Breaking News
Home / ਪੰਜਾਬ / ਮਹਾਰਾਜਾ ਦਲੀਪ ਸਿੰਘ ਦੀ ਯਾਦਗਾਰ ‘ਬੱਸੀਆਂ ਕੋਠੀ’ ਸਰਕਾਰੀ ਅਣਦੇਖੀ ਦਾ ਸ਼ਿਕਾਰ

ਮਹਾਰਾਜਾ ਦਲੀਪ ਸਿੰਘ ਦੀ ਯਾਦਗਾਰ ‘ਬੱਸੀਆਂ ਕੋਠੀ’ ਸਰਕਾਰੀ ਅਣਦੇਖੀ ਦਾ ਸ਼ਿਕਾਰ

ਕੰਧਾਂ ਵਿੱਚ ਆਈਆਂ ਤਰੇੜਾਂ ਅਤੇ ਲੱਕੜ ਦੀਆਂ ਚੀਜ਼ਾਂ ਨੂੰ ਲੱਗੀ ਸਿਉਂਕ; ਅਣਮੁੱਲੀਆਂ ਵਸਤਾਂ ਦੀ ਹਾਲਤ ਖਸਤਾ
ਰਾਏਕੋਟ/ਬਿਊਰੋ ਨਿਊਜ਼ : ਲੁਧਿਆਣਾ ਵਿਚ ਰਾਏਕੋਟ-ਜਗਰਾਉਂ ਰੋਡ ‘ਤੇ ਪਿੰਡ ਬੱਸੀਆਂ ਨੇੜੇ ਸਥਿਤ ਬੱਸੀਆਂ ਕੋਠੀ ਨੂੰ ਇਲਾਕਾ ਵਾਸੀਆਂ ਦੀ ਮੰਗ ‘ਤੇ 2015 ‘ਚ ਪੰਜਾਬ ਸਰਕਾਰ ਵੱਲੋਂ ਕਰੋੜਾਂ ਰੁਪਏ ਖਰਚ ਕਰਕੇ ਮਹਾਰਾਜਾ ਦਲੀਪ ਸਿੰਘ ਯਾਦਗਾਰ ਵਿੱਚ ਤਬਦੀਲ ਕੀਤਾ ਗਿਆ ਸੀ। ਜਿਹੜੀ ਹੁਣ ਸਰਕਾਰ ਦੀ ਅਣਦੇਖੀ ਕਾਰਨ ਆਪਣੀ ਸ਼ਾਨਦਾਰ ਦਿੱਖ ਗੁਆ ਰਹੀ ਹੈ।
ਜ਼ਿਕਰਯੋਗ ਹੈ ਕਿ ਸਾਲ 1800 ਦੇ ਨੇੜੇ-ਤੇੜੇ ਹੋਂਦ ‘ਚ ਆਈ ‘ਬੱਸੀਆਂ ਕੋਠੀ’ ਆਪਣੇ ‘ਚ ਅਨੇਕਾਂ ਇਤਿਹਾਸਕ ਘਟਨਾਵਾਂ ਸਮੋਈ ਬੈਠੀ ਹੈ। ਫੇਰੂ ਸ਼ਾਹ ਤੇ ਮੁੱਦਕੀ ਦੀ ਜੰਗ ਮੌਕੇ ਇਹ ਕੋਠੀ ਲਾਰਡ ਹਾਰਡਿੰਗ ਦਾ ਹੈੱਡਕੁਆਰਟਰ ਸੀ। ਫਿਰੋਜ਼ਪੁਰ ਸਥਿਤ ਬ੍ਰਿਟਿਸ਼ ਮਿਲਟਰੀ ਡਿਵੀਜ਼ਨ ਦਾ ਇਹ ਅਸਲਾ ਸਪਲਾਈ ਡਿੱਪੂ ਵੀ ਰਿਹਾ। ਰਾਏਕੋਟ ਦੇ ਬੁੱਚੜਾਂ ਨੂੰ ਸੋਧਣ ਵਾਲੇ ਕੂਕਿਆਂ ਨੂੰ ਫਾਂਸੀ ਦੀ ਸਜ਼ਾ ਇਸੇ ਕੋਠੀ ਵਿੱਚ ਸੈਸ਼ਨ ਕੋਰਟ ਲਗਾ ਕੇ ਦਿੱਤੀ ਗਈ ਸੀ। ਜਦੋਂ ਅੰਗਰੇਜ਼ਾਂ ਨੇ 11 ਸਾਲ ਦੇ ਮਹਾਰਾਜਾ ਦਲੀਪ ਸਿੰਘ ਨੂੰ ਪੰਜਾਬ ਤੋਂ ਬਾਹਰ ਕੱਢਿਆ ਤਾਂ ਦੇਸ਼-ਬਦਰ ਹੋ ਕੇ ਜਾ ਰਹੇ ਪੰਜਾਬ ਦੇ ਆਖਰੀ ਮਹਾਰਾਜਾ ਨੇ 31 ਦਸੰਬਰ 1849 ਨੂੰ ਪੰਜਾਬ ‘ਚ ਆਖਰੀ ਰਾਤ ਇਸੇ ਕੋਠੀ ਵਿੱਚ ਕੱਟੀ ਸੀ।
