27 ਸਤੰਬਰ 2019 ਨੂੰ ਡਿਪਟੀ ਸੰਦੀਪ ਧਾਲੀਵਾਲ ਦੀ ਹੋਈ ਸੀ ਹੱਤਿਆ
ਨਵੀਂ ਦਿੱਲੀ/ਬਿਊਰੋ ਨਿਊਜ਼ : ਅਮਰੀਕਾ ਦੇ ਸੂਬੇ ਟੈਕਸਾਸ ‘ਚ 2019 ਵਿੱਚ ਪਹਿਲੇ ਦਸਤਾਰਧਾਰੀ ਭਾਰਤੀ-ਅਮਰੀਕੀ ਸਿੱਖ ਪੁਲਿਸ ਅਫਸਰ ਸੰਦੀਪ ਧਾਲੀਵਾਲ ਦੀ ਹੱਤਿਆ ਦੇ ਦੋਸ਼ੀ ਰਾਬਰਟ ਸੋਲਿਸ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ। ਇਹ ਫੈਸਲਾ ਨਾਗਰਿਕਾਂ ਦੇ ਬਣੇ ਪੈਨਲ ਜਿਊਰੀ ਵੱਲੋਂ ਦਿੱਤਾ ਗਿਆ।
ਸੋਲਿਸ ਨੇ ਸਜ਼ਾ ਸੁਣਨ ਤੋਂ ਬਾਅਦ ਕੋਈ ਪ੍ਰਤੀਕਿਰਿਆ ਨਹੀਂ ਕੀਤੀ। ਮੌਤ ਦੀ ਸਜ਼ਾ ਦੀ ਸਿਫਾਰਸ਼ ਕਰਨ ਤੋਂ ਪਹਿਲਾਂ ਜਿਊਰੀ ਨੇ ਸਿਰਫ 35 ਮਿੰਟ ਲਈ ਵਿਚਾਰ-ਵਟਾਂਦਰਾ ਕੀਤਾ। ਇਸਦੇ ਨਾਲ ਹੀ ਹੈਰਿਸ ਕਾਊਂਟੀ ਸ਼ੈਰਿਫ ਅਤੇ ਗੋਂਜਾਲੇਜ਼ ਨੇ ਟਵੀਟ ਕਰਕੇ ਕਿਹਾ ਕਿ ਫੈਸਲਾ ਆ ਗਿਆ ਹੈ ਕਿ ਮਾਨਯੋਗ ਜੱਜਾਂ ਨੇ ਰਾਬਰਟ ਸੋਲਿਸ ਨੂੰ ਮੌਤ ਦੀ ਸਜ਼ਾ ਸੁਣਾਈ ਹੈ।
ਉਨ੍ਹਾਂ ਕਿਹਾ ਕਿ ਸੰਦੀਪ ਧਾਲੀਵਾਲ ਨੂੰ ਇੰਨੇ ਸਾਲਾਂ ਬਾਅਦ ਇਨਸਾਫ ਮਿਲਿਆ ਹੈ। ਇਸ ਦੇ ਨਾਲ ਹੀ ਫੈਸਲੇ ਤੋਂ ਪਹਿਲਾਂ, ਦੋਸ਼ੀ ਸੋਲਿਸ ਨੇ ਆਪਣੇ ਬਚਾਅ ਵਿਚ ਗਵਾਹੀ ਦਿੱਤੀ ਅਤੇ ਜੱਜਾਂ ਨੂੰ ਕਿਹਾ ਕਿ ਉਸ ਨੇ ਧਾਲੀਵਾਲ ਨੂੰ ਗਲਤੀ ਨਾਲ ਗੋਲੀ ਮਾਰ ਦਿੱਤੀ ਸੀ।
ਹਾਲਾਂਕਿ ਇਸਤਗਾਸਾ ਪੱਖ ਨੇ ਦਲੀਲ ਦਿੱਤੀ ਕਿ ਸੋਲਿਸ ਨੇ ਜਾਣ ਬੁੱਝ ਕਿ ਧਾਲੀਵਾਲ ਨੂੰ ਗੋਲੀ ਮਾਰੀ ਸੀ। ਦੱਸਣਯੋਗ ਹੈ ਕਿ 27 ਸਤੰਬਰ 2019 ਨੂੰ ਡਿਪਟੀ ਸੰਦੀਪ ਧਾਲੀਵਾਲ ਨੂੰ ਇਕ ਟਰੈਫਿਕ ਸਟਾਪ ਦਾ ਸੰਚਾਲਨ ਕਰਦੇ ਸਮੇਂ ਗੋਲੀ ਮਾਰ ਦਿੱਤੀ ਗਈ ਸੀ।