ਕਿਹਾ, ਹੁਣ ‘ਮੇਡ ਇਨ ਇੰਡੀਆ’ ਉਤਪਾਦਾਂ ਨੂੰ ‘ਮੇਡ ਫ਼ਾਰ ਫ਼ਾਰਨ’ ਬਣਾਉਣ ਦੀ ਲੋੜ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤੀ ਅਰਥਵਿਵਸਥਾ ਨੂੰ ਮੁੜ ਖੋਲ੍ਹਣ ਦੀ ਕਵਾਇਦ, ‘ਅਨਲਾਕ-1’ ਦੇ ਐਲਾਨ ਤੋਂ ਦੋ ਦਿਨ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਦਯੋਗ ਜਗਤ ਨੂੰ ਭਰੋਸਾ ਦਿਵਾਉਂਦਿਆਂ ਕਿਹਾ ਕਿ ਭਾਰਤ ਮੁੜ ਵਿਕਾਸ ਦੀ ਰਾਹ ‘ਤੇ ਵਾਪਸ ਆਏਗਾ। ਇਸ ਦੇ ਨਾਲ ਭਰੋਸੇ ਨੂੰ ਹੋਰ ਪੁਖਤਾ ਕਰਦਿਆਂ ਉਨ੍ਹਾਂ ਇਹ ਵੀ ਕਿਹਾ ਕਿ ਵਿਸ਼ਵਾਸ ਕਰੋ ਇਹ ਓਨਾ ਮੁਸ਼ਕਿਲ ਨਹੀਂ ਹੈ। ਪ੍ਰਧਾਨ ਮੰਤਰੀ ਨੇ ਮੰਗਲਵਾਰ ਨੂੰ ਭਾਰਤੀ ਉਦਯੋਗਾਂ ਦੇ ਮਹਾਸੰਘ (ਸੀ.ਆਈ.ਆਈ.) ਦੇ 125 ਸਾਲਾ ਸਮਾਗਮ ਨੂੰ ਵੀਡੀਓ ਕਾਨਫ਼ਰੰਸਿੰਗ ਰਾਹੀਂ ਸੰਬੋਧਨ ਕਰਦਿਆਂ ਉਕਤ ਵਿਚਾਰ ਪ੍ਰਗਟਾਏ। ਪ੍ਰਧਾਨ ਮੰਤਰੀ ਨੇ ਕੋਰੋਨਾ ਦੇ ਖ਼ਿਲਾਫ਼ ਅਰਥਚਾਰੇ ਨੂੰ ਮੁੜ ਤੋਂ ਮਜ਼ਬੂਤ ਕਰਨ ਨੂੰ ਸਰਕਾਰ ਦੀ ਤਰਜੀਹ ਦੱਸਦਿਆਂ ਕਿਹਾ ਕਿ ਲੋਕਾਂ ਦੀ ਜ਼ਿੰਦਗੀ ਵੀ ਬਚਾਉਣੀ ਹੈ ਅਤੇ ਅਰਥਚਾਰੇ ਨੂੰ ਵੀ ਸੰਭਾਲਣਾ ਹੈ। ਉਨ੍ਹਾਂ ਕਿਹਾ ਕਿ ਸੰਕਟ ਦੇ ਸਮੇਂ ਇੰਨੇ ਆਤਮਵਿਸ਼ਵਾਸ ਦਾ ਕਾਰਨ ਦੇਸ਼ ਦੀ ਯੋਗਤਾ ਅਤੇ ਤਕਨਾਲੋਜੀ ਹੈ। ਸਨਅਤ ਜਗਤ ਨੂੰ ਸਰਕਾਰ ਦੇ ਸਾਥ ਦਾ ਯਕੀਨ ਦਿਵਾਉਂਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਜੇਕਰ ਉਹ ਇਕ ਕਦਮ ਚੁੱਕਣਗੇ ਤਾਂ ਸਰਕਾਰ 4 ਕਦਮ ਵਧਾ ਕੇ ਉਨ੍ਹਾਂ ਦੀ ਮਦਦ ਕਰੇਗੀ। ਪ੍ਰਧਾਨ ਮੰਤਰੀ ਨੇ ਭਾਰਤੀ ਅਰਥਚਾਰੇ ਨੂੰ ਮੁੜ ਲੀਹ ‘ਤੇ ਲਿਆਉਣ ਲਈ 5 ਮੂਲ ਮੰਤਰ ਦਿੱਤੇ ਜਿਨ੍ਹਾਂ ‘ਚ ਸੰਕਲਪ, ਸ਼ਮੂਲੀਅਤ, ਨਿਵੇਸ਼, ਬੁਨਿਆਦੀ ਢਾਂਚਾ ਅਤੇ ਕਾਢ ਸ਼ਾਮਿਲ ਸੀ। ਮੋਦੀ ਨੇ ਇਨ੍ਹਾਂ ਮੂਲ ਮੰਤਰਾਂ ਦੇ ਨਾਲ ਆਲਮੀ ਹਾਲਾਤ ਅਤੇ ਵਿਸ਼ਵ ‘ਚ ਭਾਰਤ ਦੀ ਸਾਖ ਦਾ ਹਵਾਲਾ ਦਿੰਦਿਆਂ ਕਿਹਾ ਕਿ ਵਿਸ਼ਵ ਇਸ ਸਮੇਂ ਇਕ ਭਰੋਸੇਮੰਦ ਭਾਗੀਦਾਰ ਦੀ ਭਾਲ ‘ਚ ਹੈ ਅਤੇ ਭਾਰਤ ‘ਚ ਇਸ ਦੀ ਸਮਰੱਥਾ ਹੈ। ਉਨ੍ਹਾਂ ਸਨਅਤ ਜਗਤ ਨੂੰ ਇਸ ਸੰਭਾਵਨਾ ਨੂੰ ਮੌਕੇ ‘ਚ ਤਬਦੀਲ ਕਰਨ ਲਈ ਉਤਸ਼ਾਹਿਤ ਕਰਦਿਆਂ ਉਦਯੋਗ ਖੇਤਰ ਨੂੰ ਦੇਸ਼ ਅਤੇ ਬਾਜ਼ਾਰ ਦਾ ਜ਼ਿਆਦਾ ਤੋਂ ਜ਼ਿਆਦਾ ‘ਆਲਮੀਕਰਨ’ ਕਰਨ ਦੀ ਸਲਾਹ ਦਿੰਦਿਆਂ ਕਿਹਾ ਕਿ ਹੁਣ ਦੇਸ਼ ‘ਚ ਅਜਿਹੇ ਉਤਪਾਦ ਬਣਨ ਦੀ ਲੋੜ ਹੈ ਜੋ ‘ਮੇਡ ਇਨ ਇੰਡੀਆ’ ਹੋਣ ਅਤੇ ‘ਮੇਡ ਫ਼ਾਰ ਫ਼ਾਰਨ’ ਹੋਣ। ਇਸ ‘ਚ ਉਨ੍ਹਾਂ ਕੁਆਲਟੀ ਵੱਲ ਵਿਸ਼ੇਸ਼ ਧਿਆਨ ਦੇਣ ਦਾ ਵੀ ਸੁਝਾਅ ਦਿੱਤਾ। ਉਨ੍ਹਾਂ ਕਿਹਾ ਕਿ ਆਤਮਨਿਰਭਰ ਭਾਰਤ ਦਾ ਮਤਲਬ ਹੈ ਕਿ ਅਸੀਂ ਹੋਰ ਜ਼ਿਆਦਾ ਮਜ਼ਬੂਤ ਹੋ ਕੇ ਦੁਨੀਆ ਦੀ ਅਰਥਵਿਵਸਥਾ ਦੇ ਅਨੁਕੂਲ ਅਤੇ ਸਹਾਇਕ ਬਣ ਸਕੀਏ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਵਲੋਂ ਅਰਥਚਾਰੇ ਨੂੰ ਮੁੜ ਲੀਹ ‘ਤੇ ਲਿਆਉਣ ਪ੍ਰਤੀ ਭਰੋਸਾ ਉਸ ਸਮੇਂ ਪ੍ਰਗਟਾਇਆ ਹੈ ਜਦੋਂ ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) ਦਰ 11 ਸਾਲਾਂ ਦੇ ਸਭ ਤੋਂ ਹੇਠਲੇ ਪੱਧਰ ‘ਤੇ ਹੈ।
Check Also
ਪਹਿਲਵਾਨ ਬਜਰੰਗ ਪੂਨੀਆ 4 ਸਾਲ ਲਈ ਮੁਅੱਤਲ
ਹਰਿਆਣਾ ਨਾਲ ਸਬੰਧਤ ਹੈ ਪਹਿਲਵਾਨ ਪੂਨੀਆ ਨਵੀਂ ਦਿੱਲੀ/ਬਿਊਰੋ ਨਿਊਜ਼ ਨੈਸ਼ਨਲ ਐਂਟੀ ਡੋਪਿੰਗ ਏਜੰਸੀ (ਨਾਡਾ) ਨੇ …