ਸੁਪਰੀਮ ਕੋਰਟ ‘ਚ ਪਹਿਲੀ ਵਾਰ ਬਗਾਵਤ
ਨਵੀਂ ਦਿੱਲੀ/ਬਿਊਰੋ ਨਿਊਜ਼
ਦੇਸ਼ ਦੀ ਨਿਆਂ ਪ੍ਰਣਾਲੀ ਵਿੱਚ ਉਦੋਂ ਵੱਡਾ ਬਿਖੇੜਾ ਪੈਦਾ ਹੋ ਗਿਆ ਜਦੋਂ ਸੁਪਰੀਮ ਕੋਰਟ ਦੇ ਚਾਰ ਸੀਨੀਅਰ ਜੱਜਾਂ ਨੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਦੀ ਕਾਰਜਸ਼ੈਲੀ ਵਿਰੁੱਧ ਵਿਦਰੋਹ ਕਰਦਿਆਂ ਮੀਡੀਆ ਕਾਨਫਰੰਸ ਬੁਲਾ ਕੇ ਗੰਭੀਰ ਦੋਸ਼ ਲਾਏ ਤੇ ਕਿਹਾ ਕਿ ‘ਜਮਹੂਰੀਅਤ ਦਾਅ ਉੱਤੇ ਲੱਗੀ’ ਹੈ। ਇਨ੍ਹਾਂ ਜੱਜਾਂ ਨੇ ਚੀਫ ਜਸਟਿਸ ਉੱਤੇ ਕੇਸਾਂ ਦੀ ਵੰਡ ਅਤੇ ਕੁੱਝ ਅਦਾਲਤੀ ਹੁਕਮਾਂ ਨੂੰ ਲੈ ਕੇ ਗੰਭੀਰ ਦੋਸ਼ ਲਾਏ। ਇਸ ਘਟਨਾ ਦੇ ਨਾਲ ਦੇਸ਼ ਦੀ ਨਿਆਂ ਪ੍ਰਣਾਲੀ ਦੀਆਂ ਚੂਲਾਂ ਹਿਲ ਗਈਆਂ ਹਨ। ਸੁਪਰੀਮ ਕੋਰਟ ਦੇ ਚੀਫ ਜਸਟਿਸ ਦੀਪਕ ਮਿਸ਼ਰਾ ਤੋਂ ਬਾਅਦ ਸੀਨੀਅਰ ਜਸਟਿਸ ਜੇ ਚੇਲਾਮੇਸਵਰ ਸਮੇਤ ਚਾਰ ਸੀਨੀਅਰ ਜੱਜਾਂ ਜਿਨ੍ਹਾਂ ਵਿੱਚ ਜਸਟਿਸ ਰੰਜਨ ਗੋਗੋਈ, ਐਮ ਬੀ ਲੋਕੁਰ ਅਤੇ ਕੁਰੀਅਨ ਜੋਸਫ ਸ਼ਾਮਲ ਹਨ, ਵੱਲੋਂ ਕੀਤੀ ਅਣਕਿਆਸੀ ਮੀਡੀਆ ਕਾਨਫਰੰਸ ਵਿੱਚ ਦੇਸ਼ ਦੇ ਸਿਖ਼ਰਲੇ ਜੱਜ ਅਤੇ ਬਾਕੀ ਦੇ ਸੀਨੀਅਰ ਜੱਜਾਂ ਵਿੱਚ ਮੱਤਭੇਦ ਉਭਰ ਕੇ ਸਾਹਮਣੇ ਆ ਗਏ ਹਨ, ਜੋ ਪਿਛਲੇ ਮਹੀਨਿਆਂ ਦੌਰਾਨ ਅੰਦਰੋ-ਅੰਦਰ ਸੁਲਘ ਰਹੇ ਸਨ।
ਜਸਟਿਸ ਚੇਲਾਮੇਸਵਰ ਦੀ ਰਿਹਾਇਸ਼ ਉੱਤੇ ਬੁਲਾਈ ਸਾਂਝੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਜਸਟਿਸ ਚੇਲਾਮੇਸਵਰ ਨੇ ਕਿਹਾ ਕਿ ਭਾਰਤੀ ਨਿਆਂ ਪ੍ਰਣਾਲੀ ਦੇ ਇਤਿਹਾਸ ਵਿੱਚ ਇਹ ਆਸਧਾਰਨ ਘਟਨਾ ਹੈ। ਕਈ ਮੌਕਿਆਂ ਉੱਤੇ ਸੁਪਰੀਮ ਕੋਰਟ ਦਾ ਪ੍ਰਸ਼ਾਸਨ ਤਰਕਸੰਗਤ ਨਹੀ ਰਹਿੰਦਾ ਤੇ ਪਿਛਲੇ ਮਹੀਨਿਆਂ ਵਿੱਚ ਅਜਿਹੀਆਂ ਘਟਨਾਵਾਂ ਵਾਪਰੀਆਂ ਹਨ, ਜਿਨ੍ਹਾਂ ਦੀ ਆਸ ਨਹੀ ਕੀਤੀ ਜਾਂਦੀ।
