Breaking News
Home / ਹਫ਼ਤਾਵਾਰੀ ਫੇਰੀ / ਕਿਸਾਨ ਅੰਦੋਲਨ ਰਚ ਗਿਆ ਇਤਿਹਾਸ

ਕਿਸਾਨ ਅੰਦੋਲਨ ਰਚ ਗਿਆ ਇਤਿਹਾਸ

ਆਜ਼ਾਦ ਭਾਰਤ ਦੇ ਇਤਿਹਾਸ ‘ਚ ਸਭ ਤੋਂ ਵੱਡੇ ਅੰਦੋਲਨ ਵਜੋਂ ਹੋਇਆ ਦਰਜ਼
ਚੰਡੀਗੜ੍ਹ : ਸਾਲ 2021 ਕਿਸਾਨਾਂ ਦੇ ਸੰਘਰਸ਼ ਦੀ ਇਤਿਹਾਸਕ ਇਬਾਰਤ ਲਿਖ ਗਿਆ। ਕੇਂਦਰ ਸਰਕਾਰ ਵਲੋਂ ਲਿਆਂਦੇ ਗਏ ਵਿਵਾਦਤ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਪੰਜਾਬ ਦੇ ਕਿਸਾਨ ਸੰਗਠਨਾਂ ਦੀ ਅਗਵਾਈ ਵਿਚ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਨੇ ਆਜ਼ਾਦ ਭਾਰਤ ਦੇ ਇਤਿਹਾਸ ਦੇ ਸਭ ਤੋਂ ਵੱਡੇ ਅੰਦੋਲਨ ਦੀ ਸ਼ੁਰੂਆਤ ਕੀਤੀ। ਕਰੀਬ 13 ਮਹੀਨੇ ਚੱਲੇ ਸ਼ਾਂਤੀਪੂਰਨ ਅੰਦੋਲਨ ਵਿਚ ਹਾਲਾਂਕਿ ਕਈ ਉਤਰਾਅ-ਚੜ੍ਹਾਅ ਵੀ ਦੇਖਣ ਨੂੰ ਮਿਲੇ ਅਤੇ ਫਿਰ ਕੇਂਦਰ ਸਰਕਾਰ ਨੇ ਕਿਸਾਨਾਂ ਅੱਗੇ ਝੁਕਦਿਆਂ ਤਿੰਨ ਖੇਤੀ ਕਾਨੂੰਨ ਵਾਪਸ ਲੈ ਲਏ।
5 ਜੂਨ 2020 ਨੂੂੰ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਤਿੰਨ ਖੇਤੀ ਕਾਨੂੰਨਾਂ ਨੂੰ ਸੰਸਦ ‘ਚ ਲਿਆਂਦਾ ਅਤੇ 20 ਸਤੰਬਰ ਨੂੰ ਲੋਕ ਸਭਾ ਅਤੇ ਫਿਰ ਬਾਅਦ ਵਿਚ ਰਾਜ ਸਭਾ ਵਿਚ ਪਾਸ ਕੀਤਾ। 24 ਸਤੰਬਰ 2020 ਨੂੰ ਕਿਸਾਨ ਅੰਦੋਲਨ ਦੀ ਸ਼ੁਰੂਆਤ ਹੋਈ, ਕਿਸਾਨਾਂ ਨੇ ਤਿੰਨ ਦਿਨ ਲਈ ਰੇਲਾਂ ਰੋਕੀਆਂ ਅਤੇ 15 ਅਕਤੂਬਰ ਨੂੰ ਅੰਦੋਲਨ ਚਲਾਉਣ ਦੀ ਚਿਤਾਵਨੀ ਦਿੱਤੀ। 26 ਨਵੰਬਰ 2020 ਨੂੰ ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਨੂੰ ਰਾਸ਼ਟਰਪਤੀ ਦੀ ਮਨਜੂਰੀ ਮਿਲਣ ਤੋਂ ਬਾਅਦ ਨਰਾਜ਼ ਹੋਏ ਪੰਜਾਬ ਦੇ ਕਿਸਾਨਾਂ ਨੇ ਦਿੱਲੀ ਕੂਚ ਕਰਕੇ ਪੱਕਾ ਮੋਰਚਾ ਲਗਾ ਦਿੱਤਾ। 19 ਨਵੰਬਰ 2021 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ‘ਤੇ ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਕੀਤਾ। 9 ਦਸੰਬਰ 2021 ਨੂੰ ਸੰਯੁਕਤ ਕਿਸਾਨ ਮੋਰਚੇ ਨੇ ਕਿਸਾਨ ਅੰਦੋਲਨ ਮੁਲਤਵੀ ਕਰਨ ਦਾ ਐਲਾਨ ਕੀਤਾ ਅਤੇ ਕਿਸਾਨਾਂ ਦੀ ਮੋਰਚੇ ਵਿਚੋਂ ਘਰ ਵਾਪਸੀ ਹੋਈ। ਇਸ ਮੌਕੇ ਕਿਸਾਨਾਂ ਦਾ ਦੇਸ਼ ਭਰ ਵਿਚ ਭਰਵਾਂ ਸਵਾਗਤ ਵੀ ਹੋਇਆ।
ਕਿਸਾਨ ਅੰਦੋਲਨ ‘ਤੇ ਇਕ ਨਜ਼ਰ
ਰੇਲ ਰੋਕੋ ਤੋਂ ਸ਼ੁਰੂ ਹੋਇਆ ਕਿਸਾਨ ਅੰਦੋਲਨ ਸਰਹੱਦਾਂ ਅਤੇ ਤਮਾਮ ਰੋਕਾਂ ਤੋੜ ਕੇ ਦਿੱਲੀ ਪਹੁੰਚਿਆ। ਜਦੋਂ ਆਵਾਜ਼ ਨਹੀਂ ਸੁਣੀ ਤਾਂ ਕਿਸਾਨਾਂ ਨੇ ਭਾਰਤ ਬੰਦ ਅਤੇ ਸ਼ਾਂਤੀਪੂਰਨ ਕ੍ਰਾਂਤੀ ਕਰਕੇ ਆਪਣੀ ਆਵਾਜ਼ ਕੇਂਦਰ ਤੱਕ ਪਹੁੰਚਾਈ। ਸੁਪਰੀਮ ਕੋਰਟ ਨੇ ਖੇਤੀ ਕਾਨੂੰਨਾਂ ‘ਤੇ ਰੋਕ ਲਗਾਈ ਅਤੇ ਐਕਸਪਰਟ ਕਮੇਟੀ ਵੀ ਬਣੀ। ਕਿਸਾਨ ਅੰਦੋਲਨ ਦੌਰਾਨ ਕਈ ਉਤਰਾਅ ਚੜ੍ਹਾਅ ਵੀ ਦੇਖਣ ਨੂੰ ਮਿਲੇ। ਨਰਿੰਦਰ ਮੋਦੀ ਵਲੋਂ ਖੇਤੀ ਕਾਨੂੰਨ ਵਾਪਸ ਲੈਣ ਤੋਂ ਬਾਅਦ ਕਿਸਾਨ ਅੰਦੋਲਨ ਮੁਲਤਵੀ ਹੋਇਆ ਅਤੇ 13 ਮਹੀਨਿਆਂ ਬਾਅਦ ਕਿਸਾਨ ਦਿੱਲੀ ਵਿਖੇ ਲੱਗੇ ਕਿਸਾਨ ਮੋਰਚੇ ਵਿਚੋਂ ਵਾਪਸ ਆਪਣੇ ਘਰਾਂ ਨੂੰ ਗਏ। ਇਹ ਕਿਸਾਨ ਅੰਦੋਲਨ ਨਵਾਂ ਇਤਿਹਾਸ ਸਿਰਜ ਗਿਆ।
ਬਲਬੀਰ ਸਿੰਘ ਰਾਜੇਵਾਲ ਸਣੇ ਪੰਜਾਬ ਦੀਆਂ 22 ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਫਖਰ-ਏ-ਪੰਜਾਬ’ ਸਨਮਾਨ
ਰਾਜੇਵਾਲ ਨੇ ਪੰਜਾਬ ਦੇ ਚੰਗੇ ਭਵਿੱਖ ਲਈ ਸੁਚੇਤ ਰਹਿਣ ਦਾ ਦਿੱਤਾ ਸੱਦਾ
ਸਮਰਾਲਾ : ਪੰਜਾਬ ਆੜ੍ਹਤੀ ਫੈਡਰੇਸ਼ਨ ਵਲੋਂ ਸਮਰਾਲਾ ਦੀ ਦਾਣਾ ਮੰਡੀ ਵਿਚ ਇਕੱਠ ਦੌਰਾਨ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਸਣੇ ਸੂਬੇ ਦੀਆਂ 22 ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ‘ਫਖਰ-ਏ-ਪੰਜਾਬ’ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪੰਜਾਬ ਭਰ ਵਿਚੋਂ ਹਜ਼ਾਰਾਂ ਦੀ ਗਿਣਤੀ ਵਿਚ ਕਿਸਾਨ ਜਥੇਬੰਦੀਆਂ ਦੇ ਵਰਕਰ ਅਤੇ ਆੜ੍ਹਤੀ ਯੂਨੀਅਨਾਂ ਦੇ ਅਹੁਦੇਦਾਰ ਪਹੁੰਚੇ। ਕਿਸਾਨ ਆਗੂਆਂ ਨੇ ਮੋਰਚੇ ਦੀ ਜਿੱਤ ਲਈ ਪੰਜਾਬ ਦੇ ਲੋਕਾਂ ਵਲੋਂ ਦਿੱਤੇ ਗਏ ਵੱਡੇ ਸਹਿਯੋਗ ਲਈ ਧੰਨਵਾਦ ਕਰਦਿਆਂ ਕਿਹਾ ਕਿ ਇੰਨੀ ਵੱਡੀ ਲੜਾਈ ਲੋਕਾਂ ਦੀ ਇਕਮੁੱਠਤਾ ਤੋਂ ਬਿਨਾਂ ਨਹੀਂ ਜਿੱਤੀ ਜਾ ਸਕਦੀ ਸੀ। ਕਿਸਾਨ ਆਗੂਆਂ ਨੇ ਇਸ ਮੌਕੇ ਰਾਜੇਵਾਲ ਨੂੰ ਆਪਣਾ ਪ੍ਰਮੁੱਖ ਆਗੂ ਐਲਾਨਦੇ ਹੋਏ ਨਵਾਂ ਸੁਨਹਿਰਾ ਪੰਜਾਬ ਸਿਰਜਣ ਲਈ ਸੂਬਾ ਵਾਸੀਆਂ ਤੋਂ ਸਹਿਯੋਗ ਮੰਗਿਆ। ਇਸ ਮੌਕੇ ਬਲਬੀਰ ਸਿੰਘ ਰਾਜੇਵਾਲ ਨੇ ਪੰਜਾਬ ਦੇ ਲੋਕਾਂ ਨੂੰ ਸੂਬੇ ਦੇ ਚੰਗੇ ਭਵਿੱਖ ਲਈ ਸੁਚੇਤ ਰਹਿਣ ਦਾ ਸੱਦਾ ਦਿੰਦੇ ਹੋਏ ਆਖਿਆ ਕਿ ਹਾਲੇ ਲੜਾਈ ਬਹੁਤ ਲੰਬੀ ਹੈ। ਇਸ ਲਈ ਲੋਕਾਂ ਦਾ ਏਕਾ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਨੇ ਪੰਜਾਬ ਦੀ ਤਰੱਕੀ ਤੇ ਲੋਕਾਂ ਦੀ ਤਾਕਤ ਨੂੰ ਮਜ਼ਬੂਤ ਕਰਨ ਲਈ ਚੋਣਾਂ ਲੜਨ ਦਾ ਫੈਸਲਾ ਕੀਤਾ ਹੈ। ਇਸ ਸਨਮਾਨ ਸਮਾਰੋਹ ਵਿਚ ਕਿਸਾਨ ਆਗੂ ਹਰਿੰਦਰ ਸਿੰਘ ਲੱਖੋਵਾਲ, ਕੁਲਦੀਪ ਸਿੰਘ ਵਜੀਦਪੁਰ, ਡਾਕਟਰ ਕੁਲਵੰਤ ਸਿੰਘ ਸੰਧੂ ਅਤੇ ਰੁਲਦੂ ਸਿੰਘ ਮਾਨਸਾ ਵੀ ਹਾਜ਼ਰ ਸਨ।

Check Also

ਕਾਂਗਰਸੀ ਆਗੂ ਨੇ ਪ੍ਰਧਾਨ ਮੰਤਰੀ ਦੀਆਂ ਗੱਲਾਂ ਹੁਣ ਹਲਕੀਆਂ ਲੱਗਣ ਦਾ ਕੀਤਾ ਦਾਅਵਾ

ਜੈਪੁਰ : ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਵਾਡਰਾ ਨੇ ਆਰੋਪ ਲਾਇਆ ਕਿ ਭਾਜਪਾ ਦੇਸ਼ ਵਿੱਚ ਸੰਵਿਧਾਨ …