ਪੈਨਸਿਲਵੇਨੀਆ ਵਿਚ ਚੋਣ ਰੈਲੀ ਦੌਰਾਨ 20 ਸਾਲਾ ਸ਼ੂਟਰ ਨੇ ਚਲਾਈਆਂ ਗੋਲੀਆਂ
ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ (78) ਸ਼ਨਿੱਚਰਵਾਰ ਸ਼ਾਮ ਨੂੰ ਪੈਨਸਿਲਵੇਨੀਆ ਵਿਚ ਚੋਣ ਰੈਲੀ ਦੌਰਾਨ ਇਕ ਨੌਜਵਾਨ ਸ਼ੂਟਰ ਵੱਲੋਂ ਕੀਤੇ ਕਾਤਲਾਨਾ ਹਮਲੇ ਵਿਚ ਵਾਲ ਵਾਲ ਬਚ ਗਏ। ਇਸ ਸ਼ੂਟਰ ਨੇ ਰੈਲੀ ਨੇੜੇ ਹੀ ਇਕ ਉੱਚੀ ਥਾਵੇਂ ਬਣੇ ਸ਼ੈੱਡ ‘ਚੋਂ ਟਰੰਪ ‘ਤੇ ਗੋਲੀਆਂ ਚਲਾਈਆਂ, ਜਿਨ੍ਹਾਂ ਵਿਚੋਂ ਇਕ ਗੋਲੀ ਸਾਬਕਾ ਰਾਸ਼ਟਰਪਤੀ ਦੇ ਸੱਜੇ ਕੰਨ ਦੇ ਉਪਰਲੇ ਹਿੱਸੇ ਨੂੰ ਪਾੜ ਕੇ ਲੰਘ ਗਈ। ਸੀਕਰੇਟ ਸਰਵਿਸ ਦੇ ਮੈਂਬਰਾਂ ਨੇ ਹਾਲਾਂਕਿ 20 ਸਾਲਾ ਸ਼ੂਟਰ ਨੂੰ ਮਾਰ ਮੁਕਾਇਆ। ਐੱਫਬੀਆਈ ਨੇ ਹਮਲਾਵਰ ਦੀ ਪਛਾਣ ਬੈਥਲ ਪਾਰਕ ਦੇ ਥੌਮਸ ਮੈਥਿਊ ਕਰੂਕਸ ਵਜੋਂ ਦੱਸੀ ਹੈ। ਉਂਜ ਗੋਲੀਬਾਰੀ ਦੌਰਾਨ ਰੈਲੀ ਵਿਚ ਮੌਜੂਦ ਇਕ ਦਰਸ਼ਕ ਦੀ ਮੌਤ ਹੋ ਗਈ ਜਦੋਂਕਿ ਦੋ ਹੋਰ ਗੰਭੀਰ ਜ਼ਖ਼ਮੀ ਦੱਸੇ ਜਾਂਦੇ ਹਨ। ਰਾਸ਼ਟਰਪਤੀ ਜੋਅ ਬਾਇਡਨ, ਉਪ ਰਾਸ਼ਟਰਪਤੀ ਕਮਲਾ ਹੈਰਿਸ, ਸਾਬਕਾ ਅਮਰੀਕੀ ਰਾਸ਼ਟਰਪਤੀ ਬਿੱਲ ਕਲਿੰਟਨ, ਬਰਾਕ ਓਬਾਮਾ ਤੇ ਜੌਰਜ ਬੁਸ਼ ਨੇ ਟਰੰਪ ‘ਤੇ ਕੀਤੇ ਕਾਤਲਾਨਾ ਹਮਲੇ ਦੀ ਨਿਖੇਧੀ ਕੀਤੀ ਹੈ। ਟਰੰਪ ‘ਤੇ ਹਮਲਾ ਅਜਿਹੇ ਮੌਕੇ ਹੋਇਆ ਹੈ ਜਦੋਂ ਅਗਲੇ ਦਿਨਾਂ ਵਿਚ ਉਨ੍ਹਾਂ ਨੇ ਰਾਸ਼ਟਰਪਤੀ ਚੋਣ ਲਈ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਵਜੋਂ ਨਾਮਜ਼ਦਗੀ ਸਵੀਕਾਰ ਕਰਨੀ ਹੈ। ਐੱਫਬੀਆਈ ਵੱਲੋਂ ਇਸ ਪੂਰੇ ਮਾਮਲੇ ਦੀ ਹੱਤਿਆ ਦੀ ਕੋਸ਼ਿਸ਼ ਵਜੋਂ ਜਾਂਚ ਕੀਤੀ ਜਾ ਰਹੀ ਹੈ।
ਕੰਨ ‘ਤੇ ਪੱਟੀ ਬੰਨ੍ਹ ਕੇ ਸਮਾਗਮ ਵਿੱਚ ਪੁੱਜੇ ਟਰੰਪ
ਸਮਰਥਕਾਂ ਵੱਲੋਂ ਜ਼ੋਰਦਾਰ ਸਵਾਗਤ
ਨਿਊਯਾਰਕ : ਅਮਰੀਕਾ ਵਿੱਚ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਡੋਨਾਲਡ ਟਰੰਪ ਹਮਲੇ ਤੋਂ ਦੋ ਦਿਨ ਬਾਅਦ ਰਿਪਬਲਿਕ ਨੈਸ਼ਨਲ ਕਨਵੈਨਸ਼ਨ ਵਿਚ ਪੁੱਜੇ। ਇਸ ਮੌਕੇ ਉਨ੍ਹਾਂ ਸਮਾਗਮ ਨੂੰ ਸੰਬੋਧਨ ਨਹੀਂ ਕੀਤਾ ਪਰ ਸਟੇਜ ਤੋਂ ਜਾਂਦੇ ਉਹ ਨਜ਼ਰ ਆਏ। ਇਸ ਦੌਰਾਨ ਹਾਲ ਵਿਚ ਮੌਜੂਦ ਸਮਰਥਕਾਂ ਤੇ ਆਗੂਆਂ ਨੇ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ। ਇਸ ਤੋਂ ਪਹਿਲਾਂ ਉਨ੍ਹਾਂ ‘ਤੇ ਪੈਨਸਿਲਵੇਨੀਆ ਵਿੱਚ ਇੱਕ ਚੋਣ ਰੈਲੀ ਵਿੱਚ ਗੋਲੀ ਚਲਾਈ ਗਈ ਸੀ। ਕੰਨ ਵਿੱਚ ਗੋਲੀ ਲੱਗਣ ਤੋਂ ਬਾਅਦ ਸਾਬਕਾ ਰਾਸ਼ਟਰਪਤੀ ਜ਼ਖਮੀ ਹੋ ਗਏ ਜਿਸ ਤੋਂ ਬਾਅਦ ਸੁਰੱਖਿਆ ਕਰਮੀ ਨੇ ਇਕ ਹਮਲਾਵਰ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਸੀ। ਯੂਐਸ ਸੀਕਰੇਟ ਸਰਵਿਸ ਨੇ ਕਿਹਾ ਕਿ ਟਰੰਪ (78) ਦੇ ਸੱਜੇ ਕੰਨ ਦੇ ਉਪਰਲੇ ਹਿੱਸੇ ਵਿੱਚ ਇੱਕ ਗੋਲੀ ਲੱਗੀ ਸੀ।
ਟਰੰਪ ਵੱਲੋਂ ਅਮਰੀਕੀਆਂ ਨੂੰ ‘ਇਕਜੁੱਟ’ ਰਹਿਣ ਦਾ ਸੱਦਾ
ਵਾਸ਼ਿੰਗਟਨ: ਸਾਬਕਾ ਅਮਰੀਕੀ ਸਦਰ ਡੋਨਲਡ ਟਰੰਪ ਨੇ ਦੇਸ਼ਵਾਸੀਆਂ ਨੂੰ ‘ਇਕਜੁੱਟ’ ਰਹਿਣ ਲਈ ਆਖਦਿਆਂ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ‘ਅਮਰੀਕੀਆਂ ਵਜੋਂ ਆਪਣਾ ਅਸਲ ਕਿਰਦਾਰ’ ਦਿਖਾਉਣ ਅਤੇ ‘ਮਜ਼ਬੂਤ ਤੇ ਦ੍ਰਿੜ੍ਹ’ ਬਣੇ ਰਹਿਣ।
ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੈਟਫਾਰਮ ਟਰੁੱਥ ਸੋਸ਼ਲ ਪਲੈਟਫਾਰਮ ‘ਤੇ ਇਕ ਪੋਸਟ ਵਿਚ ਕਿਹਾ, ”ਉਹ ਰੱਬ ਹੀ ਸੀ ਜਿਸ ਨੇ ਇਸ ਅਣਹੋਣੀ ਨੂੰ ਟਾਲ ਦਿੱਤਾ। ਇਸ ਵੇਲੇ ਇਹ ਬਹੁਤ ਅਹਿਮ ਹੈ ਕਿ ਅਸੀਂ ਇਕ ਦੂਜੇ ਨਾਲ ਮਿਲ ਕੇ ਖੜ੍ਹੀਏ ਤੇ ਅਮਰੀਕੀਆਂ ਵਜੋਂ ਆਪਣੇ ਅਸਲ ਕਿਰਦਾਰ ਨੂੰ ਦਰਸਾਈਏ, ਮਜ਼ਬੂਤ ਤੇ ਦ੍ਰਿੜ੍ਹ ਬਣੇ ਰਹੀਏ ਤੇ ਬਦੀ ਨੂੰ ਜਿੱਤਣ ਦੀ ਖੁੱਲ੍ਹ ਨਾ ਦੇਈਏ। ਅਸੀਂ ਨਹੀਂ ਡਰਾਂਗੇ।”
ਮੋਦੀ, ਰਾਹੁਲ ਤੇ ਖੜਗੇ ਵੱਲੋਂ ਹਮਲੇ ਦੀ ਨਿਖੇਧੀ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਚੋਣ ਰੈਲੀ ਦੌਰਾਨ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ‘ਤੇ ਹੋਏ ਹਮਲੇ ਦੀ ਨਿਖੇਧੀ ਕੀਤੀ ਹੈ। ਮੋਦੀ ਨੇ ਐਕਸ ‘ਤੇ ਕਿਹਾ, ”ਮੇਰੇ ਦੋਸਤ, ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ‘ਤੇ ਹੋਏ ਹਮਲੇ ਤੋਂ ਵੱਡਾ ਫਿਕਰਮੰਦ ਹਾਂ। ਇਸ ਘਟਨਾ ਦੀ ਜ਼ੋਰਦਾਰ ਢੰਗ ਨਾਲ ਨਿਖੇਧੀ ਕਰਦਾ ਹਾਂ। ਸਿਆਸਤ ਤੇ ਜਮਹੂਰੀਅਤ ਵਿਚ ਹਿੰਸਾ ਲਈ ਕੋਈ ਥਾਂ ਨਹੀਂ ਹੈ। ਉਨ੍ਹਾਂ ਦੇ ਛੇਤੀ ਸਿਹਤਯਾਬ ਹੋਣ ਦੀ ਦੁਆ ਕਰਦਾ ਹਾਂ।” ਮੋਦੀ ਨੇ ਕਿਹਾ ਕਿ ਸਾਡੀ ਸੋਚ ਤੇ ਪ੍ਰਾਰਥਨਾਵਾਂ ਜ਼ਖ਼ਮੀ ਪੀੜਤਾਂ ਦੇ ਪਰਿਵਾਰਾਂ ਤੇ ਅਮਰੀਕੀ ਲੋਕਾਂ ਨਾਲ ਹਨ। ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਵੀ ਸਾਬਕਾ ਅਮਰੀਕੀ ਸਦਰ ਟਰੰਪ ਦੀ ਹੱਤਿਆ ਦੀ ਕੋਸ਼ਿਸ਼ ‘ਤੇ ਵੱਡੀ ਚਿੰਤਾ ਜਤਾਉਂਦਿਆਂ ਕਿਹਾ ਕਿ ਅਜਿਹੇ ਕਾਰਿਆਂ ਦੀ ਜ਼ੋਰਦਾਰ ਸ਼ਬਦਾਂ ਵਿਚ ਨਿਖੇਧੀ ਕਰਨੀ ਬਣਦੀ ਹੈ। ਗਾਂਧੀ ਨੇ ਟਰੰਪ ਦੇ ਛੇਤੀ ਤੇ ਪੂਰੀ ਤਰ੍ਹਾਂ ਤੰਦਰੁਸਤ ਹੋਣ ਦੀ ਦੁਆ ਕੀਤੀ ਹੈ।