ਸਾਲ 2015 ਵਿੱਚ ਸ਼ਾਨਦਾਰ ਯਾਦਗਾਰ ਵਜੋਂ ਵਿਕਸਤ ਹੋਈ ਇਹ ਕੋਠੀ ਹੁਣ ਆਪਣੀ ਦਿੱਖ ਗੁਆ ਰਹੀ ਹੈ। ਲੱਕੜੀ ਦੀ ਕਾਰਾਗਰੀ ਖਰਾਬ ਹੋ ਗਈ ਹੈ ਤੇ ਸਿਉਂਕ ਲੱਕੜ ਨੂੰ ਖਾ ਗਈ ਹੈ। ਤਿੰਨ ਹਾਲਾਂ ਦੀਆਂ ਕੰਧਾਂ ਵਿੱਚ ਤਰੇੜਾਂ ਆ ਗਈਆਂ ਹਨ। ਕਈ ਥਾਵਾਂ ‘ਤੇ ਪੇਂਟ ਤੇ ਪਲਾਸਤਰ ਟੁੱਟ ਰਿਹਾ ਹੈ। ਸਿੱਖ ਰਾਜ ਦੀਆਂ ਵੱਖ-ਵੱਖ ਕਲਾਵਾਂ ਦੀਆਂ ਪ੍ਰਤੀਕ੍ਰਿਤੀਆਂ ਨੂੰ ਉਜਾਗਰ ਕਰਨ ਲਈ ਲਗਾਈਆਂ ਗਈਆਂ ਕੁਝ ਫੋਕਸ ਲਾਈਟਾਂ ਕੰਮ ਨਹੀਂ ਕਰ ਰਹੀਆਂ ਹਨ।
ਇਸ ਕੋਠੀ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਸਿੰਘਾਸਨ, ਵੱਡੀ ਤਲਵਾਰ, ਸ਼ਾਹੀ ਕੁਰਸੀ, ਇੱਕ ਪਹਿਰਾਵਾ ਤੇ ਉਨ੍ਹਾਂ ਦੇ ਜੀਵਨ ਦੇ ਵੱਖ-ਵੱਖ ਪਹਿਲੂਆਂ ਨੂੰ ਦਰਸਾਉਂਦੀਆਂ ਤਸਵੀਰਾਂ ਦੀਆਂ ਪ੍ਰਤੀਕ੍ਰਿਤੀਆਂ ਰੱਖੀਆਂ ਗਈਆਂ ਸਨ, ਜੋ ਹੁਣ ਸਰਕਾਰ ਦੀ ਅਣਦੇਖੀ ਕਾਰਨ ਖਰਾਬ ਹੋ ਰਹੀਆਂ ਹਨ। ਪਾਣੀ ਦੀ ਘਾਟ ਕਾਰਨ ਬਾਗ, ਲਾਅਨ, ਤੇ ਲਗਾਏ ਗਏ ਜੰਗਲ ਦੀ ਹਰਿਆਲੀ ਗਾਇਬ ਹੋ ਰਹੀ ਹੈ। ਪਿਛਲੇ ਦਿਨੀਂ ਕੋਠੀ ਵਿੱਚ ਹੋਏ ਸਮਾਗਮ ਦੌਰਾਨ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੇ ਇਸ ਦੀ ਦਿੱਖ ਸਵਾਰਨ ਲਈ 20 ਲੱਖ ਰੁਪਏ ਅਤੇ ਪੰਜਾਬ ਸਰਕਾਰ ਨੇ ਮੁੱਖ ਮਾਰਗ ‘ਤੇ ਗੇਟ ਬਣਾਉਣ ਲਈ ਪੰਜ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਸੀ।
ਫ਼ੰਡ ਮਿਲਦਿਆਂ ਹੀ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ: ਐੱਸਡੀਐੱਮ
ਐੱਸਡੀਐੱਮ ਰਾਏਕੋਟ ਗੁਰਬੀਰ ਸਿੰਘ ਕੋਹਲੀ ਨੇ ਕਿਹਾ ਕਿ ਅਜੇ ਤੱਕ ਇਸ ਸਬੰਧੀ ਰਾਸ਼ੀ ਪ੍ਰਾਪਤ ਨਹੀਂ ਹੋਈ। ਕੋਠੀ ਦੀ ਦਿੱਖ ਸਵਾਰਨ ਲਈ ਤਜਵੀਜ਼ ਤਿਆਰ ਕੀਤੀ ਗਈ ਹੈ ਤੇ ਫੰਡ ਮਿਲਦਿਆਂ ਹੀ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ।

Check Also

‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਸਾਧਨਾ ਹੋਈ ਸਮਾਪਤ

ਅੰਮਿ੍ਰਤਸਰ ’ਚ ਪੰਜਾਬ ਦੇ ਵਿਧਾਇਕਾਂ ਨਾਲ ਕਰਨਗੇ ਮੀਟਿੰਗ ਅੰਮਿ੍ਰਤਸਰ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਦੇ …