Breaking News
Home / ਪੰਜਾਬ / ਲਤੀਫਪੁਰਾ ਵਿੱਚ ਘਰ ਢਾਹ ਕੇ ਪੰਜਾਬ ਸਰਕਾਰ ਨੇ ਧੱਕਾ ਕੀਤਾ : ਸੋਮ ਪ੍ਰਕਾਸ਼

ਲਤੀਫਪੁਰਾ ਵਿੱਚ ਘਰ ਢਾਹ ਕੇ ਪੰਜਾਬ ਸਰਕਾਰ ਨੇ ਧੱਕਾ ਕੀਤਾ : ਸੋਮ ਪ੍ਰਕਾਸ਼

ਭਾਜਪਾ ਆਗੂਆਂ ਨੇ ਪੀੜਤਾਂ ਨਾਲ ਹਮਦਰਦੀ ਪ੍ਰਗਟਾਈ
ਜਲੰਧਰ/ਬਿਊਰੋ ਨਿਊਜ਼ : ਲਤੀਫਪੁਰਾ ਵਿੱਚ ਘਰ ਢਾਹ ਕੇ ਉਜਾੜੇ ਗਏ ਪਰਿਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਜੋ ਕੀਤਾ ਬਹੁਤ ਗ਼ਲਤ ਕੀਤਾ ਹੈ। ਲੋਕਾਂ ਨਾਲ ਬਹੁਤ ਧੱਕਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਇਸ ਘਟਨਾ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਨ। ਪੀੜਤ ਪਰਿਵਾਰਾਂ ਨੂੰ ਮਿਲਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਦੌਰਾਨ ਕੇਂਦਰੀ ਮੰਤਰੀ ਨੇ ਕਿਹਾ ਕਿ ਉਹ ਪੀੜਤ ਲੋਕਾਂ ਦਾ ਹਾਲ ਜਾਣਨ ਤੇ ਲੋਕਾਂ ਦੇ ਢਾਹੇ ਗਏ ਘਰ ਦੇਖਣ ਆਏ ਹਨ।
ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਲੋਕਾਂ ਦੇ ਘਰ ਢਾਹ ਕੇ ਉਨ੍ਹਾਂ ਦਾ ਨੁਕਸਾਨ ਕੀਤਾ ਹੈ। ਸਰਕਾਰ ਨੂੰ ਕਾਰਵਾਈ ਕਰਨ ਤੋਂ ਪਹਿਲਾਂ ਇਸ ਇਲਾਕੇ ਦੀ ਨਿਸ਼ਾਨਦੇਹੀ ਕਰਵਾ ਲੈਣੀ ਚਾਹੀਦੀ ਸੀ। ਜੇ ਕੋਈ ਇੱਥੋਂ ਜਾਣਾ ਚਾਹੁੰਦਾ ਸੀ ਤਾਂ ਸਰਕਾਰ ਉਸ ਦਾ ਪ੍ਰਬੰਧ ਕਰ ਕੇ ਦਿੰਦੀ। ਕੇਂਦਰੀ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਉਜਾੜੇ ਹੋਏ ਲੋਕਾਂ ਨੂੰ ਮੁੜ ਇੱਥੇ ਵਸਾਏ। ਇਕ ਸਵਾਲ ਦੇ ਜਵਾਬ ‘ਚ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਇਸ ਮਾਮਲੇ ਨੂੰ ਸੰਜੀਦਗੀ ਨਾਲ ਪੰਜਾਬ ਸਰਕਾਰ ਕੋਲ ਉਠਾਏਗੀ ਤੇ ਸਵਾਲ ਕਰੇਗੀ ਕਿ ਲੋਕਾਂ ਨਾਲ ਇਸ ਤਰ੍ਹਾਂ ਦਾ ਧੱਕਾ ਕਿਉਂ ਹੋਇਆ? ਇਸ ਮੌਕੇ ਉਨ੍ਹਾਂ ਨਾਲ ਭਾਜਪਾ ਦੇ ਸਾਬਕਾ ਸੂਬਾਈ ਪ੍ਰਧਾਨ ਮਨੋਰੰਜਨ ਕਾਲੀਆ, ਕੇ.