ਅਮਰੀਕਾ ਨੇ ਅਪ੍ਰੈਲ ‘ਚ ਆਰਜ਼ੀ ਤੌਰ ‘ਤੇ ਇਹ ਸੇਵਾਵਾਂ ਕਰ ਦਿੱਤੀਆਂ ਸਨ ਬੰਦ
ਵਾਸ਼ਿੰਗਟਨ : ਅਮਰੀਕਾ ਨੇ ਐਚ-1ਬੀ ਵਰਕ ਵੀਜ਼ਿਆਂ ਦੇ ਸਾਰੇ ਵਰਗਾਂ ਵਿੱਚ ਪ੍ਰੀਮੀਅਮ ਪ੍ਰਾਸੈਸਿੰਗ (ਲੋੜੀਂਦੀ ਕਾਰਵਾਈ) ਮੁੜ ਸ਼ੁਰੂ ਕਰ ਦਿੱਤੀ। ਭਾਰਤੀ ਆਈਟੀ ਪੇਸ਼ੇਵਰਾਂ ਵਿਚਾਲੇ ਕਾਫ਼ੀ ਮਕਬੂਲ ਇਨ੍ਹਾਂ ਵਰਕ ਵੀਜ਼ਿਆਂ ਉਤੇ ਅਮਲ ਅਪਰੈਲ ਵਿੱਚ ਆਰਜ਼ੀ ਤੌਰ ‘ਤੇ ਰੋਕਿਆ ਗਿਆ ਸੀ। ਇਸ ਦਾ ਕਾਰਨ ਨਵੀਆਂ ਵੀਜ਼ਾ ਅਰਜ਼ੀਆਂ ਦੀ ਵੱਡੀ ਗਿਣਤੀ ਨਾਲ ਸਿੱਝਣਾ ਸੀ। ਸਤੰਬਰ ਵਿੱਚ ਐਚ-1ਬੀ ਵੀਜ਼ਿਆਂ ਦੇ ਕੁੱਝ ਵਰਗਾਂ ਨੂੰ ਤੇਜ਼ ਪ੍ਰਾਸੈਸਿੰਗ ਲਈ ਖੋਲ੍ਹਿਆ ਗਿਆ। ਅਮਰੀਕਾ ਦੇ ਨਾਗਰਿਕਤਾ ਤੇ ਪਰਵਾਸ ਸੇਵਾਵਾਂ ਮੰਤਰਾਲੇ ਨੇ ਦੱਸਿਆ ਕਿ ਹੁਣ ਐਚ-1ਬੀ ਵੀਜ਼ਿਆਂ ਦੇ ਸਾਰੇ ਵਰਗਾਂ ਉਤੇ ਲੋੜੀਂਦਾ ਅਮਲ ਸ਼ੁਰੂ ਹੋਵੇਗਾ। ਐਚ-1ਬੀ ਵੀਜ਼ਾ ਇਕ ਗ਼ੈਰ ਪਰਵਾਸ ਵੀਜ਼ਾ ਹੈ, ਜੋ ਅਮਰੀਕੀ ਕੰਪਨੀਆਂ ਨੂੰ ਖ਼ਾਸ ਪੇਸ਼ਿਆਂ ਲਈ ਵਿਦੇਸ਼ੀ ਕਾਮੇ ਭਰਤੀ ਕਰਨ ਦੀ ਇਜਾਜ਼ਤ ਦਿੰਦਾ ਹੈ। ਤਕਨਾਲੋਜੀ ਕੰਪਨੀਆਂ ਇਸ ਉਤੇ ਖ਼ਾਸ ਤੌਰ ਉਤੇ ਨਿਰਭਰ ਕਰਦੀਆਂ ਹਨ ਕਿਉਂਕਿ ਉਹ ਹਰ ਵਰ੍ਹੇ ਵਿਦੇਸ਼ਾਂ ਤੋਂ ਹਜ਼ਾਰਾਂ ਮੁਲਾਜ਼ਮਾਂ ਦੀਆਂ ਸੇਵਾਵਾਂ ਲੈਂਦੀਆਂ ਹਨ। ਕਾਂਗਰਸ ਦੀ ਮਨਜ਼ੂਰੀ ਦੇ ਹਿਸਾਬ ਨਾਲ ਵੱਧ ਤੋਂ ਵੱਧ 65 ਹਜ਼ਾਰ ਐਚ-1ਬੀ ਵੀਜ਼ੇ ਜਾਰੀ ਕੀਤੇ ਜਾ ਸਕਦੇ ਹਨ ਅਤੇ 20 ਹਜ਼ਾਰ ਵੀਜ਼ੇ ਉਨ੍ਹਾਂ ਪੇਸ਼ੇਵਰਾਂ ਨੂੰ ਜਾਰੀ ਹੋ ਸਕਦੇ ਹਨ, ਜਿਨ੍ਹਾਂ ਅਮਰੀਕਾ ਦੀਆਂ ਉੱਚ ਸਿੱਖਿਆ ਸੰਸਥਾਵਾਂ ਤੋਂ ਸਟੈੱਮ ਵਿਸ਼ਿਆਂ ਵਿੱਚ ਉੱਚ ਸਿੱਖਿਆ ਹਾਸਲ ਕੀਤੀ ਹੋਵੇ। ਅਕਾਦਮਿਕ ਤੇ ਖੋਜ ਕਾਰਜਾਂ ਵਰਗੇ ਕਈ ਵਰਗਾਂ ਲਈ ਐਚ-1ਬੀ ਵੀਜ਼ਾ ਜਾਰੀ ਕਰਨ ਨੂੰ ਕਾਂਗਰਸ ਦੀ ਲਾਜ਼ਮੀ ਹੱਦ ਤੋਂ ਛੋਟ ਹੈ।