ਅਮਰੀਕਾ ਦੇ ਮਿਲਵਾਕੀ ‘ਚ ਹਰਮੀਤ ਢਿੱਲੋਂ ਵੱਲੋਂ ਰਿਪਬਲਿਕਨ ਨੈਸ਼ਨਲ ਕਨਵੈਨਸ਼ਨ ‘ਚ ਅਰਦਾਸ
ਡੋਨਾਲਡ ਟਰੰਪ ਦੀ ਹਾਜ਼ਰੀ ਵਿੱਚ ਸਿੱਖਾਂ ਦੀ ਧਾਰਮਿਕ ਰਸਮ ਅਦਾ ਕੀਤੀ
ਨਵੀਂ ਦਿੱਲੀ/ਬਿਊਰੋ ਨਿਊਜ਼ : ਸਿਵਲ ਰਾਈਟਸ ਅਟਾਰਨੀ ਅਤੇ ਰਿਪਬਲਿਕਨ ਪਾਰਟੀ ਦੀ ਆਗੂ ਹਰਮੀਤ ਢਿੱਲੋਂ ਨੇ ਅਮਰੀਕਾ ਦੇ ਮਿਲਵਾਕੀ ਵਿੱਚ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਾਲਡ ਟਰੰਪ ਦੀ ਮੌਜੂਦਗੀ ਵਿੱਚ ਰਿਪਬਲਿਕਨ ਨੈਸ਼ਨਲ ਕਨਵੈਨਸ਼ਨ ਵਿੱਚ ‘ਅਰਦਾਸ’ ਕੀਤੀ। ਉਨ੍ਹਾਂ ਸਿੱਖਾਂ ਦੀ ਧਾਰਮਿਕ ਰਸਮ ਅਦਾ ਕਰਦਿਆਂ ਕਿਹਾ ਕਿ ਇੱਕ ਸਿੱਖ ਪਰਵਾਸੀ ਪਰਿਵਾਰ ਦੀ ਮੈਂਬਰ ਹੋਣ ਦੇ ਨਾਤੇ ਉਸ ਨੂੰ ਸਤਿਕਾਰ ਦੀ ਨਿਸ਼ਾਨੀ ਵਜੋਂ ਅਰਦਾਸ ਕਰਨ ਸਮੇਂ ਸਿਰ ਢਕਣ ਦੀ ਪ੍ਰਥਾ ਦੀ ਪਾਲਣਾ ਕਰਨੀ ਚਾਹੀਦੀ ਹੈ। ਦੱਸਣਾ ਬਣਦਾ ਹੈ ਕਿ ਉਹ ਪਹਿਲਾਂ ਕੈਲੀਫੋਰਨੀਆ ਰਿਪਬਲਿਕਨ ਪਾਰਟੀ ਦੀ ਵਾਈਸ ਚੇਅਰ ਵਿਮੈਨ ਦੇ ਤੌਰ ‘ਤੇ ਕੰਮ ਕਰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਉਸ ਨੂੰ ਅਰਦਾਸ ਕਰਨ ਦਾ ਮਾਣ ਪ੍ਰਾਪਤ ਹੋਇਆ ਹੈ ਜੋ ਆਮ ਤੌਰ ‘ਤੇ ਦੁਨੀਆ ਭਰ ਦੇ ਸਿੱਖ ਭਾਈਚਾਰੇ ਵੱਲੋਂ ਕਿਸੇ ਵੀ ਨਵੇਂ ਕੰਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕੀਤੀ ਜਾਂਦੀ ਹੈ। ਇਹ ਪ੍ਰਮਾਤਮਾ ਦਾ ਧੰਨਵਾਦ ਕਰਨ ਅਤੇ ਸਾਰਿਆਂ ਲਈ ਨਿਮਰਤਾ, ਸੱਚਾਈ ਅਤੇ ਨਿਆਂ ਵਰਗੀਆਂ ਕਦਰਾਂ-ਕੀਮਤਾਂ ਨੂੰ ਕਾਇਮ ਰੱਖਣ ਵਿੱਚ ਮਦਦ ਕਰਨ ਦੀ ਮੰਗ ਕਰਨ ਲਈ ਕੀਤੀ ਜਾਂਦੀ ਹੈ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …