19 ਸਾਲਾ ਪ੍ਰਭਦੀਪ ਬਾਜਵਾ ਨੇ ਪੰਜਾਬਣਾਂ ਲਈ ਪੇਸ਼ ਕੀਤੀ ਉਦਾਹਰਣ
ਆਕਲੈਂਡ/ਬਿਊਰੋ ਨਿਊਜ਼ : ਜਿੱਥੇ ਭਾਰਤ ਵਿਚ ਲੋਕਾਂ ਨੂੰ ਇਹ ਸੁਨੇਹਾ ਦੇਣਾ ਪੈਂਦਾ ਹੈ ਕਿ ‘ਧੀਆਂ ਦਾ ਸਤਿਕਾਰ ਕਰੋ, ਪੁੱਤਰਾਂ ਵਾਂਗ ਪਿਆਰ ਕਰੋ’ ਉਥੇ ਬਾਹਰਲੇ ਮੁਲਕਾਂ ਵਿਚ ਭਾਰਤੀ ਕੁੜੀਆਂ ਖ਼ਾਸ ਕਰਕੇ ਪੰਜਾਬੀ ਕੁੜੀਆਂ ਦਲੇਰਾਨਾ ਪੇਸ਼ਾ ਚੁਣਦਿਆਂ ਆਪਣੀ ਮਿਹਨਤ, ਲਗਨ, ਹੁਨਰ, ਸਿਆਣਪ ਅਤੇ ਉੱਚ ਸਿੱਖਿਆ ਪ੍ਰਾਪਤ ਕਰਕੇ ਖ਼ੁਦ ਹੀ ਅਜਿਹੀ ਉਦਾਹਰਣ ਬਣਦੀਆਂ ਹਨ ਕਿ ਆਪਣੇ ਦੇਸ਼ ਤਾਂ ਕੀ ਬਾਹਰਲੇ ਮੁਲਕ ਵੀ ਉਨ੍ਹਾਂ ਦਾ ਬਰਾਬਰ ਦਾ ਸਤਿਕਾਰ ਕਰਨ ਲੱਗਦੇ ਹਨ।
ਨਿਊਜ਼ੀਲੈਂਡ ਵੱਸਦੇ ਭਾਰਤੀ ਭਾਈਚਾਰੇ ਨੂੰ ਇਸ ਗੱਲ ਦੀ ਖੁਸ਼ੀ ਹੋਏਗੀ ਕਿ ਨਿਊਜ਼ੀਲੈਂਡ ਪੁਲਿਸ ‘ਚ ਹੁਣ ਇਕ ਹੋਰ 19 ਸਾਲਾ ਪੰਜਾਬੀ ਕੁੜੀ ਪ੍ਰਭਦੀਪ ਬਾਜਵਾ ਸ਼ਾਮਿਲ ਹੋ ਗਈ ਹੈ। ਪਿਤਾ ਲਹਿੰਬਰ ਸਿੰਘ ਤੇ ਮਾਤਾ ਹਰਦੀਪ ਕੌਰ ਦੀ ਇਹ ਲਾਡਲੀ ਬੇਟੀ ਪਿੰਡ ਬਾਜਵਾ ਕਲਾਂ (ਜਲੰਧਰ) ਤੋਂ ਇਥੇ 2 ਕੁ ਸਾਲਾਂ ਦੀ ਉਮਰ ਵਿਚ ਆਪਣੇ ਮਾਪਿਆਂ ਨਾਲ ਆਈ ਸੀ। ਇਸ ਨੇ ਇਥੇ ਆ ਕੇ ਸਕੂਲੀ ਪੜ੍ਹਾਈ ਕਰਨ ਉਪਰੰਤ ਨਿਊਜ਼ੀਲੈਂਡ ਪੁਲਿਸ ਵਿਚ ਜਾਣ ਦਾ ਮਨ ਬਣਾ ਲਿਆ। ਲਗਪਗ ਇਕ ਸਾਲ ਦਾ ਸਮਾਂ ਲੱਗ ਗਿਆ ਇਸ ਕੁੜੀ ਨੂੰ ਪੁਲਿਸ ਦੀ ਨੀਲੀ ਵਰਦੀ ਪਹਿਨਣ ਤੱਕ। ਇਸ ਨੇ 12 ਮਿੰਟ ਵਿਚ 2.4 ਕਿਲੋਮੀਟਰ ਦੀ ਦੌੜ ਅਤੇ 50 ਮੀਟਰ ਦੀ ਤੈਰਾਕੀ 50 ਸਕਿੰਟਾਂ ਵਿਚ ਕਰਕੇ ਅਗਲੀ ਟ੍ਰੇਨਿੰਗ ਰਾਇਲ ਨਿਊਜ਼ੀਲੈਂਡ ਪੁਲਿਸ ਕਾਲਜ ਵਲਿੰਗਟਨ ਵਿਖੇ ਇਕ ਤਰ੍ਹਾਂ ਪੱਕੀ ਕਰ ਲਈ। ਚਾਰ ਮਹੀਨਿਆਂ ਦੀ ਸਖ਼ਤ ਟਰੇਨਿੰਗ ਬਾਅਦ ਲੰਘੀ 28 ਸਤੰਬਰ ਨੂੰ ਇਸ ਨੇ ਗ੍ਰੈਜੂਏਸ਼ਨ ਪਾਸ ਕਰ ਲਈ। ਇਸ ਬੈਚ ਵਿਚ ਇਹ ਇਕੋ-ਇਕ ਪੰਜਾਬੀ ਕੁੜੀ ਸੀ ਤੇ ਇਕ ਪੰਜਾਬੀ ਮੁੰਡਾ। ਨਿਊਜ਼ੀਲੈਂਡ ਪੁਲਿਸ ਵਿਚ ਆਉਣ ਦਾ ਇਸ ਕੁੜੀ ਦਾ ਮੁੱਖ ਮਕਸਦ ਔਰਤਾਂ ਖ਼ਾਸ ਕਰ ਪੰਜਾਬੀ ਕੁੜੀਆਂ ਪ੍ਰਤੀ ਲੋਕਾਂ ਦਾ ਮਾਨ-ਸਨਮਾਨ ਹੋਰ ਵਧਾਉਣਾ ਹੈ।