ਡੀ. ਭੰਡਾਰੀ, ਸਾਬਕਾ ਮੇਅਰ ਰਾਕੇਸ਼ ਰਾਠੌਰ ਸਣੇ ਹੋਰ ਆਗੂ ਹਾਜ਼ਰ ਸਨ। ਇਸ ਤੋਂ ਪਹਿਲਾਂ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਪੀੜਤ ਪਰਿਵਾਰਾਂ ਨਾਲ ਗੱਲਬਾਤ ਕੀਤੀ।
ਪਰਬਤੋਂ ਭਾਰੀਆਂ ਹੋਈਆਂ ਪੋਹ ਦੀਆਂ ਰਾਤਾਂ
ਜਲੰਧਰ : ਪਾਕਿਸਤਾਨ ਦੇ ਸਿਆਲਕੋਟ ਇਲਾਕੇ ਦੇ ਪਿੰਡ ਨਾਰੋਵਾਲ ਤੋਂ ਉਜੜ ਕੇ ਆਇਆ ਕਸ਼ਮੀਰ ਸਿੰਘ ਦਾ ਪਰਿਵਾਰ 1949-50 ਵਿੱਚ ਲਤੀਫਪੁਰਾ ਵਿੱਚ ਆ ਕੇ ਵੱਸ ਗਿਆ ਸੀ। ਉਸ ਦਾ ਆਪਣਾ ਜਨਮ ਵੀ 1952 ਵਿੱਚ ਲਤੀਫਪੁਰਾ ਵਿਚਲੇ ਘਰ ਵਿੱਚ ਹੀ ਹੋਇਆ ਸੀ। ਉਮਰ ਦੇ 70 ਬਸੰਤ ਦੇਖ ਚੁੱਕੇ ਕਸ਼ਮੀਰ ਸਿੰਘ ਨੇ ਦੱਸਿਆ ਕਿ ਉਸ ਦੀ ਮਾਂ ਨੇ ਦੱਸਿਆ ਸੀ ਕਿ ਉਸ ਦੇ ਦਾਦਾ ਚੰਨਣ ਸਿੰਘ ਤੇ ਪਿਤਾ ਅਜਾਇਬ ਸਿੰਘ ਨੇ ਲਤੀਫਪੁਰਾ ਦੇ ਆਲੇ-ਦੁਆਲੇ ਖੁੱਲ੍ਹੀਆਂ-ਡੁੱਲ੍ਹੀਆਂ ਚਰਾਂਦਾਂ ਵਿੱਚ ਪਸ਼ੂ ਚਰਾ ਕੇ ਆਪਣੇ ਘਰ ਦਾ ਚੁੱਲ੍ਹਾ ਮੱਘਦਾ ਰੱਖਿਆ ਸੀ। ਕਮਸ਼ੀਰ ਸਿੰਘ ਦੱਸਦਾ ਹੈ ਕਿ ਉਸ ਦਾ ਬਚਪਨ ਲਤੀਫਪੁਰਾ ਦੇ ਖੁੱਲ੍ਹੇ ਚੌਗਿਰਦੇ ਵਿੱਚ ਬੀਤਿਆ ਸੀ ਤੇ ਇੱਥੇ ਹੀ ਜਵਾਨੀ ਪਰਵਾਨ ਚੜ੍ਹੀ ਸੀ। ਪਿਤਾ ਦੇ ਛੇ ਭਰਾਵਾਂ ਨੇ ਹੱਡਭੰਨ੍ਹਵੀਂ ਮਿਹਨਤ ਕਰ ਕੇ ਆਪਣਾ ਪੱਕਾ ਘਰ ਬਣਾਇਆ ਸੀ। ਹੁਣ ਉਨ੍ਹਾਂ ਕੋਲ 19 ਮਰਲਿਆਂ ਵਿੱਚ 8-10 ਕਮਰਿਆਂ ਵਾਲਾ ਘਰ ਸੀ। ਮਲਬੇ ਵਿੱਚ ਤਬਦੀਲ ਹੋਏ ਘਰ ਦੀਆਂ ਇੱਟਾਂ ਤੇ ਕੱਚੀ ਘਾਣੀ ਨਾਲ ਕੀਤੀ ਚਿਣਾਈ ਨੂੰ ਯਾਦ ਕਰਦਿਆਂ ਕਸ਼ਮੀਰ ਸਿੰਘ ਨੇ ਦੱਸਿਆ ਕਿ ਜਦੋਂ ਘਰ ਦੀ ਛੱਤ ਪਾਈ ਗਈ ਸੀ ਤਾਂ ਬੜੇ ਚਾਵਾਂ ਨਾਲ ਭੈਣਾਂ ਨੇ ਛੱਤ ਦੇ ਬਾਲਿਆਂ ਨੂੰ ਮੌਲੀ ਬੰਨ੍ਹੀ ਸੀ। ਦੋ ਦੁਕਾਨਾਂ ਵੀ ਬਣਾ ਲਈਆਂ ਸਨ ਤਾਂ ਜੋ ਬੱਚੇ ਵੀ ਰੋਟੀ ਖਾਣ ਜੋਗੇ ਹੋ ਜਾਣ। ਆਪਣੇ ਮਲਬੇ ਵਿੱਚ ਬਦਲੇ ਘਰਾਂ ਦੀਆਂ ਇੱਟਾਂ ਨਾਲ ਵੀ ਉਸ ਨੇ ਅੰਤਾਂ ਦਾ ਮੋਹ ਦਿਖਾਉਂਦਿਆਂ ਕਈ ਵਾਰ ਇੱਟਾਂ ਨੂੰ ਚੁੱਕ ਕੇ ਮੱਥੇ ਨਾਲ ਲਾਇਆ।
ਕਮਸ਼ੀਰ ਸਿੰਘ ਨੂੰ ਇੱਕ-ਇੱਕ ਗੱਲ ਯਾਦ ਹੈ ਕਿ ਕਦੋਂ-ਕਦੋਂ ਉਨ੍ਹਾਂ ਨੇ ਆਪਣੇ ਘਰ ਦੀ ਰਜਿਸਟਰੀ ਕਰਵਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਸਨ। ਉਸ ਨੂੰ ਯਾਦ ਹੈ ਕਿ 1968 ਵਿੱਚ ਘਰ ‘ਚ ਬਿਜਲੀ ਦਾ ਮੀਟਰ ਲੱਗ ਗਿਆ ਸੀ। 2002 ਵਿੱਚ ਇੱਕ ਨੋਟਿਸ ਆਇਆ, ਜਿਸ ਵਿੱਚ ਕਿਹਾ ਗਿਆ ਕਿ 100 ਰੁਪਏ ਕਿਰਾਇਆ ਦੇ ਦਿਓ ਤੇ ਘਰ ਖਾਲੀ ਕਰ ਦਿਓ। ਕਸ਼ਮੀਰ ਸਿੰਘ ਦੱਸਦਾ ਹੈ ਕਿ 2006 ਵਿੱਚ ਐੱਸਡੀਐੱਮ ਦੀ ਅਦਾਲਤ ਵਿੱਚ ਕੇਸ ਲੱਗਿਆ ਸੀ, ਜਿਸ ਨੂੰ ਲਤੀਫਪੁਰਾ ਦੇ ਲੋਕਾਂ ਨੇ ਜਿੱਤ ਲਿਆ ਸੀ। ਫਿਰ ਨਗਰ ਸੁਧਾਰ ਟਰੱਸਟ ਵੀ ਅਦਾਲਤੀ ਲੜਾਈ ਵਿੱਚ ਕੁੱਦ ਪਿਆ। ਕਸ਼ਮੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਸਾਰੇ ਦਸਤਾਵੇਜ਼ ਹਨ। ਕਸ਼ਮੀਰ ਸਿੰਘ ਤੇ ਉਸ ਦੀ ਪਤਨੀ ਘਰ ਦੇ ਮਲਬੇ ਕੋਲ ਹੀ ਪੋਹ ਦੀਆਂ ਠੰਢੀਆਂ ਰਾਤਾਂ ਕੱਟਦੇ ਹਨ।

Check Also

ਪੰਜਾਬ ਸਰਕਾਰ ਨੂੰ ਹਾਈਕੋਰਟ ਤੋਂ ਵੱਡੀ ਰਾਹਤ

1158 ਸਹਾਇਕ ਪ੍ਰੋਫੈਸਰਾਂ ਤੇ ਲਾਇਬਰੇਰੀਅਨਾਂ ਦੀ ਭਰਤੀ ਨੂੰ ਹਰੀ ਝੰਡੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਸਰਕਾਰ ਨੂੰ …