ਜਾਖੜ ਨੂੰ ਕੋਈ ਨਵਾਂ ਅਹੁਦਾ ਨਹੀਂ ਮਿਲੇਗਾ ਅਤੇ ਪੁਰਾਣੇ ਅਹੁਦਿਆਂ ਤੋਂ ਵੀ ਹਟਾਇਆ
ਨਵੀਂ ਦਿੱਲੀ : ਕਾਂਗਰਸ ਹਾਈਕਮਾਨ ਨੇ ਪਾਰਟੀ ਵਿਰੋਧੀ ਸਰਗਰਮੀਆਂ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੂੰ ਪਾਰਟੀ ਨਾਲ ਸਬੰਧਤ ਸਾਰੇ ਅਹੁਦਿਆਂ ਤੋਂ ਹਟਾਉਣ ਦਾ ਫੈਸਲਾ ਕੀਤਾ ਹੈ ਅਤੇ ਦੋ ਸਾਲਾਂ ਤੱਕ ਕੋਈ ਨਵਾਂ ਅਹੁਦਾ ਵੀ ਨਹੀਂ ਮਿਲੇਗਾ। ਕਾਂਗਰਸ ਦੀ ਅਨੁਸ਼ਾਸਨੀ ਕਮੇਟੀ ਨੇ ਜਾਖੜ ਨੂੰ ਦੋ ਸਾਲ ਲਈ ਮੁਅੱਤਲ ਕਰਨ ਦੀ ਸਿਫਾਰਸ਼ ਕੀਤੀ ਸੀ, ਪਰ ਬਾਅਦ ‘ਚ ਉਨ੍ਹਾਂ ਦੀ ਸੀਨੀਆਰਤਾ ਦੇ ਮੱਦੇਨਜ਼ਰ ਸਖ਼ਤ ਕਾਰਵਾਈ ਤੋਂ ਬਚਣ ‘ਤੇ ਸਹਿਮਤੀ ਬਣੀ।
ਸੂਤਰਾਂ ਅਨੁਸਾਰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਅਨੁਸ਼ਾਸਨੀ ਕਮੇਟੀ ਦੀਆਂ ਬਾਕੀ ਸਾਰੀਆਂ ਸਿਫ਼ਾਰਸ਼ਾਂ ਨੂੰ ਮਨਜ਼ੂਰੀ ਦੇ ਦਿੱਤੀ ਪਰ ਜਾਖੜ ਦੇ ਮੁੱਦੇ ‘ਤੇ ਮੀਟਿੰਗ ‘ਚ ਚਰਚਾ ਕੀਤੀ ਗਈ ਤੇ ਉਨ੍ਹਾਂ ਨੂੰ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਹਟਾਉਣ ਦਾ ਫੈਸਲਾ ਲਿਆ ਗਿਆ। ਉਧਰ 50 ਸਾਲ ਦੇ ਸਿਆਸੀ ਸਫਰ ਤੈਅ ਕਰਨ ਵਾਲੇ ਸੁਨੀਲ ਜਾਖੜ ਨੇ ਮੰਗਲਵਾਰ ਨੂੰ ਕਾਂਗਰਸ ਨੂੰ ‘ਗੁੱਡ ਲੱਕ’ ਕਿਹਾ ਸੀ।
ਉਨ੍ਹਾਂ ਇਹ ਪ੍ਰਤੀਕਿਰਿਆ ਉਦੋਂ ਦਿੱਤੀ ਜਦੋਂ ਅਨੁਸ਼ਾਸਨੀ ਕਮੇਟੀ ਨੇ ਉਨ੍ਹਾਂ ਨੂੰ ਦੋ ਸਾਲ ਲਈ ਮੁਅੱਤਲ ਕਰਨ ਦੀ ਸਿਫ਼ਾਰਸ਼ ਕੀਤੀ ਸੀ। ਉਧਰ ਕਮੇਟੀ ਦੀ ਮੀਟਿੰਗ ਤੋਂ ਪਹਿਲਾਂ ਜਾਖੜ ਨੇ ਇਕ ਟਵੀਟ ਕਰਦਿਆਂ ਲਿਖਿਆ, ‘ਆਜ ਸਿਰ ਕਲਮ ਹੋਂਗੇ ਉਨਕੇ, ਜਿਨ ਮੇਂ ਅਭੀ ਜ਼ਮੀਰ ਬਾਕੀ ਹੈ।’ ਜ਼ਿਕਰਯੋਗ ਹੈ ਕਾਂਗਰਸ ਹਾਈਕਮਾਨ ਨੇ ਜਾਖੜ ਨੂੰ ਸਾਰੇ ਅਹੁਦਿਆਂ ਤੋਂ ਹਟਾ ਕੇ ਮਹਿਜ਼ ਖਾਨਾਪੂਰਤੀ ਕੀਤੀ ਹੈ ਕਿਉਂਕਿ ਸੁਨੀਲ ਜਾਖੜ ਕੋਲ ਇਸ ਵੇਲੇ ਪਾਰਟੀ ਦਾ ਕੋਈ ਵੀ ਅਹੁਦਾ ਨਹੀਂ ਹੈ। ਅਨੁਸ਼ਾਸਨੀ ਕਮੇਟੀ ਨੇ ਮੀਟਿੰਗ ਵਿਚ ਫੈਸਲਾ ਲੈਣ ਮਗਰੋਂ ਜਾਖੜ ਦੀ ਮੁਅੱਤਲੀ ਸਬੰਧੀ ਆਖਰੀ ਫੈਸਲਾ ਹਾਈਕਮਾਨ ‘ਤੇ ਛੱਡ ਦਿੱਤਾ ਸੀ।
ਹਾਈਕਮਾਨ ਦੀ ਜਾਖੜ ਖਿਲਾਫ਼ ਮੱਠੀ ਕਾਰਵਾਈ ਤੋਂ ਸਾਫ ਹੈ ਕਿ ਹਾਈਕਮਾਨ ਅੰਦਰਖਾਤੇ ਸੁਨੀਲ ਜਾਖੜ ਨੂੰ ਕਿਸੇ ਵੀ ਸੂਰਤ ਵਿੱਚ ਗੁਆਉਣਾ ਨਹੀਂ ਚਾਹੁੰਦੀ। ਜਾਖੜ ਪਰਿਵਾਰ ਦੀ ਕਾਂਗਰਸ ਨੂੰ ਵੱਡੀ ਦੇਣ ਹੈ ਅਤੇ ਸੁਨੀਲ ਜਾਖੜ ਪੰਜਾਬ ਵਿਚ ਚੰਗਾ ਅਕਸ ਰੱਖਦੇ ਹਨ।
ਉਧਰ ਸੁਨੀਲ ਜਾਖੜ ਦੇ ਭਤੀਜੇ ਤੇ ਵਿਧਾਇਕ ਸੰਦੀਪ ਜਾਖੜ ਨੇ ਕਿਹਾ ਕਿ ਪਾਰਟੀ ਵਿਚ ਅਨੁਸ਼ਾਸਨ ਹੋਣਾ ਚਾਹੀਦਾ ਹੈ, ਪਰ ਇਹ ਸਾਰਿਆਂ ਲਈ ਬਰਾਬਰ ਹੋਵੇ। ਉਨ੍ਹਾਂ ਕਿਹਾ ਕਿ ਜਾਖੜ ਇੱਕ ਧਰਮ ਵਿਸ਼ੇਸ਼ ਨਾਲ ਸਬੰਧ ਰੱਖਦੇ ਹਨ ਜਿਸ ਕਰਕੇ ਉਨ੍ਹਾਂ ਨੂੰ ਨੋਟਿਸ ਭੇਜਿਆ ਗਿਆ।
ਮੈਨੂੰ ਨੋਟਿਸ ਦੇਣਾ ਹੀ ਵੱਡੀ ਸਜ਼ਾ ਸੀ : ਜਾਖੜ
ਚੰਡੀਗੜ੍ਹ : ਕਾਂਗਰਸ ਹਾਈਕਮਾਨ ਵਲੋਂ ਕੀਤੀ ਕਾਰਵਾਈ ਸਬੰਧੀ ਸੁਨੀਲ ਜਾਖੜ ਨੇ ਕਿਹਾ ਹੈ ਕਿ ‘ਮੈਂ ਕਾਂਗਰਸ ਲਈ ਚੰਗੀ ਕਿਸਮਤ ਦੀ ਕਾਮਨਾ’ ਕਰਦਾ ਹਾਂ। ਉਨ੍ਹਾਂ ਕਿਹਾ ਕਿ ਮੇਰੇ ਵਰਗੇ ਇਨਸਾਨ ਨੂੰ ਤਾਂ ਸਜ਼ਾ ਉਸੇ ਦਿਨ ਹੀ ਮਿਲ ਗਈ ਸੀ, ਜਿਸ ਦਿਨ ਮੈਨੂੰ ਜ਼ਾਬਤਾ ਕਮੇਟੀ ਨੇ ਨੋਟਿਸ ਦਿੱਤਾ ਸੀ। ਉਨ੍ਹਾਂ ਕਿਹਾ ਕਿ ਜਿਸ ਇਨਸਾਨ ਨੇ 50 ਸਾਲ ਤੋਂ ਵੱਧ ਸਮਾਂ ਪਾਰਟੀ ਲਈ ਲਗਾਇਆ ਹੋਵੇ ਉਸ ਨੂੰ ਬਿਨਾਂ ਕਿਸੇ ਗੱਲਬਾਤ ਇਸ ਢੰਗ ਨਾਲ ਨੋਟਿਸ ਦੇਣਾ ਹੀ ਬਹੁਤ ਵੱਡੀ ਤੌਹੀਨ ਸੀ।
ਸਾਰਿਆਂ ਨੂੰ ਇਕੱਠੇ ਕਰਨ ਦੀ ਲੋੜ: ਵੇਰਕਾ
ਸਾਬਕਾ ਮੰਤਰੀ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਪਾਰਟੀ ਬਹੁਤ ਕਮਜ਼ੋਰ ਹੋ ਚੁੱਕੀ ਹੈ ਜਿਸ ਕਰਕੇ ਸਾਰਿਆਂ ਨੂੰ ਇਕੱਠੇ ਕਰਨ ਦੀ ਲੋੜ ਹੈ। ਜੇਕਰ ਕੋਈ ਗਲਤੀ ਕਰਦਾ ਹੈ ਤਾਂ ਸੁਧਾਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਾਖੜ ਤੋਂ ਇਲਾਵਾ ਹੋਰਨਾਂ ਲੋਕਾਂ ਨੇ ਵੀ ਸਵਾਲ ਖੜ੍ਹੇ ਕੀਤੇ ਸਨ, ਪਰ ‘ਬਲੀ ਦਾ ਬੱਕਰਾ’ ਸੁਨੀਲ ਜਾਖੜ ਨੂੰ ਬਣਾਉਣਾ ਗਲਤ ਹੈ। ਸੁਨੀਲ ਜਾਖੜ ਦਲਿਤਾਂ ਲਈ ਲੜਦੇ ਰਹੇ ਹਨ।