![](https://parvasinewspaper.com/wp-content/uploads/2023/12/Jiwanjot-Kaur.jpg)
ਤਿੰਨ ਪੀੜੀਆਂ ਕਰ ਚੁੱਕੀਆਂ ਹਨ ਦੇਸ਼ ਦੀ ਸੇਵਾ
ਗੁਰਦਾਸਪੁਰ/ਬਿਊਰੋ ਨਿਊਜ਼
ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਹਰਚੋਵਾਲ ਦੀ ਰਹਿਣ ਵਾਲੀ ਜੀਵਨਜੋਤ ਕੌਰ ਨੇ ਫਲਾਇੰਗ ਅਫਸਰ ਬਣ ਕੇ ਆਪਣੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ। ਜੀਵਨਜੋਤ ਕੌਰ ਅੱਜ ਆਪਣੇ ਪਿੰਡ ਪਹੁੰਚੀ, ਜਿੱਥੇ ਉਸਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਖਾਸ ਗੱਲ ਇਹ ਹੈ ਕਿ ਇਹ ਪਰਿਵਾਰ ਤਿੰਨ ਪੀੜ੍ਹੀਆਂ ਤੋਂ ਦੇਸ਼ ਦੀ ਸੇਵਾ ਕਰ ਰਿਹਾ ਹੈ। ਜੀਵਨਜੋਤ ਕੌਰ ਦੇ ਦਾਦਾ, ਪਿਤਾ ਅਤੇ ਚਾਚਾ ਜੇਸੀਓ ਦੇ ਅਹੁਦੇ ’ਤੇ ਫੌਜ ਵਿਚੋਂ ਸੇਵਾਮੁਕਤ ਹੋਏ ਹਨ, ਜਦਕਿ ਜੀਵਨਜੋਤ ਕੌਰ ਚੌਥੀ ਪੀੜ੍ਹੀ ’ਚੋਂ ਇਕ ਅਧਿਕਾਰੀ ਦੇ ਰੂਪ ਵਿਚ ਫੌਜ ਵਿਚ ਸ਼ਾਮਲ ਹੋਣ ਵਾਲੀ ਪਰਿਵਾਰ ਦੀ ਪਹਿਲੀ ਧੀ ਹੈ। ਜੀਵਨਜੋਤ ਕੌਰ ਨੇ 10ਵੀਂ ਜਮਾਤ ਤੱਕ ਪੜ੍ਹਾਈ ਪਿੰਡ ਦੇ ਹੀ ਸਰਕਾਰੀ ਸਕੂਲ ਵਿਚੋਂ ਕੀਤੀ ਅਤੇ 12ਵੀਂ ਜਮਾਤ ਬਟਾਲਾ ਦੇ ਇੱਕ ਨਿੱਜੀ ਸਕੂਲ ਵਿਚੋਂ ਕੀਤੀ। ਫਿਰ ਜੀਵਨਜੋਤ ਕੌਰ ਨੇ ਚੰਡੀਗੜ੍ਹ ਯੂਨੀਵਰਸਿਟੀ ਵਿਚੋਂ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਵਿਚ ਗਰੈਜੂਏਸ਼ਨ ਕੀਤੀ। ਜੀਵਨਜੋਤ ਕੌਰ ਨੇ ਆਈ.ਟੀ. ਸੈਕਟਰ ਵਿਚ ਵੀ ਦੋ ਸਾਲ ਨੌਕਰੀ ਕੀਤੀ ਹੈ ਅਤੇ ਹੁਣ ਉਹ ਫਲਾਇੰਗ ਅਫਸਰ ਬਣ ਗਈ ਹੈ।