Breaking News
Home / ਹਫ਼ਤਾਵਾਰੀ ਫੇਰੀ / ਪੰਜਾਬ ਵਿਧਾਨ ਸਭਾ ਦੀ ਕਾਰਵਾਈ ਦੇਖਣ ਲਈ ਹੁਣ ਸੌਖਾ ਨਹੀਂ ਮਿਲੇਗਾ ਦਾਖਲਾ

ਪੰਜਾਬ ਵਿਧਾਨ ਸਭਾ ਦੀ ਕਾਰਵਾਈ ਦੇਖਣ ਲਈ ਹੁਣ ਸੌਖਾ ਨਹੀਂ ਮਿਲੇਗਾ ਦਾਖਲਾ

ਸੰਸਦ ਭਵਨ ਦੀ ਸੁਰੱਖਿਆ ‘ਚ ਸੰਨ੍ਹ ਮਗਰੋਂ ਕੀਤੇ ਸੁਰੱਖਿਆ ਪ੍ਰਬੰਧ ਮਜ਼ਬੂਤ
ਚੰਡੀਗੜ੍ਹ/ਬਿਊਰੋ ਨਿਊਜ਼ : ਪਿਛਲੇ ਦਿਨੀਂ ਲੋਕਤੰਤਰ ਦੇ ਸਭ ਤੋਂ ਵੱਡੇ ਮੰਦਰ ਸੰਸਦ ਭਵਨ ਦੀ ਸੁਰੱਖਿਆ ਵਿਚ ਸੰਨ੍ਹ ਲੱਗਣ ਤੋਂ ਬਾਅਦ ਪੰਜਾਬ ਤੇ ਹਰਿਆਣਾ ਵਿਧਾਨ ਸਭਾ ਸਕੱਤਰੇਤ ਨੇ ਸਬਕ ਸਿੱਖਦੇ ਹੋਏ ਸੁਰੱਖਿਆ ਪ੍ਰਬੰਧ ਮਜ਼ਬੂਤ ਕਰ ਦਿੱਤੇ ਹਨ। ਹਰਿਆਣਾ ਵਿਧਾਨ ਸਭਾ ਦੇ ਸੈਸ਼ਨ ਦੇ ਮੱਦੇਨਜ਼ਰ ਜਿੱਥੇ ਹਰਿਆਣਾ ਪੁਲਿਸ ਨੇ ਪੰਜਾਬ ਵਿਧਾਨ ਸਭਾ ਦੇ ਪ੍ਰਵੇਸ਼ ਦੁਆਰ ਤੋਂ ਲੈ ਕੇ ਹਰਿਆਣਾ ਤੇ ਪੰਜਾਬ ਦੇ ਸਾਂਝੇ ਸਥਾਨ ‘ਤੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ, ਉਥੇ ਚੰਡੀਗੜ੍ਹ ਪੁਲਿਸ ਨੇ ਵਿਧਾਨ ਸਭਾ ਦੇ ਬਾਹਰ ਸਖਤ ਸੁਰੱਖਿਆ ਪ੍ਰਬੰਧ ਕਰਦੇ ਹੋਏ ਵਿਧਾਇਕਾਂ ਦੀਆਂ ਗੱਡੀਆਂ ਵੀ ਖੜ੍ਹੀਆਂ ਨਹੀਂ ਹੋਣ ਦਿੱਤੀਆਂ। ਜਦਕਿ ਪਹਿਲਾਂ ਵਿਧਾਇਕਾਂ ਤੇ ਸੀਨੀਅਰ ਅਫਸਰਾਂ ਦੀਆਂ ਗੱਡੀਆਂ ਵਿਧਾਨ ਸਭਾ ਗੇਟ ਦੇ ਬਾਹਰ ਖੜ੍ਹੀਆਂ ਹੁੰਦੀਆਂ ਰਹੀਆਂ ਹਨ।
ਹਾਲਾਂਕਿ ਪਿਛਲੇ ਤਿੰਨ-ਚਾਰ ਦਹਾਕਿਆਂ ਦੌਰਾਨ ਪੰਜਾਬ ਵਿਧਾਨ ਸਭਾ ਦੀ ਸੁਰੱਖਿਆ ‘ਚ ਸੰਨ੍ਹ ਲੱਗਣ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਪਰ ਅਕਾਲੀ-ਭਾਜਪਾ ਗਠਜੋੜ ਸਰਕਾਰ ਦੌਰਾਨ ਜਦੋਂ ਸੁਨੀਲ ਜਾਖੜ ਵਿਰੋਧੀ ਧਿਰ ਦੇ ਨੇਤਾ ਸਨ ਤਾਂ ਇਕ ਔਰਤ ਵਿਧਾਨ ਸਭਾ ਸਕੱਤਰੇਤ ਵਿਚ ਪ੍ਰਵੇਸ਼ ਕਰ ਗਈ ਸੀ। ਉਦੋਂ ਸਰਕਾਰ ਅਤੇ ਸੁਰੱਖਿਆ ਅਧਿਕਾਰੀਆਂ ਦਾ ਦੋਸ਼ ਸੀ ਕਿ ਉਕਤ ਔਰਤ ਨੂੰ ਵਿਰੋਧੀ ਧਿਰ ਦੇ ਨੇਤਾ ਸੁਨੀਲ ਜਾਖੜ ਆਪਣੇ ਨਾਲ ਲੈ ਕੇ ਆਏ ਸਨ।
ਜਾਣਕਾਰੀ ਅਨੁਸਾਰ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵਲੋਂ ਲੋਕ ਸਭਾ ਵਿਚ ਵਾਪਰੀ ਘਟਨਾ ਨੂੰ ਧਿਆਨ ਵਿਚ ਰੱਖਦੇ ਹੋਏ ਸੁਰੱਖਿਆ ਦਾ ਜਾਇਜ਼ਾ ਲਿਆ ਜਾ ਰਿਹਾ ਹੈ, ਉਥੇ ਪੰਜਾਬ ਪੁਲਿਸ ਨੂੰ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਕਰਨ ਲਈ ਹਦਾਇਤਾਂ ਦਿੱਤੀਆਂ ਹਨ। ਲੋਕ ਸਭਾ ਵਿਚ ਧੂੰਏਂ ਵਾਲੇ ਬੰਬ ਸੁੱਟਣ ਵਾਲੇ ਵਿਅਕਤੀ ਵਿਜ਼ਟਰ ਪਾਸ ਰਾਹੀਂ ਸੰਸਦ ਭਵਨ ਵਿਚ ਦਾਖਲ ਹੋਏ ਸਨ। ਇਸ ਲਈ ਪੰਜਾਬ ਵਿਧਾਨ ਸਭਾ ਨੇ ਹੁਣ ਵਿਜ਼ਟਰ ਰਿਕਾਰਡ ਨੂੰ ਡਿਜ਼ੀਟਲ ਕਰਨ ਵੱਲ ਕਦਮ ਪੁੱਟਣਾ ਸ਼ੁਰੂ ਕਰ ਦਿੱਤਾ ਹੈ। ਪੰਜਾਬ ਵਿਧਾਨ ਸਭਾ ਵਿਚ ਸੈਸ਼ਨ ਦੌਰਾਨ ਦਰਸ਼ਕ ਗੈਲਰੀਆਂ ਵਿਚ ਬੈਠਣ ਲਈ ਉਪਲਬਧ ਜਗ੍ਹਾ ਮੁਤਾਬਕ ਇਕ ਵਿਧਾਇਕ ਕੇਵਲ ਦੋ ਪਾਸ ਬਣਾਉਣ ਦੀ ਸਿਫਾਰਸ਼ ਕਰ ਸਕਦਾ ਹੈ। ਦਰਸ਼ਕ ਪਾਸ ‘ਤੇ ਕੇਵਲ ਨਾਂ ਤੇ ਪਤਾ ਅਤੇ ਵਿਧਾਇਕ ਦੀ ਸਿਫਾਰਸ਼ ਲਿਖੀ ਜਾਂਦੀ ਹੈ ਤੇ ਵਿਧਾਨ ਸਭਾ ਵਿਚ ਪ੍ਰਵੇਸ਼ ਕਰਨ ਵਾਲੇ ਦੀ ਪਹਿਚਾਣ ਪੱਤਰ ਦੇਖ ਕੇ ਅੰਦਰ ਪ੍ਰਵੇਸ਼ ਕਰਵਾਇਆ ਜਾਂਦਾ ਹੈ, ਪਰ ਹੁਣ ਵਿਧਾਨ ਸਭਾ ਦਾ ਅਮਲਾ ਪਾਸ ‘ਤੇ ਫੋਟੋ ਲਗਾਉਣ ‘ਤੇ ਵਿਚਾਰ ਕਰ ਰਿਹਾ ਹੈ।
ਇਸੇ ਤਰ੍ਹਾਂ ਵਿਧਾਨ ਸਭਾ ਦੇ ਪਿੱਛੇ ਕਾਂਸਲ ਪਿੰਡ ਵੱਲ ਕੰਡਿਆਲੀ ਤਾਰ ਦਾ ਮਾਮਲਾ ਫਿਰ ਗਰਮਾਉਣ ਲੱਗਿਆ ਹੈ। ਪੰਜਾਬ ਵਿਧਾਨ ਸਭਾ ਦੇ ਸਕੱਤਰ ਰਾਮ ਲੋਕ ਨੇ ਦੱਸਿਆ ਕਿ ਕੰਡਿਆਲੀ ਤਾਰ ਲਗਾਉਣ ਨੂੰ ਲੈ ਕੇ ਵਿਧਾਨ ਸਭਾ ਨੇ ਕਈ ਵਾਰ ਚੰਡੀਗੜ੍ਹ ਪ੍ਰਸ਼ਾਸਨ ਨੂੰ ਪੱਤਰ ਲਿਖਿਆ ਹੈ, ਪਰ ਚੰਡੀਗੜ੍ਹ ਪ੍ਰਸ਼ਾਸਨ ਨੇ ਕੋਈ ਧਿਆਨ ਨਹੀਂ ਦਿੱਤਾ। ਵਿਧਾਨ ਸਭਾ ਦੀ ਇਮਾਰਤ ਨੂੰ ਵਿਰਾਸਤੀ ਦਰਜਾ ਮਿਲਿਆ ਹੋਣ ਕਰਕੇ ਸੂਬਾ ਸਰਕਾਰ ਜਾਂ ਵਿਧਾਨ ਸਭਾ ਸਕੱਤਰੇਤ ਆਪਣੇ ਪੱਧਰ ‘ਤੇ ਕੋਈ ਕੰਮ ਨਹੀਂ ਕਰ ਸਕਦੀ। ਵਿਧਾਨ ਸਭਾ ਦੇ ਸਪੀਕਰ ਸੰਧਵਾਂ ਦਾ ਕਹਿਣਾ ਹੈ ਕਿ ਵਿਧਾਨ ਸਭਾ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਪੰਜਾਬ ਪੁਲਿਸ ਸਮੇਤ ਸਬੰਧਤ ਵਿਭਾਗਾਂ ਨੂੰ ਪੂਰੀ ਯੋਜਨਾ ਬਣਾਉਣ ਲਈ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ। ਵਿਧਾਨ ਸਭਾ ਦਾ ਕੰਮ ਕਾਜ ਦੇਖਣ ਵਾਲਿਆਂ ਨੂੰ ਅਸਾਨੀ ਨਾਲ ਦਾਖਲਾ ਨਹੀਂ ਮਿਲੇਗਾ।

Check Also

ਟਰੰਪ ਨੇ ਭਾਰਤ ‘ਤੇ ਲਾਇਆ 27 ਫੀਸਦ ਜਵਾਬੀ ਟੈਕਸ

ਡੋਨਾਲਡ ਟਰੰਪ ਨੇ 2 ਅਪ੍ਰੈਲ 2025 ਦੇ ਦਿਨ ਨੂੰ ਮੁਕਤੀ ਦਿਵਸ ਦੱਸਿਆ ਵਾਸ਼ਿੰਗਟਨ/ਬਿਊਰੋ ਨਿਊਜ਼ : …