ਮਾਓ ਜ਼ੇ ਤੁੰਗ ਤੋਂ ਬਾਅਦ ਬਣੇ ਦੂਜੇ ਸਭ ਤੋਂ ਸ਼ਕਤੀਸ਼ਾਲੀ ਨੇਤਾ
ਬੀਜਿੰਗ/ਬਿਊਰੋ ਨਿਊਜ਼ : ਸ਼ੀ ਜਿਨਪਿੰਗ (69) ਨੇ ਐਤਵਾਰ ਨੂੰ ਚੀਨ ਦੇ ਰਾਸ਼ਟਰਪਤੀ ਵਜੋਂ ਇਤਿਹਾਸਕ ਤੀਜਾ ਕਾਰਜਕਾਲ ਪ੍ਰਾਪਤ ਕਰ ਲਿਆ ਹੈ। ਉਹ ਤੀਜੀ ਵਾਰ ਕਮਿਊਨਿਸਟ ਪਾਰਟੀ ਆਫ ਚਾਈਨਾ (ਸੀ.ਪੀ.ਸੀ.) ਦੇ ਜਨਰਲ ਸਕੱਤਰ ਚੁਣੇ ਗਏ ਹਨ। ਸੀ.ਪੀ.ਸੀ. ਦੇ ਸੰਸਥਾਪਕ ਮਾਓ ਜ਼ੇ ਤੁੰਗ ਤੋਂ ਬਾਅਦ ਸ਼ੀ ਜਿਨਪਿੰਗ ਅਜਿਹੇ ਪਹਿਲੇ ਨੇਤਾ ਹਨ, ਜਿਨ੍ਹਾਂ ਨੂੰ ਲਗਾਤਾਰ ਤੀਜੀ ਵਾਰ ਚੀਨ ਦੀ ਵਾਗਡੋਰ ਸੰਭਾਲਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਇਸ ਮੌਕੇ ਸੰਬੋਧਨ ਕਰਦਿਆਂ ਸ਼ੀ ਜਿਨਪਿੰਗ ਨੇ ਚੀਨ ਦੇ ਤੇਜ਼ੀ ਨਾਲ ਵਿਕਾਸ ਲਈ ਭਵਿੱਖ ਦੀ ਨੀਤੀ ‘ਤੇ ਵੀ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਅਸੀਂ ਸੁਧਾਰ ਤੇ ਖੁੱਲ੍ਹੇਪਨ ਦੀ ਦਿਸ਼ਾ ‘ਚ 40 ਸਾਲ ਤੋਂ ਵੱਧ ਦੇ ਅਣਥੱਕ ਯਤਨਾਂ ਤੋਂ ਬਾਅਦ ਦੋ ਚਮਤਕਾਰ ਕੀਤੇ ਹਨ। ਪਹਿਲਾ ਤੇਜ਼ੀ ਨਾਲ ਆਰਥਿਕ ਵਿਕਾਸ ਤੇ ਦੂਜਾ ਦੀਰਘਕਾਲਿਕ ਸਮਾਜਿਕ ਸਥਿਰਤਾ। ਉਨ੍ਹਾਂ ਕਿਹਾ ਕਿ ਦੁਨੀਆ ਨੂੰ ਚੀਨ ਦੀ ਜ਼ਰੂਰਤ ਹੈ। ਚੀਨ, ਦੁਨੀਆ ਬਿਨਾਂ ਵਿਕਸਤ ਨਹੀਂ ਹੋ ਸਕਦਾ ਤੇ ਦੁਨੀਆ ਵੀ ਚੀਨ ਦੇ ਬਿਨਾਂ ਅੱਗੇ ਨਹੀਂ ਵਧ ਸਕਦੀ। ਇਸ ਲਈ ਹੋਰਨਾਂ ਦੇਸ਼ਾਂ ਨਾਲ ਮਿਲ ਕੇ ਕੰਮ ਕਰਨ ਦੀ ਜ਼ਰੂਰਤ ਹੈ।
ਜਿਨਪਿੰਗ ਦੇ ਤੀਜੀ ਵਾਰ ਰਾਸ਼ਟਰਪਤੀ ਬਣਨ ਦੇ ਨਾਲ ਹੀ ਪਾਰਟੀ ਦਾ 4 ਦਹਾਕੇ ਪੁਰਾਣਾ ਨਿਯਮ ਵੀ ਟੁੱਟ ਗਿਆ। ਦਰਅਸਲ, ਚੀਨ ‘ਚ 1982 ‘ਚ ਸਭ ਤੋਂ ਸਿਖਰਲੇ ਅਹੁਦੇ ‘ਤੇ 10 ਸਾਲ ਦੇ ਕਾਰਜਕਾਲ ਦਾ ਨਿਯਮ ਬਣਾਇਆ ਗਿਆ ਸੀ। ਹਾਲਾਂਕਿ, ਜਿਨਪਿੰਗ ਨੂੰ 5 ਹੋਰ ਸਾਲਾਂ ਲਈ ਸੱਤਾ ‘ਚ ਬਰਕਰਾਰ ਰੱਖਣ ਲਈ ਇਸ ਨਿਯਮ ਨੂੰ ਦਰਕਿਨਾਰ ਕਰ ਦਿੱਤਾ ਗਿਆ। ਇਸ ਸਾਲ ਜਿਨਪਿੰਗ ਸੀ.ਪੀ.ਸੀ. ਪ੍ਰਮੁੱਖ ਤੇ ਰਾਸ਼ਟਰਪਤੀ ਵਜੋਂ ਆਪਣਾ 10 ਸਾਲ ਦਾ ਕਾਰਜਕਾਲ ਪੂਰਾ ਕਰ ਰਹੇ ਹਨ। ਪਾਰਟੀ ਸੰਸਥਾਪਕ ਮਾਓ ਜ਼ੇ ਤੁੰਗ ਤੋਂ ਬਾਅਦ ਉਹ ਪਹਿਲੇ ਚੀਨੀ ਨੇਤਾ ਬਣ ਗਏ ਹਨ, ਜੋ ਸੱਤਾ ‘ਚ ਤੀਜੇ ਕਾਰਜਕਾਲ ਤੱਕ ਕਾਇਮ ਰਹਿਣਗੇ। ਮਾਓ ਜ਼ੇ ਤੁੰਗ ਨੇ ਕਰੀਬ ਤਿੰਨ ਦਹਾਕਿਆਂ ਤੱਕ ਚੀਨ ‘ਤੇ ਸ਼ਾਸਨ ਕੀਤਾ ਸੀ। ਜਾਣਕਾਰਾਂ ਦਾ ਮੰਨਣਾ ਹੈ ਕਿ ਨਵਾਂ ਕਾਰਜਕਾਲ ਮਿਲਣ ਦਾ ਸਿੱਧਾ ਮਤਲਬ ਹੈ ਕਿ ਜਿਨਪਿੰਗ ਵੀ ਮਾਓ ਦੀ ਤਰ੍ਹਾਂ ਜੀਵਨਭਰ ਸੱਤਾ ‘ਚ ਬਣੇ ਰਹਿਣ ਦੀ ਮਨਸ਼ਾ ਰੱਖਦੇ ਹਨ।