ਪੰਜਾਬ ‘ਚੋਂ ਨਿਕਲਣ ਵਾਲੀ ਕਾਂਗਰਸ ਦੀ ‘ਭਾਰਤ ਜੋੜੋ ਯਾਤਰਾ’ ਤੋਂ ਪਹਿਲਾਂ ਹੋਈ ਚੰਨੀ ਦੀ ਆਮਦ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਦੀ ਨਮੋਸ਼ੀਜਨਕ ਹਾਰ ਤੋਂ ਬਾਅਦ ਤਕਰੀਬਨ 6 ਮਹੀਨੇ ਤੋਂ ਜਨਤਕ ਜ਼ਿੰਦਗੀ ਤੋਂ ਦੂਰ ਰਹੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਨੇ ਸੋਮਵਾਰ ਨੂੰ ਦਿੱਲੀ ਵਿਖੇ ਪਾਰਟੀ ਨੇਤਾਵਾਂ ਨਾਲ ਮੁਲਾਕਾਤ ਕੀਤੀ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਜਿਨ੍ਹਾਂ ਦੇ ਦਲਿਤ ਚਿਹਰੇ ‘ਤੇ ਪਾਰਟੀ ਨੇ ਵਿਧਾਨ ਸਭਾ ਚੋਣਾਂ ਲੜੀਆਂ ਸਨ ਅਤੇ ਜੋ ਆਪਣੀਆਂ ਦੋਵੇਂ ਸੀਟਾਂ ਹਾਰ ਗਏ ਸਨ, ਨੇ ਸੋਮਵਾਰ ਨੂੰ ਪਾਰਟੀ ਪ੍ਰਧਾਨ ਮਲਿਕਅਰਜੁਨ ਖੜਗੇ ਅਤੇ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨਾਲ ਮੁਲਾਕਾਤ ਕੀਤੀ। 3 ਮਈ ਤੋਂ ਬਾਅਦ ਇਹ ਚੰਨੀ ਦੀ ਪਹਿਲੀ ਸਿਆਸੀ ਸਰਗਰਮੀ ਹੈ। ਚੰਨੀ ਵਲੋਂ ਇਹ ਮੁਲਾਕਾਤ ਉਸ ਵੇਲੇ ਕੀਤੀ ਗਈ ਹੈ ਜਦੋਂ ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ਜਨਵਰੀ ‘ਚ ਪੰਜਾਬ ਪਹੁੰਚਣ ਦੇ ਕਰੀਬ ਹੈ। ਜਾਣਕਾਰੀ ਮੁਤਾਬਿਕ ਚੰਨੀ 10 ਜਨਵਰੀ ਨੂੰ ਪੰਜਾਬ ਪਹੁੰਚ ਰਹੀ ‘ਭਾਰਤ ਜੋੜੋ ਯਾਤਰਾ’ ਵਿਚ ਸ਼ਾਮਿਲ ਹੋਣਗੇ। ਚੰਨੀ ਨੇ ਤਕਰੀਬਨ 6 ਮਹੀਨੇ ਬਾਅਦ ਆਪਣੀ ਸਿਆਸੀ ਸਰਗਰਮੀ ਬਾਰੇ ਟਵਿੱਟਰ ਰਾਹੀਂ ਮੁਲਾਕਾਤ ਦੀ ਜਾਣਕਾਰੀ ਪ੍ਰਿਯੰਕਾ ਗਾਂਧੀ ਨਾਲ ਇਕ ਤਸਵੀਰ ਦੇ ਰਾਹੀਂ ਦਿੱਤੀ। ਕਿਹਾ ਕਿ ਉਨ੍ਹਾਂ ਪ੍ਰਿਯੰਕਾ ਗਾਂਧੀ ਨਾਲ ਮੁਲਾਕਾਤ ਕੀਤੀ ਅਤੇ ਹਾਲ ‘ਚ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ‘ਚ ਪਾਰਟੀ ਦੀ ਜਿੱਤ ‘ਤੇ ਵਧਾਈ ਦਿੱਤੀ ਜਿਥੇ ਉਨ੍ਹਾਂ ਕਾਂਗਰਸ ਲਈ ਪ੍ਰਚਾਰ ਕੀਤਾ ਸੀ।
ਜ਼ਿਕਰਯੋਗ ਹੈ ਕਿ ਪੰਜਾਬ ‘ਚ ਕਾਂਗਰਸ ਦੀ ਹਾਰ ਤੋਂ ਬਾਅਦ ਚੰਨੀ ਨੂੰ ਪੰਜਾਬ ਕਾਂਗਰਸ ‘ਚ ਕੋਈ ਸੰਗਠਨਾਤਮਿਕ ਭੂਮਿਕਾ ਨਹੀਂ ਦਿੱਤੀ ਗਈ। ਹਾਸਲ ਜਾਣਕਾਰੀ ਮੁਤਾਬਿਕ ਇਸ ਦੌਰਾਨ ਉਹ ਕੈਨੇਡਾ ਅਤੇ ਅਮਰੀਕਾ ‘ਚ ਹੀ ਰਹੇ।