ਜ਼ਰੂਰੀ ਦਸਤਾਵੇਜ਼ਾਂ ਲਈ www.nricommissionpunjab.com ਵੈਬਸਾਈਟ ਲਾਂਚ
ਚੰਡੀਗੜ੍ਹ/ਬਿਊਰੋ ਨਿਊਜ਼ : ਹੁਣ ਵਿਦੇਸ਼ਾਂ ਵਿਚ ਰਹਿੰਦੇ ਵਿਅਕਤੀਆਂ ਨੂੰ ਆਪਣੀ ਪਰਿਵਾਰਕ ਸੰਪਤੀ ਨਾਲ ਸਬੰਧਿਤ ਅਤੇ ਹੋਰ ਮਾਮਲਿਆਂ ਦੇ ਨਿਪਟਾਰੇ ਲਈ ਚਿੰਤਾ ਕਰਨ ਦੀ ਲੋੜ ਨਹੀਂ ਹੈ, ਕਿਉਂਕਿ ਪੰਜਾਬ ਸਰਕਾਰ ਨੇ ਵਿਦੇਸ਼ਾਂ ਵਿਚ ਰਹਿੰਦੇ ਪੰਜਾਬੀਆਂ ਨੂੰ ਵੱਡੀ ਰਾਹਤ ਦਿੱਤੀ ਹੈ।
ਪੰਜਾਬ ਸਰਕਾਰ ਵਲੋਂ ਇਕ ਵੈਬਸਾਈਟ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸਦੀ ਮੱਦਦ ਨਾਲ ਵਿਦੇਸ਼ਾਂ ਵਿਚ ਰਹਿੰਦੇ ਵਿਅਕਤੀ ਆਪਣੇ ਕਿਸੇ ਵੀ ਮਾਮਲੇ ਨੂੰ ਸੁਲਝਾਉਣ ਲਈ ਸ਼ਿਕਾਇਤ ਦਰਜ ਕਰਵਾ ਸਕਦੇ ਹਨ।
ਪੰਜਾਬ ਸਟੇਟ ਪਰਵਾਸੀ ਭਾਰਤੀ ਆਯੋਗ ਦੀ ਇਸ ਵੈਬਸਾਈਟ www.nricommissionpunjab.com ਨੂੰ ਪੰਜਾਬ ਦੇ ਪਰਵਾਸੀ ਭਾਰਤੀਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਮਿੰਨੀ ਸਕੱਤਰੇਤ ਚੰਡੀਗੜ੍ਹ ਸਥਿਤ ਆਯੋਗ ਦੇ ਦਫਤਰ ਵਿਚ ਆਯੋਜਿਤ ਇਕ ਸਮਾਗਮ ਦੌਰਾਨ ਲਾਂਚ ਕੀਤਾ ਗਿਆ।
ਇਸ ਬਾਰੇ ਗੱਲ ਕਰਦਿਆਂ ਰਾਣਾ ਸੋਢੀ ਨੇ ਦੱਸਿਆ ਕਿ ਵਿਦੇਸ਼ਾਂ ਵਿਚ ਰਹਿੰਦੇ ਪੰਜਾਬੀਆਂ ਦੀ ਇਮੀਗ੍ਰੇਸ਼ਨ, ਰਾਸ਼ਟਰੀਅਤਾ, ਵਿਆਹ, ਮਾਤਾ-ਪਿਤਾ ਦਰਮਿਆਨ ਬੱਚੇ ਸਬੰਧੀ ਝਗੜੇ, ਪਤੀ-ਪਤਨੀ ਦੀ ਦੇਖ-ਰੇਖ, ਵਿਆਹ ਸਬੰਧੀ ਜਾਇਦਾਦ ਦੀ ਵੰਡ, ਦੇਸ਼ ਤੋਂ ਬਾਹਰ ਬੱਚਾ ਗੋਦ ਲੈਣਾ, ਵਾਰਿਸ, ਗੈਰ ਕਾਨੂੰਨੀ ਪਰਵਾਸ, ਨੌਕਰੀ ਸਬੰਧੀ ਬੁਰੇ ਹਾਲਾਤ, ਭਾਰਤੀ ਜਾਇਦਾਦ ਦੀ ਕਿਰਾਏਦਾਰੀ ਅਤੇ ਹੋਰ ਕਈ ਮਾਮਲਿਆਂ ਦੇ ਹੱਲ ਲਈ ਪੰਜਾਬ ਰਾਜ ਐਨਆਰਆਈ ਆਯੋਗ ਦਾ ਗਠਨ 2011 ਵਿਚ ਕੀਤਾ ਗਿਆ ਸੀ, ਪਰੰਤੂ ਪਰਵਾਸੀ ਭਾਰਤੀਆਂ ਦੇ ਕੇਸਾਂ ਦੇ ਹੱਲ ਲਈ ਜ਼ਰੂਰੀ ਦਸਤਾਵੇਜਾਂ ਅਤੇ ਸੂਚਨਾ ਦੇ ਅਦਾਨ-ਪ੍ਰਦਾਨ ਦੀ ਕਮੀ ਮਹਿਸੂਸ ਹੋ ਰਹੀ ਸੀ, ਜਿਸ ਨੂੰ ਪੂਰਾ ਕਰਨ ਲਈ ਇਹ ਵੈਬਸਾਈਟ ਲਾਂਚ ਕੀਤੀ ਗਈ ਹੈ। ਮੰਤਰੀ ਨੇ ਦੱਸਿਆ ਕਿ ਇਸ ਵੈਬਸਾਈਟ ਦੇ ਜ਼ਰੀਏ ਦੁਨੀਆ ਦੇ ਕਿਸੇ ਵੀ ਕੋਨੇ ਵਿਚ ਬੈਠੇ ਪਰਵਾਸੀ ਭਾਰਤੀ ਕੁਝ ਜ਼ਰੂਰੀ ਦਸਤਾਵੇਜਾਂ ਸਮੇਤ ਸ਼ਿਕਾਇਤ ਦਰਜ ਕਰਵਾ ਸਕਣਗੇ। ਸ਼ਿਕਾਇਤ ਦਰਜ ਹੋਣ ਉਪਰੰਤ ਸ਼ਿਕਾਇਤਕਰਤਾ ਨੂੰ ਭਵਿੱਖ ਵਿਚ ਅਗਲੀ ਜਾਣਕਾਰੀ ਜਾਂ ਕਾਰਵਾਈ ਲਈ ਸੂਚਿਤ ਕਰ ਦਿੱਤਾ ਜਾਵੇਗਾ।

