
ਯਸ਼ਵੰਤ ਵਰਮਾ ਦੇ ਘਰੋਂ ਮਿਲੀ ਸੀ ਭਾਰੀ ਮਾਤਰਾ ’ਚ ਨਕਦੀ
ਨਵੀਂ ਦਿੱਲੀ/ਬਿਊਰੋ ਨਿਊਜ਼
ਅਲਾਹਾਬਾਦ ਹਾਈਕੋਰਟ ਬਾਰ ਐਸੋਸੀਏਸ਼ਨ ਨੇ ਅੱਜ ਮੰਗਲਵਾਰ ਨੂੰ ਦਿੱਲੀ ਹਾਈਕੋਰਟ ਦੇ ਜਸਟਿਸ ਯਸ਼ਵੰਤ ਵਰਮਾ ਦੇ ਪ੍ਰਸਤਾਵਿਤ ਤਬਾਦਲੇ ਦੇ ਵਿਰੋਧ ਵਿੱਚ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕਰ ਦਿੱਤੀ ਹੈ। ਹਾਈਕੋਰਟ ਦੇ ਸਾਹਮਣੇ ਇਕੱਠੇ ਹੋਏ ਪ੍ਰਦਰਸ਼ਨਕਾਰੀ ਵਕੀਲਾਂ ਦੀ ਅਗਵਾਈ ਕਰਦੇ ਹੋਏ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਅਨਿਲ ਤਿਵਾੜੀ ਨੇ ਮੀਡੀਆ ਨੂੰ ਕਿਹਾ ਕਿ ਇਹ ਵਿਰੋਧ ਕਿਸੇ ਅਦਾਲਤ ਜਾਂ ਜੱਜ ਦੇ ਵਿਰੁੱਧ ਨਹੀਂ ਹੈ, ਸਗੋਂ ਉਨ੍ਹਾਂ ਲੋਕਾਂ ਦੇ ਵਿਰੁੱਧ ਹੈ ਜਿਨ੍ਹਾਂ ਨੇ ਨਿਆਂਇਕ ਪ੍ਰਣਾਲੀ ਨਾਲ ਵਿਸ਼ਵਾਸਘਾਤ ਕੀਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਸਾਡੀ ਲੜਾਈ ਭਿ੍ਰਸ਼ਟਾਚਾਰ ਵਿਚ ਸ਼ਾਮਲ ਲੋਕਾਂ ਅਤੇ ਇਕ ਅਜਿਹੀ ਪ੍ਰਣਾਲੀ ਦੇ ਵਿਰੁੱਧ ਹੈ ਜਿਸ ਵਿੱਚ ਪਾਰਦਰਸ਼ਤਾ ਦੀ ਘਾਟ ਹੈ। ਫਿਲਹਾਲ, ਸਾਡੀ ਮੰਗ ਮੁੜ ਵਿਚਾਰ ਅਤੇ ਤਬਾਦਲੇ ਦੇ ਆਦੇਸ਼ ਨੂੰ ਵਾਪਸ ਲੈਣ ਦੀ ਹੈ। ਸੁਪਰੀਮ ਕੋਰਟ ਦੇ ਕੌਲਿਜੀਅਮ ਨੇ ਲੰਘੇ ਕੱਲ੍ਹ ਸੋਮਵਾਰ ਨੂੰ ਜਸਟਿਸ ਵਰਮਾ ਨੂੰ ਇਲਾਹਾਬਾਦ ਹਾਈਕੋਰਟ ਵਿਚ ਤਬਦੀਲ ਕਰਨ ਦੀ ਸਿਫ਼ਾਰਸ਼ ਕਰਨ ਦੇ ਆਪਣੇ ਫੈਸਲੇ ਦੀ ਪੁਸ਼ਟੀ ਕੀਤੀ ਸੀ। ਧਿਆਨ ਰਹੇ ਕਿ ਯਸ਼ਵੰਤ ਵਰਮਾ ਦੇ ਘਰੋਂ ਵੱਡੀ ਮਾਤਰਾ ’ਚ ਨਕਦੀ ਅਤੇ ਭਾਰਤੀ ਕਰੰਸੀ ਦੇ ਚਾਰ ਤੋਂ ਪੰਜ ਅੱਧ ਸੜੇ ਹੋਏ ਬੰਡਲ ਮਿਲੇ ਸਨ।