ਮੀਡੀਆ ਕਾਨਫਰੰਸ ਵਿੱਚ ਚੀਫ ਜਸਟਿਸ ਨੂੰ ਭੇਜੇ ਸੱਤ ਸਫਿਆਂ ਦੇ ਪੱਤਰ ਨੂੰ ਜਾਰੀ ਕਰਦਿਆਂ ਇਨ੍ਹਾਂ ਜੱਜਾਂ ਨੇ ਦੋਸ਼ ਲਾਇਆ ਉਨ੍ਹਾਂ ਦੀ ਕਾਰਜਸ਼ੈਲੀ ਨਾਲ ਦੇਸ਼ ਦਾ ਨਿਆਂ ਪ੍ਰਬੰਧ ਪ੍ਰਭਾਵਿਤ ਹੋ ਰਿਹਾ ਹੈ ਤੇ ਹਾਈਕੋਰਟਾਂ ਦੀ ਅਜ਼ਾਦੀ ਉੱਤੇ ਵੀ ਅਸਰ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਚੀਫ ਜਸਟਿਸ ਮਿਸ਼ਰਾ ਦੇ ਧਿਆਨ ਵਿੱਚ ਕੁੱਝ ਮਾਮਲੇ ਲਿਆਂਦੇ ਸਨ, ਜਿਨ੍ਹਾਂ ਕਰਕੇ ਸੁਪਰੀਮ ਕੋਰਟ ਦੀ ਕਾਰਜ ਪ੍ਰਣਾਲੀ ਪ੍ਰਭਾਵਿਤ ਹੋ ਰਹੀ ਸੀ ਤੇ ਚੀਫ ਜਸਟਿਸ ਨੇ ਇਸ ਸਬੰਧੀ ਕੋਈ ਢੁਕਵੇਂ ਕਦਮ ਨਹੀ ਚੁੱਕੇ। ਮੀਡੀਆ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਜਸਟਿਸ ਚੇਲਾਮੇਸਵਰ ਨੇ ਕਿਹਾ ਕਿ ਜਦੋਂ ਤੱਕ ਸੁਪਰੀਮ ਕੋਰਟ ਨੂੰ ਨਹੀ ਬਚਾਇਆ ਜਾਂਦਾ ਜਮਹੂਰੀਅਤ ਦਾ ਵਿਕਾਸ ਨਹੀ ਹੋ ਸਕਦਾ। ਉਹ ਸੁਪਰੀਮ ਕੋਰਟ ਅਤੇ ਦੇਸ਼ ਦੇ ਦੇਣਦਾਰ ਹਨ ਤੇ ਇਸ ਤਰ੍ਹਾਂ ਅਚਾਨਕ ਪ੍ਰੈਸ ਕਾਨਫਰੰਸ ਬੁਲਾਉਣਾ ਬੇਹੱਦ ਦੁਖਦਾਈ ਕਦਮ ਹੈ। ਉਨ੍ਹਾਂ ਕਿਹਾ ਕਿ ਚਾਰੇ ਸੀਨੀਅਰ ਜਸਟਿਸ, ਚੀਫ ਜਸਟਿਸ ਨੂੰ ਮੁੱਦੇ ਸਮਝਾਉਣ ਵਿੱਚ ਅਸਫਲ ਰਹੇ ਹਨ ਕਿ ਕੁੱਝ ਗੱਲਾਂ ਸੁਪਰੀਮ ਕੋਰਟ ਵਿੱਚ ਠੀਕ ਨਹੀ ਹੋ ਰਹੀਆਂ, ਇਸ ਕਰਕੇ ਇਹ ਸਿਖ਼ਰਲਾ ਕਦਮ ਚੁੱਕਣਾ ਪਿਆ ਹੈ। ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਵਿੱਚ ਵਿਸ਼ੇਸ਼ ਸੀਬੀਆਈ ਜੱਜ ਬੀ ਐਚ ਲੋਯਾ ਦੀ ਭੇਤਭਰੀ ਹਾਲਤ ਵਿੱਚ ਹੋਈ ਮੌਤ ਦੇ ਮਾਮਲੇ, ਦੀ ਸੁਣਵਾਈ ਦਾ ਮਾਮਲਾ ਵੀ ਉਨ੍ਹਾਂ ਕੇਸਾਂ ਵਿੱਚ ਸ਼ਾਮਲ ਹੈ, ਜਿਨ੍ਹਾਂ ਦੀ ਵੰਡ ਦਾ ਮਾਮਲਾ ਚੀਫ ਜਸਟਿਸ ਅੱਗੇ ਉਠਾਇਆ ਗਿਆ ਸੀ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਤੁਸੀਂ ਚਾਹੁੰਦੇ ਹੋ ਕਿ ਚੀਫ ਜਸਟਿਸ ਵਿਰੁੱਧ ਮਹਾਦੋਸ਼ ਲਾਇਆ ਜਾਣਾ ਚਾਹੀਦਾ ਹੈ ਤਾਂ ਉਨ੍ਹਾਂ ਕਿਹਾ ਕਿ ਇਸ ਦਾ ਫੈਸਲਾ ਦੇਸ਼ ਕਰੇਗਾ।
ਵਿਵਾਦ ਸੁਲਝਿਆ, ਜੱਜਾਂ ਨੇ ਕੰਮਕਾਜ ਸੰਭਾਲਿਆ
ਨਵੀਂ ਦਿੱਲੀ : ਅਟਾਰਨੀ ਜਨਰਲ ਵੇਣੂਗੋਪਾਲ ਨੇ ਕਿਹਾ ਹੈ ਕਿ ਜੱਜਾਂ ਵਿਚ ਜਿਹੜਾ ਵਿਵਾਦ ਚੱਲ ਰਿਹਾ ਸੀ ਹੁਣ ਖਤਮ ਹੋ ਚੁੱਕਾ ਹੈ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਜਿਹੜਾ ਵੀ ਮਾਮਲਾ ਸੀ ਉਹ ਸੁਲਝਾ ਦਿੱਤਾ ਗਿਆ ਹੈ ਅਤੇ ਹੁਣ ਸਭ ਕੁਝ ਠੀਕ ਹੈ। ਦੂਜੇ ਪਾਸੇ ਚੀਫ ਜਸਟਿਸ ਦੀਪਕ ਮਿਸ਼ਰਾ ‘ਤੇ ਗੰਭੀਰ ਦੋਸ਼ ਲਗਾਉਣ ਵਾਲੇ ਚਾਰੋਂ ਜੱਜਾਂ ਨੇ ਵੀ ਸੁਪਰੀਮ ਕੋਰਟ ਵਿਚ ਆਪਣਾ ਕੰਮਕਾਜ ਸੰਭਾਲ ਲਿਆ ਹੈ। ਇਸ ਤੋਂ ਪਹਿਲਾਂ ਬਾਰ ਕੌਂਸਲ ਆਫ ਇੰਡੀਆ ਦੇ ਪ੍ਰਧਾਨ ਮਾਨਨ ਮਿਸ਼ਰਾ ਲੰਘੇ ਕੱਲ੍ਹ ਜਸਟਿਸ ਚੇਲਾਮੇਸ਼ਵਰ ਨੂੰ ਮਿਲਣ ਪਹੁੰਚੇ ਸਨ ਅਤੇ ਵਿਵਾਦ ਦਾ ਹੱਲ ਲੱਭਣ ਲਈ ਕਿਹਾ। ਚੇਤੇ ਰਹੇ ਕਿ ਪਿਛਲੇ ਦਿਨੀਂ ਸੁਪਰੀਮ ਕੋਰਟ ਦੇ ਚਾਰ ਜੱਜ ਜਸਟਿਸ ਚੇਲਾਮੇਸ਼ਵਰ, ਜਸਟਿਸ ਰੰਜਨ ਗੋਗੋਈ, ਜਸਟਿਸ ਮਦਨ ਲੋਕੁਰ ਅਤੇ ਜਸਟਿਸ ਕੁਰਿਅਨ ਜੋਸੇਫ ਨੇ ਸੁਪਰੀਮ ਕੋਰਟ ਦੇ ਜੁਡੀਸ਼ੀਅਲ ਪ੍ਰਸ਼ਾਸਨ ‘ਤੇ ਸਵਾਲ ਖੜ੍ਹੇ ਕੀਤੇ ਸਨ। ਉਨ੍ਹਾਂ ਨੇ ਚੀਫ ਜਸਟਿਸ ਮਿਸ਼ਰਾ ‘ਤੇ ਵੀ ਕਈ ਗੰਭੀਰ ਦੋਸ਼ ਲਗਾਏ ਸਨ। ਭਾਰਤੀ ਇਤਿਹਾਸ ਵਿਚ ਇਸ ਤਰ੍ਹਾਂ ਪਹਿਲੀ ਵਾਰ ਹੋਇਆ ਜਦੋਂ ਸੁਪਰੀਮ ਕੋਰਟ ਦੇ ਜੱਜਾਂ ਨੇ ਅਦਾਲਤ ਦੇ ਕੰਮਕਾਜ ‘ਤੇ ਸਵਾਲ ਖੜ੍ਹੇ ਕੀਤੇ ਸਨ।
Check Also
ਭਾਰਤ ਨੇ ਆਸਟਰੇਲੀਆ ਨੂੰ ਟੈਸਟ ਮੈਚ ’ਚ ਵੱਡੇ ਫਰਕ ਨਾਲ ਹਰਾਇਆ
ਜਸਪ੍ਰੀਤ ਬੁਮਰਾਹ ਨੂੰ ਮਿਲਿਆ ਮੈਨ ਆਫ ਦਾ ਮੈਚ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਕ੍ਰਿਕਟ ਟੀਮ ਨੇ …