ਟੋਰਾਂਟੋ/ਬਿਊਰੋ ਨਿਊਜ਼ : ਟੋਰਾਂਟੋ ਵਿਚ ਸਥਿਤ ਪ੍ਰਸਿੱਧ ਸਵਾਮੀ ਨਰਾਇਣ ਮੰਦਿਰ ਦੇ ਮੁੱਖ ਦਰਵਾਜ਼ੇ ‘ਤੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਖਾਲਿਸਤਾਨ ਜ਼ਿੰਦਾਬਾਦ, ਹਿੰਦੋਸਤਾਨ ਮੁਰਦਾਬਾਦ ਦੇ ਨਾਅਰੇ ਲਿਖੇ ਜਾਣ ‘ਤੇ ਭਾਰਤ ਸਰਕਾਰ ਨੇ ਸਖਤ ਇਤਰਾਜ਼ ਦਾ ਪ੍ਰਗਟਾਵਾ ਕੀਤਾ ਹੈ। ਜ਼ਿਕਰਯੋਗ ਹੈ ਕਿ ਲੰਘੇ ਕੱਲ੍ਹ ਇਸ ਪ੍ਰਸਿੱਧ ਮੰਦਿਰ ਜੋ ਕਿ ਗੁਜਰਾਤੀ ਕਮਿਊਨਿਟੀ ਦੇ ਲੋਕਾਂ ਵੱਲੋਂ ਬਹੁਤ ਸ਼ਾਨਦਾਰ ਮੀਨਾਕਾਰੀ ਕਰਕੇ ਬਣਾਇਆ ਗਿਆ ਹੈ, ਜਿੱਥੋਂ ਦਾ ਕੈਨੇਡਾ ਦੇ ਕਈ ਪ੍ਰਧਾਨ ਮੰਤਰੀ ਵੀ ਦੌਰਾ ਕਰ ਚੁੱਕੇ ਹਨ, ਦੇ ਮੁੱਖ ਦਰਵਾਜ਼ੇ ‘ਤੇ ਕੁਝ ਸ਼ਰਾਰਤੀ ਅਨਸਰਾਂ ਨੇ ਭਾਰਤ ਵਿਰੋਧੀ ਅਤੇ ਖਾਲਿਸਤਾਨ ਦੇ ਹੱਕ ਵਿਚ ਨਾਅਰੇ ਲਿਖੇ ਸਨ। ਟੋਰਾਂਟੋ ਪੁਲਿਸ ਨੇ ਇਸ ਗੱਲ ਨੂੰ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਵੱਲੋਂ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਧਰ ਇਹ ਵੀ ਜ਼ਿਕਰਯੋਗ ਹੈ ਕਿ 18 ਸਤੰਬਰ ਨੂੰ ਸਿੱਖ ਫਾਰ ਜਸਟਿਸ ਵੱਲੋਂ ਖਾਲਿਸਤਾਨ ਰਿਫਰੈਂਡਮ ਮੁਹਿੰਮ ਰਾਹੀਂ ਵੋਟਾਂ ਪਾਉਣ ਲਈ ਮੁਹਿੰਮ ਵੀ ਚਲਾਈ ਜਾ ਰਹੀ ਹੈ। ਇਸ ਘਟਨਾ ਦੇ ਚਰਚਾ ਵਿਚ ਆਉਣ ਤੋਂ ਬਾਅਦ ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ, ਬਰੈਂਪਟਨ ਸਾਊਥ ਤੋਂ ਐਮਪੀਪੀ ਸੋਨੀਆ ਸਿੱਧੂ, ਓਟਵਾ ਤੋਂ ਐਮਪੀ ਚੰਦਰ ਆਰਿਆ ਸਮੇਤ ਕਈ ਰਾਜਨੀਤਿਕ ਹਸਤੀਆਂ ਨੇ ਇਸ ਦਾ ਸਖਤ ਵਿਰੋਧ ਕੀਤਾ ਹੈ। ਪੀਲ ਪੁਲਿਸ ਦੇ ਚੀਫ਼ ਨਿਸ਼ਾਨ ਦੁਰੱਪਾ ਨੇ ਵੀ ਕਿਹਾ ਹੈ ਕਿ ਨਫ਼ਰਤ ਲਈ ਸਾਡੇ ਸਮਾਜ ਵਿਚ ਕੋਈ ਸਥਾਨ ਨਹੀਂ ਹੈ ਅਤੇ ਉਹ ਇਸ ਹਰਕਤ ਦੀ ਪੁਰਜ਼ੋਰ ਨਿਖੇਧੀ ਕਰਦੇ ਹਨ। ਉਧਰ ਇਸ ਮੰਦਰ ਦੀ ਕਮੇਟੀ ਵੱਲੋਂ ਵੀ ਇਕ ਪ੍ਰੈਸ ਰਿਲੀਜ਼ ਜਾਰੀ ਕਰਕੇ ਕਿਹਾ ਗਿਆ ਹੈ ਕਿ ਇਹ ਮੰਦਰ ਸਭਨਾਂ ਦਾ ਸਾਂਝਾ ਹੈ ਅਤੇ ਮੰਦਿਰ ਵੱਲੋਂ ਸ਼ਾਂਤੀ, ਭਾਈਚਾਰੇ ਅਤੇ ਬਰਾਬਰਤਾ ਦਾ ਸੰਦੇਸ਼ ਦਿੱਤਾ ਜਾਂਦਾ ਹੈ, ਜਿਸ ਲਈ ਅਜਿਹੇ ਸਾਂਝੇ ਧਾਰਮਿਕ ਸਥਾਨ ‘ਤੇ ਹੋਏ ਹਮਲੇ ਦਾ ਉਨ੍ਹਾਂ ਨੂੰ ਬੇਹੱਦ ਅਫ਼ਸੋਸ ਹੈ। ਓਟਵਾ ਵਿਚ ਸਥਿਤ ਭਾਰਤੀ ਹਾਈ ਕਮਿਸ਼ਨ ਵੱਲੋਂ ਵੀ ਸਟੇਟਮੈਂਟ ਜਾਰੀ ਕਰਕੇ ਇਸ ਦੀ ਪੁਰਜ਼ੋਰ ਨਿਖੇਧੀ ਕੀਤੀ ਗਈ ਹੈ ਅਤੇ ਕੈਨੇਡਾ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਦੋਸ਼ੀਆਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇ।