ਨਵੀਂ ਦਿੱਲੀ/ਬਿਊਰੋ ਨਿਊਜ਼ : ਯੂਕਰੇਨ ਦੀਆਂ ਸਰਹੱਦਾਂ ਨਾਲ ਲਗਦੇ ਯੂਰਪੀ ਮੁਲਕਾਂ ਵਿੱਚ ਵਿਸ਼ੇਸ਼ ਦੂਤ ਵਜੋਂ ਭੇਜੇ ਚਾਰ ਕੇਂਦਰੀ ਮੰਤਰੀਆਂ ਵੱਲੋਂ ਭਾਰਤੀਆਂ ਨੂੰ ਉਥੋਂ ਕੱਢਣ ਲਈ ਕੀਤੇ ਪ੍ਰਬੰਧਾਂ ਦੀ ਨੇੜਿਓਂ ਨਿਗਰਾਨੀ ਕੀਤੀ ਜਾ ਰਹੀ ਹੈ। ਇਸੇ ਕੜੀ ਵਿੱਚ ਕੇਂਦਰੀ ਮੰਤਰੀ ਤੇ ਸਾਬਕਾ ਥਲ ਸੈਨਾ ਮੁਖੀ ਵੀ.ਕੇ.ਸਿੰਘ ਪੋਲੈਂਡ-ਯੂਕਰੇਨ ਸਰਹੱਦ ‘ਤੇ ਬੁਡੋਮਾਇਰਜ਼ ਪੁੱਜੇ।
ਉਨ੍ਹਾਂ ਉਥੇ ਫਸੇ ਭਾਰਤੀ ਵਿਦਿਆਰਥੀਆਂ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਖਾਣਾ ਤੇ ਪਾਣੀ ਵੰਡਿਆ। ਭਾਰਤੀ ਵਿਦਿਆਰਥੀਆਂ ਨੂੰ ਮਿਲਣ ਮਗਰੋਂ ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀ ਭਾਵੇਂ ਥੱਕੇ ਹੋਏ ਹਨ, ਪਰ ਉਨ੍ਹਾਂ ਨੂੰ ਇਸ ਗੱਲੋਂ ਸੁਖ ਦਾ ਸਾਹ ਆਇਆ ਹੈ ਕਿ ਉਨ੍ਹਾਂ ਨੂੰ ਵਾਪਸ (ਦੇਸ਼) ਲਿਜਾਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਵੀ.ਕੇ. ਸਿੰਘ ਨੇ ਟਵੀਟ ਕੀਤਾ, ”ਭਾਰਤੀ ਵਿਦਿਆਰਥੀਆਂ ਦਾ ਹੌਸਲਾ ਸਿਖਰ ‘ਤੇ ਹੈ ਤੇ ਮੈਂ ਉਨ੍ਹਾਂ ਦੀ ਮੁੜ ਉਭਰਨ ਦੀ ਸ਼ਕਤੀ ਤੋਂ ਪ੍ਰਭਾਵਿਤ ਹੋਇਆ ਹਾਂ।”
ਉਧਰ ਰੋਮਾਨੀਆ ਦੀ ਰਾਜਧਾਨੀ ਬੁਖਾਰੈਸਟ ਤੇ ਰੋਮਾਨੀਆ-ਯੂਕਰੇਨ ਸਰਹੱਦ ‘ਤੇ ਪ੍ਰਬੰਧਾਂ ਦੀ ਨਿਗਰਾਨੀ ਕਰ ਰਹੇ ਸ਼ਹਿਰੀ ਹਵਾਬਾਜ਼ੀ ਮੰਤਰੀ ਜਿਓਤਿਰਦਿੱਤਿਆ ਸਿੰਧੀਆ ਨੇ ਕਿਹਾ ਕਿ ਬੁੱਧਵਾਰ ਨੂੰ ਬੁਖਾਰੈਸਟ ਤੋਂ ਛੇ ਉਡਾਣਾਂ ਭਾਰਤ ਭੇਜੀਆਂ ਗਈਆਂ ਹਨ, ਜਿਨ੍ਹਾਂ ਵਿੱਚ 1200 ਤੋਂ ਵੱਧ ਭਾਰਤੀ ਸਵਾਰ ਸਨ।
ਉਨ੍ਹਾਂ ਦਿਨ-ਰਾਤ ਇਕ ਕਰ ਕੇ ਚੁਣੌਤੀਆਂ ਦੇ ਬਾਵਜੂਦ ਰਾਹਤ ਕਾਰਜਾਂ ਵਿੱਚ ਜੁਟੀਆਂ ਏਅਰਲਾਈਨਾਂ ਏਅਰ ਇੰਡੀਆ, ਏਅਰ ਇੰਡੀਆ ਐਕਸਪ੍ਰੈਸ ਤੇ ਇੰਡੀਗੋ ਦਾ ਧੰਨਵਾਦ ਕੀਤਾ। ਸਿੰਧੀਆ ਨੇ ਰੋਮਾਨੀਆ ਵਿੱਚ ਕੰਮ ਕਰਨ ਵਾਲੀਆਂ ਭਾਰਤੀ ਕੰਪਨੀਆਂ ਦੇ ਮੁਖੀਆਂ ਨਾਲ ਵੀ ਮੁਲਾਕਾਤ ਕੀਤੀ ਤਾਂ ਕਿ ਭਾਰਤੀਆਂ ਨੂੰ ਇਥੋਂ ਕੱਢਣ ਦੇ ਅਮਲ ਦਾ ਵਿਕੇਂਦਰੀਕਰਨ ਕੀਤਾ ਜਾ ਸਕੇ। ਕੇਂਦਰ ਮੰਤਰੀ ਹਰਦੀਪ ਸਿੰਘ ਪੁਰੀ ਹੰਗਰੀ ਦੀ ਰਾਜਧਾਨੀ ਬੁਡਾਪੈਸਟ ਵਿੱਚ ਰਾਹਤ ਕਾਰਜਾਂ ਨੂੰ ਵੇਖ ਰਹੇ ਹਨ। ਇਸ ਦੌਰਾਨ ਕੇਂਦਰੀ ਕਾਨੂੰਨ ਮੰਤਰੀ ਕਿਰਨ ਰਿਜਿਜੂ ਸਲੋਵਾਕੀਆ ਦੀ ਰਾਜਧਾਨੀ ਕੋਸਾਈਸ ਪੁੱਜ ਗਏ ਹਨ। ਰਿਜਿਜੂ ਦਾ ਸਲੋਵਾਕੀਆ ਵਿੱਚ ਭਾਰਤ ਦੇ ਰਾਜਦੂਤ ਵਨਲਾਲਹੁਮਾ ਤੇ ਬ੍ਰੱਸਲਜ਼ ਤੇ ਬੈਲਜੀਅਮ ਵਿੱਚ ਭਾਰਤੀ ਅੰਬੈਸੀ ਦੇ ਪ੍ਰਥਮ ਸਕੱਤਰ ਪੰਕਜ ਫੁਕਾਨ ਨੇ ਸਵਾਗਤ ਕੀਤਾ।
ਯੂਕਰੇਨੀ ਸ਼ਰਨਾਰਥੀਆਂ ਲਈ ਇਟਲੀ ਨੇ ਖੋਲ੍ਹੇ ਦਰਵਾਜ਼ੇ
ਵੈਨਿਸ/ਬਿਊਰੋ ਨਿਊਜ਼ : ਰੂਸ ਅਤੇ ਯੂਕਰੇਨ ਵਿਚਕਾਰ ਚੱਲ ਰਹੀ ਜੰਗ ਦੇ ਚੱਲਦਿਆਂ ਉਸ ਦਿਨ ਤੋਂ ਹੀ ਯੂਕਰੇਨ ਦੇ ਸ਼ਰਨਾਰਥੀਆਂ ਵਲੋਂ ਆਪਣੀ ਜਿੰਦਗੀ ਨੂੰ ਬਚਾਉਣ ਲਈ ਵੱਖ-ਵੱਖ ਦੇਸ਼ਾਂ ‘ਚ ਸ਼ਰਨ ਲਈ ਜਾ ਰਹੀ ਹੈ, ਜਿਸ ਦੇ ਮੱਦੇਨਜ਼ਰ ਹੁਣ ਯੂਕਰੇਨ ਦੇ ਸ਼ਰਨਾਰਥੀ ਇਟਲੀ ‘ਚ ਪਹੁੰਚਣੇ ਸ਼ੁਰੂ ਹੋ ਗਏ ਹਨ, ਜਿਨ੍ਹਾਂ ‘ਚ ਜ਼ਿਆਦਾਤਰ ਔਰਤਾਂ, ਬੱਚੇ ਅਤੇ ਬਜ਼ੁਰਗ ਸ਼ਾਮਲ ਹਨ। ਜਦੋਂ ਰੂਸ ਨੇ ਪਿਛਲੇ ਹਫ਼ਤੇ ਯੂਕਰੇਨ ‘ਤੇ ਹਮਲਾ ਕੀਤਾ ਸੀ ਤਾਂ ਇਥੋਂ ਦੇ ਵਿਅਕਤੀਆਂ ਨੇ ਆਪਣਾ ਦੇਸ਼ ਛੱਡ ਕੇ ਹੋਰ ਦੇਸ਼ਾਂ ਵੱਲ ਰੁਖ਼ ਕਰ ਦਿੱਤਾ। ਇਟਲੀ ਵਿਚ ਹੁਣ ਤੱਕ ਏਮੀਲੀਆ, ਰੋਮਾਨਾ, ਤਰੈਨਤੋ, ਵੇਨਤੋ ਅਤੇ ਫੋਰਲੀ ਵਨੇਸ਼ੀਆ ਜੂਲੀਆ ‘ਚ ਸ਼ਰਨਾਰਥੀ ਆਗਮਨ ਰਜਿਸਟਰ ਕੀਤੇ ਗਏ ਹਨ। ਇਹ ਸ਼ਰਨਾਰਥੀ ਇਟਲੀ ‘ਚ ਦੋਸਤਾਂ, ਰਿਸ਼ਤੇਦਾਰਾਂ ਅਤੇ ਜਾਣ-ਪਛਾਣ ਵਾਲਿਆਂ ਨਾਲ ਰਹਿਣ ਲਈ ਸੈੱਟ ਕੀਤੇ ਗਏ ਸਨ। ਇਟਲੀ ਦੀ ਗ੍ਰਹਿ ਮੰਤਰੀ ਲੂਸੀਆਨਾ ਨੇ ਕਿਹਾ ਹੈ ਕਿ ਏਕਤਾ ਸਾਡੇ ਲਈ ਹਮੇਸ਼ਾ ਸਾਡੇ ਯੂਰਪੀਅਨ ਏਜੰਡੇ ਦਾ ਇਕ ਨਿਸ਼ਚਿਤ ਬਿੰਦੂ ਰਿਹਾ ਹੈ ਅਤੇ ਪੀੜਤ ਲੋਕਾਂ ਦੀ ਸਹਾਇਤਾ ਲਈ ਸਾਡੀ ਸਰਕਾਰ ਹਮੇਸ਼ਾ ਹੀ ਅੱਗੇ ਆਈ ਹੈ।
ਭਾਰਤੀਆਂ ਨੂੰ ਯੂਕਰੇਨ ‘ਚੋਂ ਸੁਰੱਖਿਅਤ ਵਾਪਸ ਲਿਆਵਾਂਗੇ : ਮੋਦੀ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਹ ਭਾਰਤ ਦੀ ਵਧਦੀ ਤਾਕਤ ਦਾ ਹੀ ਨਤੀਜਾ ਹੈ ਕਿ ਮੁਲਕ ਜੰਗ ਦਾ ਸ਼ਿਕਾਰ ਯੂਕਰੇਨ ਵਿਚੋਂ ਆਪਣੇ ਨਾਗਰਿਕਾਂ ਨੂੰ ਕੱਢ ਸਕਿਆ ਹੈ। ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਯੂਕਰੇਨ ਵਿਚੋਂ ਭਾਰਤੀਆਂ ਨੂੰ ਸੁਰੱਖਿਅਤ ਵਾਪਸ ਘਰ ਲਿਆਉਣ ‘ਚ ਕੋਈ ਕਸਰ ਬਾਕੀ ਨਹੀਂ ਛੱਡੇਗੀ। ਵਿਰੋਧੀਆਂ ‘ਤੇ ਨਿਸ਼ਾਨਾ ਸੇਧਦਿਆਂ ਮੋਦੀ ਨੇ ਕਿਹਾ ਕਿ ਜਿਹੜੇ ਰੱਖਿਆ ਬਲਾਂ ਦੀ ਬਹਾਦਰੀ ਅਤੇ ‘ਮੇਕ ਇਨ ਇੰਡੀਆ’ ਉਤੇ ਸਵਾਲ ਖੜ੍ਹੇ ਕਰਦੇ ਹਨ, ਉਹ ਮੁਲਕ ਨੂੰ ਮਜ਼ਬੂਤ ਨਹੀਂ ਬਣਾ ਸਕਦੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਨੇ ਯੂਕਰੇਨ ਵਿਚੋਂ ਨਾਗਰਿਕਾਂ ਨੂੰ ਕੱਢਣਾ ਤਰਜੀਹ ਬਣਾ ਲਿਆ ਹੈ। ਮੋਦੀ ਨੇ ਕਿਹਾ ਕਿ ਅਪਰੇਸ਼ਨ ‘ਗੰਗਾ’ ਲਾਂਚ ਕੀਤਾ ਗਿਆ ਹੈ ਤੇ ਚਾਰ ਮੰਤਰੀਆਂ ਨੂੰ ਯੂਰਪ ਭੇਜਿਆ ਗਿਆ ਹੈ ਜੋ ਕਿ ਵਤਨ ਵਾਪਸੀ ਪ੍ਰਕਿਰਿਆ ਦੀ ਨਿਗਰਾਨੀ ਕਰ ਰਹੇ ਹਨ। ਫ਼ੌਜ ਤੇ ਏਅਰਫੋਰਸ ਦੀ ਵੀ ਮਦਦ ਲਈ ਜਾ ਰਹੀ ਹੈ ਤਾਂ ਕਿ ਜਲਦੀ ਤੋਂ ਜਲਦੀ ਨਾਗਰਿਕਾਂ ਨੂੰ ਦੇਸ਼ ਵਾਪਸ ਲਿਆਂਦਾ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਜ਼ਰੂਰੀ ਹੋ ਗਿਆ ਹੈ ਕਿ ਦੇਸ਼ ਆਤਮ-ਨਿਰਭਰ ਬਣੇ।
ਮੋਦੀ ਨੇ ਪੂਤਿਨ ਨਾਲ ਫੋਨ ‘ਤੇ ਕੀਤੀ ਗੱਲਬਾਤ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੂਕਰੇਨ ਸੰਕਟ ਉਤੇ ਉੱਚ ਪੱਧਰੀ ਬੈਠਕ ਕੀਤੀ ਹੈ। ਮੀਟਿੰਗ ਵਿਚ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਤੇ ਕੇਂਦਰੀ ਮੰਤਰੀ ਪਿਊਸ਼ ਗੋਇਲ ਵੀ ਹਾਜ਼ਰ ਸਨ। ਇਸ ਤੋਂ ਇਲਾਵਾ ਕਈ ਉੱਚ ਅਧਿਕਾਰੀਆਂ ਨੇ ਵੀ ਬੈਠਕ ਵਿਚ ਹਿੱਸਾ ਲਿਆ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਫੋਨ ‘ਤੇ ਗੱਲਬਾਤ ਕਰਕੇ ਭਾਰਤੀਆਂ ਨੂੰ ਯੂਕਰੇਨ ‘ਚੋਂ ਸੁਰੱਖਿਅਤ ਕੱਢਣ ਬਾਰੇ ਚਰਚਾ ਕੀਤੀ।