101 ਮੁਲਕਾਂ ਦੇ 600 ਵਿਅਕਤੀਆਂ ਨੂੰ ਲੰਗਰ ਛਕਾਇਆ
ਦੁਬਈ/ਬਿਊਰੋ ਨਿਊਜ਼ : ਦੁਬਈ ਸਥਿਤ ਗੁਰਦੁਆਰੇ ਨੇ ਵੱਖ-ਵੱਖ ਮੁਲਕਾਂ ਦੇ ਲੋਕਾਂ ਨੂੰ ਲੰਗਰ ਛਕਾ ਕੇ ਵਿਸ਼ਵ ਰਿਕਾਰਡ ਬਣਾਇਆ ਹੈ। ਇੱਥੋਂ ਦੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਨੇ ਜੇਬੇਲ ਅਲੀ ਵਿਚ ਸਮਾਗਮ ਕਰਕੇ 101 ਮੁਲਕਾਂ ਦੇ 600 ਵਿਅਕਤੀਆਂ ਨੂੰ ਲੰਗਰ ਛਕਾ ਦੇ ਆਪਣਾ ਨਾਂ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡਜ਼ ਵਿਚ ਦਰਜ ਕਰਵਾ ਲਿਆ ਹੈ। ‘ਦਿ ਖਲੀਜ ਟਾਈਮਜ਼’ ਦੀ ਰਿਪੋਰਟ ਅਨੁਸਾਰ ਇਸ ਸਮਾਗਮ ਵਿਚ ਸਕੂਲੀ ਵਿਦਿਆਰਥੀਆਂ, ਸਰਕਾਰੀ ਅਧਿਕਾਰੀਆਂ ਅਤੇ ਸਫੀਰਾਂ ਨੇ ਭਾਗ ਲਿਆ ਅਤੇ ਯੂਏਈ ਲਈ ਭਾਰਤੀ ਰਾਜਦੂਤ ਨਵਦੀਪ ਸਿੰਘ ਸੂਰੀ ਇਸ ਮੌਕੇ ਮੁੱਖ ਮਹਿਮਾਨ ਸਨ।
ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਲੋਕ ਜੇਬੇਲ ਅਲੀ ਗਾਰਡਨ ਪੁੱਜੇ ਅਤੇ ਇੱਥੇ ਲੰਗਰ ਛਕਾਉਣ ਲਈ ਬੰਦੋਬਸਤ ਕੀਤਾ ਗਿਆ। ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡਜ਼ ਦੇ ਅਧਿਕਾਰੀਆਂ ਨੇ ਗੁਰਦੁਆਰਾ ਪ੍ਰਬੰਧਕਾਂ ਨੂੰ ਦੱਸਿਆ ਕਿ ਉਨ੍ਹਾਂ ਇਸ ਤੋਂ ਪਹਿਲੇ 55 ਮੁਲਕਾਂ ਦੇ ਵਿਅਕਤੀਆਂ ਨੂੰ ਲੰਗਰ ਛਕਾਉਣ ਵਾਲੇ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ ਹੈ। ਇਸ ਤੋਂ ਪਹਿਲਾ ਰਿਕਾਰਡ 2015 ਵਿੱਚ ਇਟਲੀ ਦੇ ਮਿਲਾਨ ਐਕਸਪੋ ਵਿਚ ਨੁਟੇਲਾ ਵੱਲੋਂ ਬਣਾਇਆ ਗਿਆ ਸੀ। ਇਹ ਗੁਰਦੁਆਰਾ ਸੰਯੁਕਤ ਅਰਬ ਅਮੀਰਾਤ (ਯੂਏਈ) ਦੇ 50 ਹਜ਼ਾਰ ਸਿੱਖ ਸ਼ਰਧਾਲੂਆਂ ਸਮੇਤ ਹਰ ਯਾਤਰੀ ਦੀ ਸੇਵਾ ਕਰਦਾ ਹੈ। ਗੁਰਦੁਆਰਾ ਗੁਰੂ ਨਾਨਕ ਦਰਬਾਰ ਦੇ ਚੇਅਰਮੈਨ ਸੁਰਿੰਦਰ ਕੰਧਾਰੀ ਨੇ ਕਿਹਾ ਕਿ ਸਿੱਖ ਧਰਮ ਹਮੇਸ਼ਾ ਵੱਖਰੇਵੇਂ ਦੀ ਇੱਜ਼ਤ ਕਰਦਾ ਹੈ ਕਿਉਂਕਿ ਇਹ ਸਿੱਖ ਧਰਮ ਦੇ ਵਿਸ਼ਵਾਸ ਤੇ ਭਰੋਸੇ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਉਹ ਸਭ ਇਨਸਾਨਾਂ ਨੂੰ ਬਰਾਬਰ ਦੀ ਇੱਜ਼ਤ ਦਿੰਦੇ ਹਨ। ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡਜ਼ ਦੇ ਅਧਿਕਾਰੀ ਤਲਾਲ ਉਮਰ ਨੇ ਕਿਹਾ ਕਿ ਇਹ ਗੁਰਦੁਆਰਾ ਸਿਰਫ਼ ਭਾਰਤੀ ਭਾਈਚਾਰੇ ਦੀ ਹੀ ਨਹੀਂ ਬਲਕਿ ਯੂਏਈ ਦੇ ઠਸਾਰੇ ਲੋਕਾਂ ਦੀ ਮਦਦ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਉਨ੍ਹਾਂ ਗੁਰਦੁਆਰੇ ਨੂੰ ਇਹ ਰਿਕਾਰਡ ਬਣਾਉਣ ਵਿੱਚ ਮਦਦ ਕੀਤੀ ਹੈ। ਇਸ ਨਾਲ ਵੱਖ-ਵੱਖ ਭਾਈਚਾਰਿਆਂ ਵਿਚ ਨੇੜਤਾ ਵਧੇਗੀ। ਉਨ੍ਹਾਂ ਕਿਹਾ ਕਿ ਉਹ ਮਨੁੱਖਤਾ ਨੂੰ ਇੱਕ-ਦੂਜੇ ਦੇ ਨੇੜੇ ਲਿਆਉਣ ਲਈ ਹਰ ਕੰਮ ਵਿਚ ਮਦਦ ਕਰਨਗੇ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …