ਬੀਬੀ ਜੈਸਿਕਾ ਨੇ ਮਤੇ ਦੀ ਕਾਪੀ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੂੰ ਸੌਂਪੀ
ਨਿਊਯਾਰਕ/ਬਿਊਰੋ ਨਿਊਜ਼ : ਅਮਰੀਕਾ ਦੇ ਇਤਿਹਾਸ ਵਿਚ ਮੰਗਲਵਾਰ ਦਾ ਦਿਨ ਸਿੱਖ ਭਾਈਚਾਰੇ ਲਈ ਬਹੁਤ ਮਾਣ ਤੇ ਫਖਰ ਵਾਲਾ ਰਿਹਾ। ਉਹ ਇਸ ਲਈ ਕਿ ਅਮਰੀਕਾ ਦੀ ਨਿਊਯਾਰਕ ਸਟੇਟ ਅਸੈਂਬਲੀ ਵੱਲੋਂ ਇਕ ਵਿਸ਼ੇਸ਼ ਮਤਾ ਪਾਸ ਕਰਕੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਨੂੰ ਦੁਨੀਆਂ ਦੇ ਸਭ ਤੋਂ ਛੋਟੀ ਉਮਰ ਦੇ ਸ਼ਹੀਦ ਐਲਾਨਿਆ ਗਿਆ ਹੈ। ਅਸੈਂਬਲੀ ਮੈਂਬਰ ਬੀਬੀ ਜੈਸਿਕਾ ਗੇਜ਼ਾਲਸ ਦੇ ਉਦਮ ਅਤੇ ਵਰਲਡ ਸਿੱਖ ਪਾਰਲੀਮੈਂਟ ਦੀ ਰਿਲੀਜ਼ੀਅਸ ਤੇ ਐਜੂਕੇਸ਼ਨ ਕੌਂਸਲ ਦੇ ਯਤਨਾਂ ਸਦਕਾ ਇਸ ਮਤੇ ਦੀ ਕਾਪੀ ਗੁਰਦੁਆਰਾ ਸਿੱਖ ਸੈਂਟਰ ਆਫ਼ ਨਿਊਯਾਰਕ ਫਲੈਸਿੰਗ ਵਿਖੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਰਵਾਏ ਜਾ ਰਹੇ ਸਮਾਗਮ ਸਮੇਂ ਪ੍ਰਬੰਧਕਾਂ ਨੂੰ ਸੌਂਪੀ ਗਈ। ਆਪਣੇ ਪਰਿਵਾਰ ਸਮੇਤ ਸਮਾਗਮ ਵਿਚ ਹਿੱਸਾ ਲੈਣ ਪਹੁੰਚੀ ਬੀਬੀ ਜੈਸਿਕਾ ਨੇ ਇਸ ਮੌਕੇ ਬੋਲਦਿਆਂ ਚਾਰੋਂ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਸ਼ਰਧਾਂਜਲੀ ਭੇਟ ਵੀ ਕੀਤੀ। ਉਨ੍ਹਾਂ ਕਿਹਾ ਕਿ ਮੈਂ ਸਿੱਖ ਇਤਿਹਾਸ ਅਤੇ ਖਾਸ ਕਰਕੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਪੜ੍ਹ ਕੇ ਬਹੁਤ ਜ਼ਿਆਦਾ ਪ੍ਰਭਾਵਿਤ ਹੋਈ ਹਾਂ।
ਇਹ ਜਾਣਕਾਰੀ ‘ਵਰਲਡ ਸਿੱਖ ਪਾਰਲੀਮੈਂਟ’ ਜਥੇਬੰਦੀ ਅਤੇ ਅਮਰੀਕਨ ਸਿੱਖ ਗੁਰਦੁਆਰਾ ਜਥੇਬੰਦੀ ਕਮੇਟੀ ਵੱਲੋਂ ਦਿੱਤੀ ਗਈ। ਏਐੱਸਜੀਪੀਸੀ ਦੇ ਆਗੂ ਡਾ. ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਸ੍ਰੀਮਤੀ ਜੈਸਿਕਾ ਗੇਜਾਲਸ ਤੇ ਉਨ੍ਹਾਂ ਦਾ ਅੱਠ ਸਾਲਾ ਪੁੱਤਰ ਗੁਰਦੁਆਰਾ ਸਾਹਿਬ ਵਿੱਚ ਨਤਮਸਤਕ ਹੋਣ ਲਈ ਪੁੱਜੇ ਸਨ, ਜਿੱਥੇ ਉਨ੍ਹਾਂ ਅਸੈਂਬਲੀ ਮੈਂਬਰ ਵਜੋਂ 4 ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਦੇ ਸਬੰਧ ਵਿੱਚ ਇੱਕ ਸਾਈਟੇਸ਼ਨ ਜਾਰੀ ਕੀਤੀ, ਜਿਸ ਵਿੱਚ ਕਿਹਾ ਗਿਆ ਕਿ ਉਹ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਨਤਮਸਤਕ ਹੁੰਦਿਆਂ ਸਿੱਖ ਭਾਈਚਾਰੇ ਨਾਲ ਆਪਣੀ ਇੱਕਜੁਟਤਾ ਦਾ ਪ੍ਰਗਟਾਵਾ ਕਰਦੇ ਹਨ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਜਲਦੀ ਹੀ ਇਹ ਮਤਾ ਨਿਊਯਾਰਕ ਅਸੈਂਬਲੀ ਵਿੱਚ ਵੀ ਰੱਖਿਆ ਜਾਵੇਗਾ। ਇਸ ਮੌਕੇ ਉਨ੍ਹਾਂ ਨੂੰ ਗੁਰਦੁਆਰਾ ਕਮੇਟੀ ਵੱਲੋਂ ਮੀਤ ਪ੍ਰਧਾਨ ਜਿੰਦਰ ਸਿੰਘ, ਟਰੱਸਟੀ ਹਰਦੀਪ ਸਿੰਘ ਤੇ ਹੋਰਨਾਂ ਵੱਲੋਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।
Check Also
ਕੈਨੇਡਾ ‘ਚ ਪੱਕੇ ਹੋਣ ਦਾ LMIA ਵਾਲਾ ਰਾਹ ਵੀ ਹੋਵੇਗਾ ਬੰਦ
ਪੱਕੀ ਰਿਹਾਇਸ਼ ਲਈ LMIA ਦੀ ਵੱਡੇ ਪੱਧਰ ‘ਤੇ ਹੋ ਰਹੀ ਦੁਰਵਰਤੋਂ : ਮਾਰਕ ਮਿੱਲਰ ਟੋਰਾਂਟੋ/ਬਿਊਰੋ …