋ ਗਿਆ ਹੈ ਕਿ ਕਾਂਗਰਸ ਦੀ ਟਿਕਟ ਵੰਡਣ ਦੀ ਪ੍ਰਕਿਰਿਆ ‘ਚ ਕਿੰਨੀਆਂ ਖ਼ਾਮੀਆਂ ਹਨ। ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਸਿਰਫ਼ ‘ਸਾਫ਼-ਸੁਥਰੇ ਤੇ ਦੋਸ਼ ਮੁਕਤ’ ਲੋਕਾਂ ਨੂੰ ਹੀ ਪਾਰਟੀ ਵਿਚ ਸ਼ਾਮਲ ਕਰਦੀ ਹੈ। ਖੱਟਰ ਨੇ ਨਾਲ ਹੀ ਕਿਹਾ ਕਿ ਭਾਜਪਾ ਨੇ ਤੰਵਰ ਨੂੰ ਕੋਈ ਸੱਦਾ ਨਹੀਂ ਦਿੱਤਾ ਤੇ ਸਾਬਕਾ ਕਾਂਗਰਸ ਪ੍ਰਧਾਨ ਦੇ ਦਾਅਵੇ ਝੂਠੇ ਹਨ। ਉਨ੍ਹਾਂ ਕਿਹਾ ਕਿ ਜੇ ਭਾਜਪਾ ਨੇ ਸੱਦਾ ਦਿੱਤਾ ਹੁੰਦਾ ਤਾਂ ਹੁਣ ਤੱਕ ਉਹ ਪਾਰਟੀ ਵਿਚ ਸ਼ਾਮਲ ਹੋ ਚੁੱਕੇ ਹੁੰਦੇ। ਖੱਟਰ ਨੇ ਕਿਹਾ ਕਿ ਤੰਵਰ ਦਾ ਇਹ ਕਹਿਣਾ ਕਿ ‘ਕਾਂਗਰਸ ਵਿਚ ਪੈਸੇ ਬਿਨਾਂ ਕੁਝ ਨਹੀਂ ਹੁੰਦਾ’, ਨਾਲ ਪਾਰਟੀ ਦੀਆਂ ਕੋਝੀਆਂ ਨੀਤੀਆਂ ਸਾਰਿਆਂ ਸਾਹਮਣੇ ਆ ਗਈਆਂ ਹਨ। ਮੁੱਖ ਮੰਤਰੀ ਨੇ ਕਿਹਾ ਕਿ ਟਿਕਟਾਂ ਦੇਣ ਵੇਲੇ ਭ੍ਰਿਸ਼ਟਾਚਾਰ ਜਿਹੇ ਦੋਸ਼ ਕਾਂਗਰਸ ‘ਤੇ ਪਹਿਲੀ ਵਾਰ ਨਹੀਂ ਲੱਗੇ। ਖੱਟਰ ਨੇ ਕਿਹਾ ਕਿ ਕਾਂਗਰਸ ਆਗੂਆਂ ਤੇ ਵਰਕਰਾਂ ਵਿਚਾਲੇ ਕੋਈ ‘ਭਰੋਸਾ ਕਾਇਮ ਨਹੀਂ ਰਿਹਾ’। ਇਸੇ ਲਈ ਪਾਰਟੀ ਦੀ ਹਾਲਤ ‘ਮਾੜੀ’ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨਾਲ ਜੁੜੇ ਕਈ ਵਿਅਕਤੀ ਭਾਜਪਾ ਨਾਲ ਸੰਪਰਕ ਕਰ ਰਹੇ ਹਨ।
Check Also
ਡੈਨਮਾਰਕ ਦੀ ਵਿਕਟੋਰੀਆ ਬਣੀ ਮਿਸ ਯੂਨੀਵਰਸ
ਭਾਰਤ ਦੀ ਰੀਆ ਸਿੰਘਾ ਸਿਖਰਲੀਆਂ 30 ਸੁੰਦਰੀਆਂ ਵਿੱਚ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ : ਡੈਨਮਾਰਕ ਦੀ …