ਕਪੂਰਥਲਾ ਨੇੜੇ ਕੌਮੀ ਮਾਰਗ ਦੀ ਉਸਾਰੀ ਦੌਰਾਨ ਬੋਰਵੈਲ ’ਚ ਢਿੱਗਾਂ ਡਿੱਗਣ ਕਾਰਨ ਵਾਪਰਿਆ ਹਾਦਸਾ
ਕਰਤਾਰਪੁਰ/ਬਿਊਰੋ ਨਿਊਜ਼ : ਦਿੱਲੀ-ਕੱਟੜਾ ਐਕਸਪ੍ਰੈੱਸਵੇਅ ਦੀ ਉਸਾਰੀ ਦੌਰਾਨ ਕਰਤਾਰਪੁਰ-ਕਪੂਰਥਲਾ ਸੜਕ ਉੱਪਰ ਪਿੰਡ ਬਸਰਾਮਪੁਰ ਨੇੜੇ ਪੁਲ ਬਣਾਉਣ ਲਈ ਖੂਹੀਆਂ ਬਣਾਉਣ ਦੇ ਕੰਮ ਦੌਰਾਨ ਢਿੱਗਾਂ ਡਿੱਗਣ ਕਰਕੇ ਇੰਜਨੀਅਰ ਮਿੱਟੀ ਹੇਠ ਦੱਬ ਗਿਆ। ਜਾਣਕਾਰੀ ਅਨੁਸਾਰ ਉਸਾਰੀ ਕਰ ਰਹੀ ਕੰਪਨੀ ਦੀ ਬੋਰ ਕਰਨ ਵਾਲੀ ਮਸ਼ੀਨ ਫਸ ਗਈ ਸੀ, ਜਿਸ ਨੂੰ ਕੱਢਣ ਲਈ ਕੰਪਨੀ ਵੱਲੋਂ 2 ਤਕਨੀਕੀ ਮਾਹਿਰ ਪਵਨ ਤੇ ਸੁਰੇਸ਼ ਨੂੰ ਦਿੱਲੀ ਤੋਂ ਬੁਲਾਇਆ ਗਿਆ ਸੀ। ਇਹ ਦੋਵੇਂ ਤਕਨੀਕੀ ਕਰਮਚਾਰੀ ਬਚਾਅ ਸਬੰਧੀ ਪੂਰੇ ਯੰਤਰਾਂ ਨਾਲ ਲੈਸ ਹੋ ਕੇ ਬੋਰ ਵਿਚ ਹੇਠਾਂ ਗਏ ਸਨ। ਬੋਰ ਦੀ ਸਫਾਈ ਦੌਰਾਨ ਅਚਾਨਕ ਵਾਪਰੇ ਹਾਦਸੇ ਵਿੱਚ ਇੱਕ ਕਰਮਚਾਰੀ ਸੁਰੇਸ਼ ਲਗਪਗ 20 ਮੀਟਰ ਹੇਠਾਂ ਫਸ ਗਿਆ। ਕੌਮੀ ਹਾਈਵੇ ਅਥਾਰਟੀ ਵੱਲੋਂ ਦੇਰ ਰਾਤ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੂਚਨਾ ਮਿਲਣ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਐਨਡੀਆਰਐਫ ਦੀ ਟੀਮ ਨੂੰ ਰਾਹਤ ਕਾਰਜਾਂ ਲਈ ਤਾਇਨਾਤ ਕੀਤਾ ਗਿਆ। ਇਸ ਤੋਂ ਇਲਾਵਾ ਮਿੱਟੀ ਨੂੰ ਹਟਾਉਣ ਲਈ ਭਾਰੀ ਮਸ਼ੀਨਰੀ ਦੀ ਵੀ ਵਰਤੋਂ ਕੀਤੀ ਜਾ ਰਹੀ ਹੈ ਅਤੇ ਮੌਕੇ ’ਤੇ ਸਿਹਤ ਵਿਭਾਗ ਵੱਲੋਂ ਐਂਬੂਲੈਂਸ ਤੇ ਮੈਡੀਕਲ ਟੀਮ ਵੀ ਤਾਇਨਾਤ ਕੀਤੀ ਗਈ ਹੈ। ਸਮੁੱਚੇ ਬਚਾਅ ਕਾਰਜਾਂ ਦੀ ਨਿਗਰਾਨੀ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਜਲੰਧਰ ਜਸਬੀਰ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਸਿਵਲ, ਪੁਲੀਸ ਤੇ ਸਿਹਤ ਵਿਭਾਗ ਦੀਆਂ ਟੀਮਾਂ ਵੀ ਮੌਕੇ ’ਤੇ ਮੌਜੂਦ ਹਨ।