-6.5 C
Toronto
Tuesday, December 30, 2025
spot_img
Homeਭਾਰਤਰਾਹੁਲ ਵੱਲੋਂ ਮਨੀਪੁਰ ਹਿੰਸਾ ਦੇ ਪੀੜਤਾਂ ਨਾਲ ਮੁਲਾਕਾਤ

ਰਾਹੁਲ ਵੱਲੋਂ ਮਨੀਪੁਰ ਹਿੰਸਾ ਦੇ ਪੀੜਤਾਂ ਨਾਲ ਮੁਲਾਕਾਤ

ਜਿਰੀਬਾਮ ਅਤੇ ਚੂਰਾਚਾਂਦਪੁਰ ਦੇ ਰਾਹਤ ਕੈਂਪਾਂ ਦਾ ਕੀਤਾ ਦੌਰਾ; ਲੋਕਾਂ ਦੀਆਂ ਦੁੱਖ-ਤਕਲੀਫ਼ਾਂ ਸੁਣੀਆਂ
ਇੰਫਾਲ : ਲੋਕ ਸਭਾ ‘ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਮਨੀਪੁਰ ਦੇ ਜਿਰੀਬਾਮ ਅਤੇ ਚੂਰਾਚਾਂਦਪੁਰ ਜ਼ਿਲ੍ਹੇ ਦੇ ਰਾਹਤ ਕੈਂਪਾਂ ਦਾ ਦੌਰਾ ਕਰਕੇ ਨਸਲੀ ਹਿੰਸਾ ਦੇ ਪੀੜਤਾਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਲੋਕਾਂ ਦਾ ਦੁੱਖ ਵੀ ਵੰਡਾਇਆ। ਉੱਤਰ-ਪੂਰਬੀ ਸੂਬੇ ‘ਚ ਨਸਲੀ ਹਿੰਸਾ ਕਾਰਨ ਲੋਕ ਉੱਜੜ ਗਏ ਹਨ ਅਤੇ ਉਹ ਰਾਹਤ ਕੈਂਪਾਂ ‘ਚ ਰਹਿਣ ਲਈ ਮਜਬੂਰ ਹਨ।
ਪਿਛਲੇ ਸਾਲ ਮਈ ਤੋਂ ਸ਼ੁਰੂ ਹੋਈ ਹਿੰਸਾ ‘ਚ 200 ਤੋਂ ਵੱਧ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਕਾਂਗਰਸ ਵੱਲੋਂ ਸੂਬੇ ਦੀਆਂ ਦੋਵੇਂ ਲੋਕ ਸਭਾ ਸੀਟਾਂ ਜਿੱਤਣ ਮਗਰੋਂ ਰਾਹੁਲ ਗਾਂਧੀ ਦਾ ਇਹ ਮਨੀਪੁਰ ਦਾ ਪਹਿਲਾ ਦੌਰਾ ਹੈ। ਦੌਰੇ ਸਮੇਂ ਰਾਹੁਲ ਨਾਲ ਕਾਂਗਰਸ ਦੇ ਸੀਨੀਅਰ ਆਗੂ ਵੀ ਮੌਜੂਦ ਸਨ।
ਕਾਂਗਰਸ ਨੇ ‘ਐਕਸ’ ‘ਤੇ ਪੋਸਟ ਪਾ ਕੇ ਕਿਹਾ, ”ਰਾਹੁਲ ਗਾਂਧੀ ਦੇ ਹਿੰਸਾਗ੍ਰਸਤ ਮਨੀਪੁਰ ਦੇ ਤੀਜੇ ਦੌਰੇ ਤੋਂ ਉਨ੍ਹਾਂ ਦੀ ਲੋਕਾਂ ਦੇ ਮੁੱਦਿਆਂ ਪ੍ਰਤੀ ਵਚਨਬੱਧਤਾ ਦਾ ਪਤਾ ਲਗਦਾ ਹੈ।” ਕਾਂਗਰਸ ਆਗੂ ਨੇ ਪਿਛਲੇ ਸਾਲ 3 ਮਈ ਨੂੰ ਸ਼ੁਰੂ ਹੋਈ ਨਸਲੀ ਹਿੰਸਾ ਦੇ ਕੁਝ ਹਫ਼ਤਿਆਂ ਮਗਰੋਂ ਮਨੀਪੁਰ ਦਾ ਪਹਿਲਾ ਦੌਰਾ ਕੀਤਾ ਸੀ। ਉਨ੍ਹਾਂ ਇਸ ਸਾਲ ਜਨਵਰੀ ‘ਚ ਆਪਣੀ ‘ਭਾਰਤ ਜੋੜੋ ਨਿਆਂ ਯਾਤਰਾ’ ਵੀ ਸੂਬੇ ਤੋਂ ਹੀ ਸ਼ੁਰੂ ਕੀਤੀ ਸੀ। ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਸਭ ਤੋਂ ਪਹਿਲਾਂ ਜਿਰੀਬਾਮ ਹਾਇਰ ਸੈਕੰਡਰੀ ਸਕੂਲ ‘ਚ ਬਣਾਏ ਗਏ ਰਾਹਤ ਕੈਂਪ ਦਾ ਦੌਰਾ ਕੀਤਾ। ਪ੍ਰਦੇਸ਼ ਕਾਂਗਰਸ ਪ੍ਰਧਾਨ ਕੇਇਸ਼ਾਮ ਮੇਘਚੰਦਰਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜਿਰੀਬਾਮ ‘ਚ ਲੋਕਾਂ ਨੇ ਰਾਹੁਲ ਨੂੰ ਆਪਣੀਆਂ ਤਕਲੀਫ਼ਾਂ ਦੱਸੀਆਂ। ‘ਰਾਹੁਲ ਨੇ ਉਨ੍ਹਾਂ ਤੋਂ ਪੁੱਛਿਆ ਕਿ ਉਹ ਕੀ ਚਾਹੁੰਦੇ ਹਨ। ਇਕ ਲੜਕੀ ਨੇ ਦੱਸਿਆ ਕਿ ਨਾ ਤਾਂ ਪ੍ਰਧਾਨ ਮੰਤਰੀ ਅਤੇ ਨਾ ਹੀ ਮੁੱਖ ਮੰਤਰੀ ਉਨ੍ਹਾਂ ਕੋਲ ਆਏ ਹਨ।’ ਉਸ ਨੇ ਰਾਹੁਲ ਨੂੰ ਅਪੀਲ ਕੀਤੀ ਕਿ ਉਹ ਮਨੀਪੁਰ ਹਿੰਸਾ ਦਾ ਮਾਮਲਾ ਸੰਸਦ ‘ਚ ਚੁੱਕਣ। ਜਿਰੀਬਾਮ ‘ਚ ਹਜ਼ਾਰਾਂ ਲੋਕ ਰਾਹੁਲ ਦਾ ਸਵਾਗਤ ਕਰਨ ਲਈ ਜੁੜ ਗਏ ਅਤੇ ਕਾਂਗਰਸ ਆਗੂ ਨਾਲ ਗੱਲਬਾਤ ਦੌਰਾਨ ਕਈ ਤਾਂ ਰੋਣ ਵੀ ਲੱਗੇ। ਜਿਰੀਬਾਮ ਤੋਂ ਬਾਅਦ ਰਾਹੁਲ ਸਿਲਚਰ ਰਾਹੀਂ ਇੰਫਾਲ ਹਵਾਈ ਅੱਡੇ ‘ਤੇ ਪੁੱਜੇ ਅਤੇ ਫਿਰ ਸੜਕ ਰਸਤੇ ਚੁਰਾਚਾਂਦਪੁਰ ਜ਼ਿਲ੍ਹੇ ਦੇ ਤੁਈਬੋਂਗ ਪਿੰਡ ਦੇ ਰਾਹਤ ਕੈਂਪ ਦਾ ਦੌਰਾ ਕੀਤਾ। ਰਾਹੁਲ ਨੇ ਉਥੇ ਕੈਂਪ ‘ਚ ਠਹਿਰੇ ਲੋਕਾਂ ਨਾਲ ਗੱਲਬਾਤ ਕੀਤੀ। ਮੇਘਚੰਦਰਾ ਨੇ ਕਿਹਾ ਕਿ ਰਾਹੁਲ ਗਾਂਧੀ ਦੇ ਦੌਰੇ ਦਾ ਮਕਸਦ ਲੋਕਾਂ ਨੂੰ ਹੌਸਲਾ ਦੇਣਾ ਅਤੇ ਹਾਲਾਤ ਦਾ ਜ਼ਮੀਨੀ ਪੱਧਰ ‘ਤੇ ਮੁਲਾਂਕਣ ਕਰਨਾ ਸੀ।
ਰਾਜਪਾਲ ਨਾਲ ਵੀ ਕੀਤੀ ਮੁਲਾਕਾਤ : ਕਾਂਗਰਸ ਆਗੂ ਰਾਹੁਲ ਗਾਂਧੀ ਨੇ ਮਨੀਪੁਰ ਦੇ ਆਪਣੇ ਦੌਰੇ ਦੌਰਾਨ ਰਾਜਪਾਲ ਅਨੂਸੂਈਆ ਊਈਕੇ ਨਾਲ ਵੀ ਮੁਲਾਕਾਤ ਕੀਤੀ।
ਸੂਬੇ ਦੇ ਕਈ ਰਾਹਤ ਕੈਂਪਾਂ ਦਾ ਦੌਰਾ ਕਰਨ ਮਗਰੋਂ ਉਹ ਸ਼ਾਮ ਨੂੰ ਇਥੇ ਰਾਜ ਭਵਨ ‘ਚ ਊਈਕੇ ਨਾਲ ਮਿਲੇ। ਕਰੀਬ ਪੌਣੇ ਘੰਟੇ ਦੀ ਮੁਲਾਕਾਤ ਦੌਰਾਨ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਨਸਲੀ ਹਿੰਸਾ ਰੋਕਣ ਅਤੇ ਮਨੀਪੁਰ ਦੇ ਲੋਕਾਂ ਨੂੰ ਰਾਹਤ ਦੇਣ ਲਈ ਕਦਮ ਚੁੱਕੇ ਜਾਣ ਬਾਰੇ ਗੱਲਬਾਤ ਕੀਤੀ।
ਪੀਐਮ ਮੋਦੀ ਮਨੀਪੁਰ ਦਾ ਦੌਰਾ ਕਰਕੇ ਲੋਕਾਂ ਦਾ ਦਰਦ ਸੁਣਨ : ਰਾਹੁਲ
ਇੰਫਾਲ: ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਹ ਮਨੀਪੁਰ ਦਾ ਦੌਰਾ ਕਰਕੇ ਨਸਲੀ ਹਿੰਸਾ ਤੋਂ ਪ੍ਰਭਾਵਿਤ ਲੋਕਾਂ ਦਾ ਦਰਦ ਸੁਣ ਕੇ ਉਨ੍ਹਾਂ ਦੇ ਜ਼ਖ਼ਮਾਂ ‘ਤੇ ਮੱਲ੍ਹਮ ਲਗਾਉਣ। ਰਾਹੁਲ ਨੇ ਇਹ ਵੀ ਕਿਹਾ ਕਿ ਕਾਂਗਰਸ ਮਨੀਪੁਰ ‘ਚ ਸ਼ਾਂਤੀ ਕਾਇਮ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰੇਗੀ। ਰਾਏ ਬਰੇਲੀ ਤੋਂ ਸੰਸਦ ਮੈਂਬਰ ਨੇ ਇਥੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਮਨੀਪੁਰ ਦੀ ਤ੍ਰਾਸਦੀ ਬਹੁਤ ਵੱਡੀ ਹੈ ਅਤੇ ਪ੍ਰਧਾਨ ਮੰਤਰੀ ਨੂੰ ਸੂਬੇ ਦਾ ਦੌਰਾ ਕਰਕੇ ਲੋਕਾਂ ਦੀਆਂ ਤਕਲੀਫ਼ਾਂ ਸੁਣਨੀਆਂ ਚਾਹੀਦੀਆਂ ਹਨ ਕਿਉਂਕਿ ਇਸ ਨਾਲ ਉਨ੍ਹਾਂ ਨੂੰ ਕੁਝ ਰਾਹਤ ਮਿਲੇਗੀ। ਰਾਹੁਲ ਨੇ ਕਿਹਾ ਕਿ ਉਹ ਹਿੰਸਾਗ੍ਰਸਤ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਲਈ ਇਥੇ ਆਏ ਹਨ ਅਤੇ ਵਿਰੋਧੀ ਧਿਰ ‘ਚ ਰਹਿੰਦਿਆਂ ਉਹ ਸਰਕਾਰ ‘ਤੇ ਦਬਾਅ ਪਾਉਣ ਦੀ ਪੂਰੀ ਕੋਸ਼ਿਸ਼ ਕਰਨਗੇ।

 

 

RELATED ARTICLES
POPULAR POSTS