ਸਮਰਥਨ ਨਾ ਮਿਲਣ ਕਾਰਨ ਪ੍ਰਤੀਨਿਧੀ ਸਭਾ ਤੋਂ ਬਿਲ ਵਾਪਸ
ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਜ਼ੋਰਦਾਰ ਝਟਕਾ ਲੱਗਾ ਹੈ। ਉਨ੍ਹਾਂ ਦਾ ਪ੍ਰਸ਼ਾਸਨ ਨਵਾਂ ਸਿਹਤ ਬਿੱਲ ‘ਹੈਲਥਕੇਅਰ’ ਪ੍ਰਤੀਨਿਧੀ ਸਭਾ ਕੋਲ ਪਾਸ ਕਰਾਉਣ ਵਿਚ ਨਾਕਾਮ ਰਿਹਾ ਹੈ। ਇਸ ਦਾ ਸਿੱਧਾ ਮਤਲਬ ਇਹ ਹੈ ਕਿ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਕਾਰਜਕਾਲ ਵਿਚ ਲਿਆਂਦਾ ਗਿਆ ਅਫੋਰਡੇਬਲ ਕੇਅਰ ਐਕਟ (ਓਬਾਮਾਕੇਅਰ) ਬਣਿਆ ਰਹੇਗਾ। ਇਸ ਨੂੰ ਰੱਦ ਕਰਨਾ ਟਰੰਪ ਦੇ ਪ੍ਰਮੁੱਖ ਚੋਣ ਵਾਅਦਿਆਂ ਵਿਚੋਂ ਇਕ ਸੀ। ਸੱਤਾ ਸੰਭਾਲਦੇ ਹੀ ਉਨ੍ਹਾਂ ਨੇ ਇਸ ਸਬੰਧ ਵਿਚ ਇਕ ਕਾਰਜਕਾਰੀ ਆਦੇਸ਼ ਵੀ ਜਾਰੀ ਕੀਤਾ ਸੀ। ਉਚਿਤ ਸਮੱਰਥਨ ਇਕੱਠਾ ਕਰਨ ਵਿਚ ਨਾਕਾਮ ਰਹਿਣ ਦੇ ਬਾਅਦ ਪ੍ਰਤੀਨਿਧ ਸਭਾ ਦੇ ਚੇਅਰਮੈਨ ਪੋਲ ਰੇਆਨ ਨੇ ਪਿਛਲੇ ਦਿਨੀਂ ਮਤਦਾਨ ਤੋਂ ਠੀਕ ਪਹਿਲਾਂ ਓਬਾਮਾਕੇਅਰ ਨੂੰ ਰੱਦ ਕਰਨ ਦੀ ਤਜਵੀਜ਼ ਵਾਪਸ ਲੈ ਲਈ। 435 ਮੈਂਬਰਾਂ ਵਾਲੀ ਪ੍ਰਤੀਨਿਧ ਸਭਾ ਵਿਚ 235 ਮੈਂਬਰਾਂ ਨਾਲ ਰਿਪਬਲਿਕਨ ਪਾਰਟੀ ਬਹੁਮਤ ਵਿਚ ਹੈ। ਇਸ ਤਰ੍ਹਾਂ ਦੀ ਸਥਿਤੀ ‘ਚ ਕਦਮ ਪਿੱਛੇ ਖਿੱਚਣ ਦੇ ਇਲਾਵਾ ਸਰਕਾਰ ਕੋਲ ਕੋਈ ਬਦਲ ਨਹੀਂ ਬਚਿਆ ਸੀ। ਬਿੱਲ ਪਾਸ ਨਹੀਂ ਹੋਣ ‘ਤੇ ਨਿਰਾਸ਼ਾ ਪ੍ਰਗਟ ਕਰਦੇ ਹੋਏ ਟਰੰਪ ਨੇ ਕਿਹਾ ਕਿ ਖ਼ਰਾਬ ਚੀਜ਼ਾਂ ਹੋਣ ਜਾ ਰਹੀਆਂ ਹਨ ਅਤੇ ਤੁਸੀਂ ਇਸ ਵਿਚ ਜ਼ਿਆਦਾ ਕੁਝ ਨਹੀਂ ਕਰ ਸਕਦੇ। ਓਬਾਮਾਕੇਅਰ ਟਿਕਾਊ ਨਹੀਂ ਹੈ ਅਤੇ ਇਕ ਦਿਨ ਆਪਣੇ ਆਪ ਬਰਬਾਦ ਹੋ ਜਾਏਗਾ। ਇਸ ਸਥਿਤੀ ਲਈ ਵਿਰੋਧੀ ਧਿਰ ਡੈਮੋਯੇਟਿਕ ਪਾਰਟੀ ਨੂੰ ਕਸੂਰਵਾਰ ਠਹਿਰਾਉਂਦੇ ਹੋਏ ਕਿਹਾ ਕਿ ਅਸੀਂ ਬਿੱਲ ਪਾਸ ਕਰਾਉਣ ਦੇ ਬੇਹੱਦ ਕਰੀਬ ਸਨ ਪਰ 10-15 ਵੋਟਾਂ ਘੱਟ ਰਹਿ ਗਈਆਂ। ਜਦੋਂ ਰਾਸ਼ਟਰਪਤੀ ਤੋਂ ਇਹ ਪੁੱਿਛਆ ਗਿਆ ਕਿ ਕੀ ਉਨ੍ਹਾਂ ਨੂੰ ਰਿਪਬਲਿਕਨ ਪਾਰਟੀ ਦੇ ਕੁਝ ਮੈਂਬਰਾਂ ਨੇ ਧੋਖਾ ਦਿੱਤਾ ਤਾਂ ਉਨ੍ਹਾਂ ਦਾ ਜਵਾਬ ਸੀ ਮੇਰੇ ਨਾਲ ਵਿਸ਼ਵਾਸਘਾਤ ਨਹੀਂ ਹੋਇਆ। ਉਹ ਮੇਰੇ ਦੋਸਤ ਹਨ। ਮੈਂ ਬਿੱਲ ਪਾਸ ਨਹੀਂ ਹੋਣ ‘ਤੇ ਨਿਰਾਸ਼ ਜ਼ਰੂਰ ਹਾਂ। ਉਥੇ ਡੈਮੋਕ੍ਰੇਟਿਕ ਪਾਰਟੀ ਦੀ ਨੇਤਾ ਨੈਂਸੀ ਪੇਲੋਸੀ ਨੇ ਇਸ ਨੂੰ ਅਮਰੀਕੀ ਲੋਕਾਂ ਦੀ ਜਿੱਤ ਕਰਾਰ ਦਿੱਤਾ ਹੈ। ਹੁਣ ਕਰ ਸੁਧਾਰ ਟਰੰਪ ਨੇ ਕਿਹਾ ਹੈ ਕਿ ਹੁਣ ਉਹ ਕਰ ਸੁਧਾਰਾਂ ‘ਤੇ ਧਿਆਨ ਦੇਣਗੇ। ਜ਼ਿਕਰਯੋਗ ਹੈ ਕਿ ਹੈਲਥਕੇਅਰ ‘ਤੇ ਮਤਦਾਨ ਟਲਣ ਦੇ ਬਾਅਦ ਉਨ੍ਹਾਂ ਨੇ ਰਿਪਬਲਿਕਨ ਪਾਰਟੀ ਦੇ ਸੰਸਦ ਮੈਂਬਰਾਂ ਨੂੰ ਚਿਤਾਵਨੀ ਦਿੱਤੀ ਸੀ ਕਿ ਜੇਕਰ ਇਹ ਬਿੱਲ ਨਹੀਂ ਹੋਇਆ ਤਾਂ ਉਹ ਹੋਰ ਤਰਜੀਹਾਂ ‘ਤੇ ਧਿਆਨ ਕੇਂਦਰਿਤ ਕਰਨਗੇ।
ਟਰੰਪ ਨੇ ਮੋਦੀ ਨੂੰ ਦਿੱਤੀ ਵਧਾਈ
ਨਵੀਂ ਦਿੱਲੀ : ਡੋਨਾਲਡ ਟਰੰਪ ਨੇ ਵਿਧਾਨ ਸਭਾ ਚੋਣਾਂ ‘ਚ ਭਾਰੀ ਜਿੱਤ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਧਾਈ ਦਿੱਤੀ ਹੈ। ਟਰੰਪ ਨੇ ਫੋਨ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਜਿੱਤ ਲਈ ਵਧਾਈ ਦਿੱਤੀ। ਵਾਈਟ ਹਾਊਸ ਦੀ ਪ੍ਰੈਸ ਸਕੱਤਰ ਸੀਨ ਸਪਾਈਸਰ ਨੇ ਮੀਡੀਆ ਨੂੰ ਦੱਸਿਆ ਕਿ ਟਰੰਪ ਨੇ ਵਿਧਾਨ ਸਭਾ ਚੋਣਾਂ ਵਿਚ ਸ਼ਾਨਦਾਰ ਜਿੱਤ ਲਈ ਪ੍ਰਧਾਨ ਮੰਤਰੀ ਮੋਦੀ ਨੂੰ ਵਧਾਈ ਦਿੱਤੀ।
ਅਮਰੀਕਾ ‘ਚ ਛੇ ਭਾਰਤੀਆਂ ਨੂੰ ਮਿਲੇਗਾ ਸਰਵਉੱਚ ਨਾਗਰਿਕ ਸਨਮਾਨ
ਹਿਊਸਟਨ : ਪੈਪਸੀਕੋ ਦੀ ਸੀਈਓ ਇੰਦਰਾ ਨੂਈ ਅਤੇ ਲੇਖਕ ਫਰੀਦ ਜਕਾਰੀਆ ਸਮੇਤ ਛੇ ਭਾਰਤੀ-ਅਮਰੀਕੀਆਂ ਨੂੰ ਮਿਆਰੀ ਐਲਿਸ ਆਈਲੈਂਡ ਆਉ ਆਨਰ 2017 ਲਈ ਚੁਣਿਆ ਗਿਆ ਹੈ। ਇਹ ਅਮਰੀਕਾ ਵਿਚ ਇਮੀਗ੍ਰੇਟਰਾਂ ਨੂੰ ਦਿੱਤਾ ਜਾਣ ਵਾਲਾ ਸਰਬ ਉੱਚ ਨਾਗਰਿਕ ਸਨਮਾਨ ਹੈ। ਚੁਣੇ ਗਏ 88 ਲੋਕਾਂ ਨੂੰ ਨਿਊਯਾਰਕ ਦੇ ਐਲਿਸ ਆਈਲੈਂਡ ਵਿਚ 13 ਮਈ ਨੂੰ ਸਨਮਾਨਿਤ ਕੀਤਾ ਜਾਏਗਾ।
ਇਆਨ ਗ੍ਰਿਲਟ ਦਾ ‘ਏ ਟਰੂ ਅਮਰੀਕਨ ਹੀਰੋ’ ਵਜੋਂ ਸਨਮਾਨ
ਹਿਊਸਟਨ/ਬਿਊਰੋ ਨਿਊਜ਼ : ਭਾਰਤੀ-ਅਮਰੀਕੀ ਭਾਈਚਾਰੇ ਨੇ ਪਿਛਲੇ ਮਹੀਨੇ ਕੈਨਸਾਸ ਵਿੱਚ ਹੋਈ ਗੋਲੀਬਾਰੀ ਦੌਰਾਨ ਇੱਕ ਭਾਰਤੀ ਮੂਲ ਦੇ ਨਾਗਰਿਕ ਦਾ ਬਚਾਅ ਕਰਨ ਵਾਲੇ 24 ਸਾਲਾ ਅਮਰੀਕੀ ਨਾਗਰਿਕ ਦਾ ‘ਏ ਟਰੂ ਅਮਰੀਕਨ ਹੀਰੋ’ ਵਜੋਂ ਸਨਮਾਨ ਕੀਤਾ ਹੈ ਅਤੇ ਕੈਨਸਾਸ ਵਿੱਚ ਘਰ ਖ਼ਰੀਦਣ ਵਿੱਚ ਉਸ ਦੀ ਮਦਦ ਕਰਨ ਲਈ ਇੱਕ ਲੱਖ ਡਾਲਰ ਇਕੱਠੇ ਕੀਤੇ ਗਏ ਹਨ। ਇਸ ਗੋਲੀਬਾਰੀ ਦੌਰਾਨ ਭਾਵੇਂ ਭਾਰਤੀ ਮੂਲ ਦੇ ਨਾਗਰਿਕ ਦੀ ਮੌਤ ਹੋ ਗਈ ਸੀ ਤੇ ਉਸ ਦਾ ਸਾਥੀ ਜ਼ਖ਼ਮੀ ਹੋ ਗਿਆ ਸੀ ਪਰ ਇਆਨ ਗ੍ਰਿਲਟ ਉਨ੍ਹਾਂ ਦਾ ਬਚਾਅ ਕਰਦਿਆਂ ਆਪ ਜ਼ਖ਼ਮੀ ਹੋ ਗਿਆ ਸੀ। ਇੱਥੇ ਇੰਡੀਆ ਹਾਊਸ ਵਿੱਚ ਭਾਈਚਾਰੇ ਦਾ ਸਾਲਾਨਾ ਸਮਾਗਮ ਹੋਇਆ, ਜਿਸ ਦੌਰਾਨ ਇਆਨ ਗ੍ਰਿਲਟ ਨੂੰ ‘ਏ ਟਰੂ ਅਮੈਰੀਕਨ ਹੀਰੋ’ ਵਜੋਂ ਸਨਮਾਨਿਤ ਕੀਤਾ ਗਿਆ। ਦੱਸਣਯੋਗ ਹੈ ਕਿ ਪਿਛਲੇ ਮਹੀਨੇ ਕੈਨਸਾਸ ਵਿੱਚ ਇੱਕ ਬਾਰ ਵਿੱਚ ਸੇਵਾਮੁਕਤ ਜਲ ਸੈਨਿਕਾਂ ਵੱਲੋਂ ਗੋਲੀਬਾਰੀ ਦੀ ਘਟਨਾ ਦੌਰਾਨ ਬਚਾਅ ਕਰਨ ਦੀ ਕੋਸ਼ਿਸ਼ ਵਿੱਚ ਇਆਨ ਗ੍ਰਿਲਟ ਜ਼ਖ਼ਮੀ ਹੋ ਗਿਆ ਸੀ। ਗੋਲੀਬਾਰੀ ਵਿੱਚ ਭਾਰਤੀ ਮੂਲ ਦਾ 32 ਸਾਲਾ ਨਾਗਰਿਕ ਸ੍ਰੀਨਿਵਾਸਨ ਕੁਚੀਭੋਤਲਾ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ ਤੇ ਉਸ ਦਾ ਸਾਥੀ ਅਲੋਕ ਮਦਸਾਨੀ ਗੰਭੀਰ ਜ਼ਖ਼ਮੀ ਹੋ ਗਿਆ ਸੀ। ਇੰਡੀਆ ਹਾਊਸ ਹਿਊਸਟਨ ਨੇ ਫੇਸਬੁਕ ਪੇਜ ‘ਤੇ ਪੋਸਟ ਕੀਤੇ ਬਿਆਨ ਵਿੱਚ ਕਿਹਾ ਕਿ ਹਿਊਸਟਨ ਵਿੱਚ ਭਾਰਤੀ-ਅਮਰੀਕੀ ਭਾਈਚਾਰੇ ਵੱਲੋਂ ਇੰਡੀਆ ਹਾਊਸ ਵਿੱਚ ਇਆਨ ਗ੍ਰਿਲਟ ਦੇ ਸ਼ਲਾਘਾਯੋਗ ਕਦਮ ਲਈ ਉਸ ਦਾ ਸਨਮਾਨ ਕੀਤਾ ਗਿਆ ਹੈ। ਇਸ ਮੌਕੇ ਪੁਸ਼ਟੀ ਕੀਤੀ ਕਿ ਇਸ ਸਨਮਾਨ ਦੇ ਨਾਲ ਘਰ ਖ਼ਰੀਦਣ ਵਿੱਚ ਉਸ ਦੀ ਮਦਦ ਕਰਨ ਲਈ ਵੀ ਪੈਸੇ ਇਕੱਠੇ ਕੀਤੇ ਗਏ ਹਨ।
Check Also
ਰੂਸ ਨੇ ਯੂਕਰੇਨ ’ਤੇ ਦਾਗੀਆਂ ਬੈਲਿਸਟਿਕ ਮਿਜ਼ਾਈਲਾਂ
32 ਵਿਅਕਤੀਆਂ ਦੀ ਮੌਤ, 84 ਹੋਏ ਗੰਭੀਰ ਜ਼ਖ਼ਮੀ ਕੀਵ/ਬਿਊਰੋ ਨਿਊਜ਼ : ਰੂਸ ਨੇ ਯੂਕਰੇਨ ਦੇ …