ਪੁੱਡੂਚੇਰੀ : ਪੁੱਡੂਚੇਰੀ ਦੀ ਉਪ ਰਾਜਪਾਲ ਕਿਰਨ ਬੇਦੀ ਨੇ ਸ਼ਨਿਚਰਵਾਰ ਨੂੰ ਇਥੇ ਰਾਜ ਭਵਨ ਵਿਚ 11 ਸਾਲਾਂ ਦੇ ਲੜਕੇ ਨੂੰ ਆਪਣੀ ਕੁਰਸੀ ‘ਤੇ ਬਿਠਾਇਆ। ਇਹ ਬੱਚਾ ਆਪਣੇ ਪਰਿਵਾਰਕ ਮੈਂਬਰਾਂ ਨਾਲ ਉਪ ਰਾਜਪਾਲ ਦਾ ਅਧਿਕਾਰਕ ਨਿਵਾਸ ਵੇਖਣ ਆਇਆ ਸੀ। ਬੇਦੀ ਨੇ ਆਪਣੇ ਦਫ਼ਤਰ ਵਿਚ ਰੱਖੀ ਕੁਰਸੀ ‘ਤੇ ਉਸ ਨੂੰ ਕੁਝ ਦੇਰ ਬੈਠਣ ਲਈ ਕਿਹਾ। ਇਹ ਸੁਣ ਕੇ ਉਹ ਹੈਰਾਨ ਰਹਿ ਗਿਆ। ਸਾਬਕਾ ਆਈਪੀਐੱਸ ਅਧਿਕਾਰੀ ਬੇਦੀ ਨੇ ਬਾਅਦ ਵਿਚ ਆਪਣੇ ਟਵਿੱਟਰ ਅਕਾਊਂਟ ‘ਤੇ ਇਸ ਦੀ ਜਾਣਕਾਰੀ ਦਿੰਦੇ ਹੋਏ ਲਿਖਿਆ ਕਿ ਬੱਚਿਆਂ ਨੂੰ ਪ੍ਰੇਰਿਤ ਕਰਨ ਲਈ ਸਾਨੂੰ ਉਨ੍ਹਾਂ ਨੂੰ ਉਪ ਰਾਜਪਾਲ ਦੀ ਕੁਰਸੀ ‘ਤੇ ਬਿਠਾਉਣਾ ਚਾਹੀਦਾ ਹੈ। ਹੋ ਸਕਦਾ ਹੈ ਕਿ ਭਵਿੱਖ ਵਿਚ ਉਨ੍ਹਾਂ ਵਿਚੋਂ ਕੋਈ ਬੱਚਾ ਇਕ ਦਿਨ ਪੁੱਡੂਚੇਰੀ ਦਾ ਉਪ ਰਾਜਪਾਲ ਬਣੇ। ਉਨ੍ਹਾਂ ਅੱਗੇ ਕਿਹਾ ਕਿ ਸਾਡੇ ਸਭ ਤੋਂ ਛੋਟੇ ਮਹਿਮਾਨ ਨੂੰ ਅੱਜ ਇਕ ਖ਼ੁਸ਼ਨੁਮਾ ਹੈਰਾਨੀ ਹੋਈ। ਰੋਜ਼ਾਨਾ ਕਈ ਲੋਕ ਆਪਣੀਆਂ ਸਮੱਸਿਆਵਾਂ ਲੈ ਕੇ ਰਾਜ ਭਵਨ ਆਉਂਦੇ ਹਨ। ਬੇਦੀ ਉਨ੍ਹਾਂ ਨੂੰ ਮਿਲ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰਦੇ ਹਨ।