ਪੀਐਮ ਤੋਂ ਇਲਾਵਾ ਪੁਲਿਸ ਨੂੰ ਵੀ ਹਿੰਸਾ ਦੀ ਧਮਕੀ ਦੇ ਚੁੱਕਾ ਹੈ ਆਰੋਪੀ
ਓਟਾਵਾ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਖਿਲਾਫ ਆਨਲਾਈਨ ਧਮਕੀਆਂ ਦੇਣ ਦੇ ਆਰੋਪ ਵਿਚ ਇਕ ਵਿਅਕਤੀ ਨੂੰ ਪੁਲਿਸ ਵਲੋਂ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਇਕ ਵਿਅਕਤੀ ਨੇ ਪੀਐਮ ਜਸਟਿਨ ਟਰੂਡੋ, ਪੁਲਿਸ ਅਤੇ ਸੁਰੱਖਿਆ ਕਰਮੀਆਂ ਦੇ ਖਿਲਾਫ ਹਿੰਸਾ ਕਰਨ ਦੀਆਂ ਧਮਕੀਆਂ ਦਿੱਤੀਆਂ ਹਨ, ਜੋ ਆਨਲਾਈਨ ਵੀਡੀਓ ਵਿਚ ਉਨ੍ਹਾਂ ਦੀਆਂ ਯੋਜਨਾਵਾਂ ਵਿਚ ਦਖਲਅੰਦਾਜ਼ੀ ਕਰਨ ਦਾ ਯਤਨ ਹੋ ਸਕਦਾ ਹੈ। ਇਹ ਵਿਅਕਤੀ ਕੁਝ ਦਿਨਾਂ ਤੋਂ ਲਗਾਤਾਰ ਆਨਲਾਈਨ ਧਮਕੀਆਂ ਦੇ ਰਿਹਾ ਸੀ ਅਤੇ ਆਖਿਰ ਪੁਲਿਸ ਨੇ ਉਸ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ।
ਆਰ.ਸੀ.ਐਮ.ਪੀ. ਨੇ ਸਭ ਤੋਂ ਪਹਿਲਾਂ ਇਸ ਵਿਅਕਤੀ ਦੀ ਲੋਕੇਸ਼ਨ ਦਾ ਪਤਾ ਲਗਾਇਆ ਅਤੇ ਉਸ ਤੋਂ ਬਾਅਦ ਪੁਲਿਸ ਦੀ ਮੱਦਦ ਨਾਲ ਇਸ ਨੂੰ ਗ੍ਰਿਫਤਾਰ ਕਰਨ ਦੀ ਕਾਰਵਾਈ ਸ਼ੁਰੂ ਕੀਤੀ। ਉਨਟਾਰੀਓ ਵਿਚ ਯਾਰਕ ਰੀਜ਼ਨਲ ਪੁਲਿਸ ਦੀ ਮੱਦਦ ਨਾਲ ਇਸ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਸ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਯਾਰਕ ਰੀਜ਼ਨਲ ਪੁਲਿਸ ਨੇ 33 ਸਾਲਾ ਡੇਵਿਡ ਜਾਲੇਵਸਕੀ ‘ਤੇ ਧਮਕੀਆਂ ਦੇਣ ਦੇ ਦੋ ਮਾਮਲਿਆਂ ਵਿਚ ਆਰੋਪ ਲਗਾਏ। ਪਿਛਲੇ ਦਿਨੀਂ ਆਰਸੀਐਮਪੀ ਨੇ ਪ੍ਰੈਸ ਰਿਲੀਜ਼ ਵਿਚ ਕਿਹਾ ਸੀ ਕਿ ਕੈਨੇਡੀਅਨਾਂ ਦੀ ਸੁਰੱਖਿਆ ਲਈ ਕੋਈ ਕਸਰ ਬਾਕੀ ਨਹੀਂ ਛੱਡਾਂਗੇ।
ਸੁਰੱਖਿਆ ਏਜੰਸੀਆਂ ਹੋਈਆਂ ਚੌਕਸ
ਅਮਰੀਕਾ ‘ਚ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ‘ਤੇ ਹੋਏ ਹਮਲੇ ਤੋਂ ਬਾਅਦ ਕੈਨੇਡਾ ਦੀਆਂ ਸੁਰੱਖਿਆ ਏਜੰਸੀਆਂ ਵਲੋਂ ਅਜਿਹੀਆਂ ਧਮਕੀਆਂ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਜਾਂਚ ਏਜੰਸੀਆਂ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜਿਹੇ ਮਾਮਲੇ ਬਹੁਤ ਹੀ ਜ਼ਿਆਦਾ ਗੰਭੀਰ ਹੋ ਸਕਦੇ ਹਨ ਅਤੇ ਇਸ ਲਈ ਅਜਿਹੇ ਹਰ ਖਤਰੇ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ।