ਆਤਮਘਾਤੀ ਹਮਲੇ ’ਚ 45 ਵਿਅਕਤੀ ਦੀ ਹੋਈ ਮੌਤ, 65 ਤੋਂ ਜ਼ਿਆਦਾ ਜ਼ਖਮੀ
ਪੇਸ਼ਾਵਰ/ਬਿਊਰੋ ਨਿਊਜ਼ : ਪਾਕਿਸਤਾਨ ਦੇ ਪੇਸ਼ਾਵਰ ’ਚ ਅੱਜ ਜੁੰਮੇ ਦੀ ਨਮਾਜ਼ ਦੌਰਾਨ ਹੋਏ ਆਤਮਘਾਤੀ ਬੰਬ ਧਮਾਕੇ ’ਚ 45 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 65 ਤੋਂ ਜ਼ਿਆਦਾ ਵਿਅਕਤੀਆਂ ਦੇ ਗੰਭੀਰ ਰੂਪ ਵਿਚ ਜ਼ਖਮੀ ਹੋਣ ਦੀ ਖਬਰ ਮਿਲੀ ਹੈ। ਇਹ ਧਮਾਕਾ ਪੇਸ਼ਾਵਰ ਦੇ ਕੋਚਾ ਰਿਸਾਲਦਾਰ ਇਲਾਕੇ ਦੇ ਕਿੱਸਾ ਖਾਨੀ ਬਜ਼ਾਰ ਦੀ ਇਕ ਮਸਜਿਦ ਵਿਚ ਉਦੋਂ ਹੋਇਆ ਜਦੋਂ ਲੋਕ ਸ਼ੁੱਕਰਵਾਰ ਦੀ ਨਮਾਜ਼ ਅਦਾ ਕਰ ਰਹੇ ਸਨ। ਪੇਸ਼ਾਵਰ ਪੁਲਿਸ ਅਨੁਸਾਰ ਸ਼ਹਿਰ ਦੇ ਕਿੱਸਾ ਖਾਨੀ ਬਜ਼ਾਰ ’ਚ ਦੋ ਹਮਲਾਵਰਾਂ ਨੇ ਮਸਜਿਦ ’ਚ ਦਾਖਲ ਹੋਣ ਕੋਸ਼ਿਸ ਕੀਤੀ ਅਤੇ ਉਨ੍ਹਾਂ ਮੌਕੇ ’ਤੇ ਮੌਜੂਦ 2 ਪੁਲਿਸ ਕਰਮਚਾਰੀਆਂ ’ਤੇ ਫਾਇਰਿੰਗ ਕਰ ਦਿੱਤਾ, ਜਿਸ ਦੌਰਾਨ ਇਕ ਪੁਲਿਸ ਕਰਮਚਾਰੀ ਦੀ ਮੌਤ ਹੋ ਗਈ ਜਦਕਿ ਦੂਜਾ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਰੈਸਕਿਊ ਟੀਮ ਵੱਲੋਂ ਜ਼ਖਮੀਆਂ ਨੂੰ ਲੇਡੀ ਰੀਡਿੰਗ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਸਥਾਨਕ ਲੋਕਾਂ ਨੇ ਵੀ ਬੰਬ ਧਮਾਕੇ ਦੌਰਾਨ ਜ਼ਖਮੀ ਹੋਏ ਵਿਅਕਤੀਆਂ ਨੂੰ ਆਪਣੇ ਮੋਟਰ ਸਾਈਕਲਾਂ ਅਤੇ ਕਾਰਾਂ ’ਚ ਬਿਠਾ ਕੇ ਹਸਪਤਾਲ ਪਹੁੰਚਾਇਆ। ਲੇਡੀ ਰੀਡਿੰਗ ਹਸਪਤਾਲ ਦੇ ਬੁਲਾਰੇ ਨੇ ਦੱਸਿਆ ਕਿ ਹਸਪਤਾਲ ਵਿਚ ਭਰਤੀ ਕਰਵਾਏ ਗਏ ਪੀੜਤਾਂ ਵਿਚੋਂ 10 ਵਿਅਕਤੀਆਂ ਦੀ ਹਾਲਤ ਬਹੁਤ ਗੰਭੀਰ ਹੈ। ਪੁਲਿਸ ਅਤੇ ਸੁਰੱਖਿਆ ਟੀਮਾਂ ਨੇ ਇਲਾਕੇ ਦੀ ਘੇਰਾਬੰਦੀ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।