Breaking News
Home / ਦੁਨੀਆ / ਕੇਪੀ ਸ਼ਰਮਾ ਓਲੀ ਚੌਥੀ ਵਾਰ ਨੇਪਾਲ ਦੇ ਪ੍ਰਧਾਨ ਮੰਤਰੀ ਬਣੇ

ਕੇਪੀ ਸ਼ਰਮਾ ਓਲੀ ਚੌਥੀ ਵਾਰ ਨੇਪਾਲ ਦੇ ਪ੍ਰਧਾਨ ਮੰਤਰੀ ਬਣੇ

ਰਾਸ਼ਟਰਪਤੀ ਪੌਡੇਲ ਨੇ ਸ਼ੀਤਲ ਨਿਵਾਸ ‘ਚ ਹਲਫ਼ ਦਿਵਾਇਆ; ਪ੍ਰਕਾਸ਼ ਮਾਨ ਸਿੰਘ ਤੇ ਬਿਸ਼ਨੂ ਪੌਡੇਲ ਨੇ ਦੋ ਉਪ ਪ੍ਰਧਾਨ ਮੰਤਰੀਆਂ ਵਜੋਂ ਹਲਫ਼ ਲਿਆ
ਕਾਠਮੰਡੂ/ਬਿਊਰੋ ਨਿਊਜ਼ : ਕੇਪੀ ਸ਼ਰਮਾ ਓਲੀ ਨੇ ਚੌਥੀ ਵਾਰ ਨੇਪਾਲ ਦੇ ਪ੍ਰਧਾਨ ਮੰਤਰੀ ਵਜੋਂ ਹਲਫ ਲਿਆ। ਨਵੀਂ ਗੱਠਜੋੜ ਸਰਕਾਰ ਦੀ ਅਗਵਾਈ ਕਰ ਰਹੇ ਓਲੀ ਨੂੰ ਦੇਸ਼ ਵਿਚ ਸਿਆਸੀ ਸਥਿਰਤਾ ਮੁਹੱਈਆ ਕਰਵਾਉਣ ਜਿਹੀਆਂ ਚੁਣੌਤੀਆਂ ਦਰਪੇਸ਼ ਰਹਿਣਗੀਆਂ।
ਰਾਸ਼ਟਰਪਤੀ ਰਾਮ ਚੰਦਰ ਪੌਡੇਲ ਨੇ ਨੇਪਾਲ ਦੀ ਸਭ ਤੋਂ ਵੱਡੀ ਕਮਿਊਨਿਸਟ ਪਾਰਟੀ ਦੇ ਆਗੂ ਓਲੀ ਨੂੰ ਐਤਵਾਰ ਨੂੰ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਸੀ। ਓਲੀ (72) ਪੁਸ਼ਪ ਕਮਲ ਦਾਹਲ ‘ਪ੍ਰਚੰਡ’ ਦੀ ਥਾਂ ਲੈ ਰਹੇ ਹਨ, ਜੋ ਸ਼ੁੱਕਰਵਾਰ ਨੂੰ ਸੰਸਦ ਵਿਚ ਭਰੋਸੇ ਦਾ ਵੋਟ ਹਾਰ ਗਏ ਸਨ। ਰਾਸ਼ਟਰਪਤੀ ਪੌਡੇਲ ਨੇ ਕਮਿਊਨਿਸਟ ਪਾਰਟੀ ਆਫ਼ ਨੇਪਾਲ-ਯੂਨੀਫਾਈਡ ਮਾਰਕਸਵਾਦੀ ਲੈਨਿਨਵਾਦੀ (ਸੀਪੀਐੱਨ-ਯੂਐੱਮਐੱਲ) ਦੇ ਚੇਅਰਮੈਨ ਓਲੀ ਨੂੰ ਇਥੇ ਸ਼ੀਤਲ ਨਿਵਾਸ ਵਿਚ ਹਲਫ਼ ਦਿਵਾਇਆ। ਹਲਫ਼ਦਾਰੀ ਸਮਾਗਮ ਮਿੱਥੇ ਨਾਲੋਂ ਅੱਧੇ ਘੰਟੇ ਦੀ ਦੇਰੀ ਨਾਲ ਸ਼ੁਰੂ ਹੋਇਆ। ਨਿਊਜ਼ ਪੋਰਟਲ ‘ਮਾਈਰਿਪਬਲਿਕਾ’ ਮੁਤਾਬਕ ਹਲਫ਼ਦਾਰੀ ਸਮਾਗਮ ਵਿਚ ਦੇਰੀ ਹੋਈ ਕਿਉਂਕਿ ਨੇਪਾਲੀ ਕਾਂਗਰਸ ਪਾਰਟੀ ਵਿਚਲੇ ਅੰਦਰੂਨੀ ਕਲੇਸ਼ ਕਰਕੇ ਸਰਕਾਰ ਵਿਚ ਸ਼ਾਮਲ ਕੀਤੇ ਜਾਣ ਵਾਲੇ ਮੰਤਰੀਆਂ ਦੇ ਨਾਵਾਂ ਨੂੰ ਅੰਤਿਮ ਰੂਪ ਦੇਣ ਵਿਚ ਨਾਕਾਮ ਰਹੀ। ਹਲਫ਼ਦਾਰੀ ਸਮਾਗਮ ਦੌਰਾਨ ਰਾਸ਼ਟਰਪਤੀ ਨੇ ਦੋ ਉਪ ਪ੍ਰਧਾਨ ਮੰਤਰੀਆਂ- ਪ੍ਰਕਾਸ਼ ਮਾਨ ਸਿੰਘ ਤੇ ਬਿਸ਼ਨੂ ਪੌਡੇਲ ਤੇ 19 ਹੋਰਨਾਂ ਮੰਤਰੀਆਂ ਨੂੰ ਵੀ ਸਹੁੰ ਚੁਕਾਈ। ਸਿੰਘ ਨੂੰ ਜਿੱਥੇ ਸ਼ਹਿਰੀ ਵਿਕਾਸ ਮੰਤਰਾਲੇ ਦਾ ਚਾਰਜ ਦਿੱਤਾ ਗਿਆ, ਉਥੇ ਵਿਸ਼ਨੂ ਪ੍ਰਕਾਸ਼ ਪੌਡੇਲ ਨੂੰ ਵਿੱਤ ਮੰਤਰਾਲੇ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਨਵੀਂ ਕੈਬਨਿਟ ਵਿਚ ਨੇਪਾਲੀ ਕਾਂਗਰਸ ਦੇ ਪ੍ਰਧਾਨ ਸ਼ੇਰ ਬਹਾਦਰ ਦਿਓਬਾ ਦੀ ਪਤਨੀ ਆਰਜ਼ੂ ਰਾਣਾ ਦਿਓਬਾ ਨੂੰ ਵਿਦੇਸ਼ ਮੰਤਰੀ ਬਣਾਇਆ ਗਿਆ ਹੈ।
‘ਭਾਰਤ-ਨੇਪਾਲ ਰਿਸ਼ਤਿਆਂ ਦੀ ਮਜ਼ਬੂਤੀ ਲਈਵਚਨਬੱਧ’
ਕਾਠਮੰਡੂ: ਨੇਪਾਲ ਦੇ ਨਵਨਿਯੁਕਤ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਨੇ ਕਿਹਾ ਕਿ ਉਹ ਨੇਪਾਲ-ਭਾਰਤ ਰਿਸ਼ਤਿਆਂ ਦੀ ਮਜ਼ਬੂਤੀ ਤੇ ਦੁਵੱਲੇ ਰਿਸ਼ਤਿਆਂ ਨੂੰ ਨਵੀਆਂ ਬੁਲੰਦੀਆਂ ‘ਤੇ ਲਿਜਾਣ ਲਈ ਆਪਣੇ ਭਾਰਤੀ ਹਮਰੁਤਬਾ ਨਰਿੰਦਰ ਮੋਦੀ ਨਾਲ ਮਿਲ ਕੇ ਕੰਮ ਕਰਨ ਲਈ ਵਚਨਬੱਧ ਹਨ। ਓਲੀ ਪ੍ਰਧਾਨ ਮੰਤਰੀ ਮੋਦੀ ਵੱਲੋਂ ਭੇਜੇ ਵਧਾਈ ਸੰਦੇਸ਼ ਦੇ ਹਵਾਲੇ ਨਾਲ ਬੋਲ ਰਹੇ ਸਨ। ਓਲੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਭੇਜੀਆਂ ਨਿੱਘੀਆਂ ਸ਼ੁਭਕਾਮਨਾਵਾਂ ਲਈ ਉਨ੍ਹਾਂ ਦਾ ਧੰਨਵਾਦ ਕੀਤਾ।

 

Check Also

ਟਰੰਪ ਨੇ ਭਾਰਤ ਨੂੰ ਦੱਸਿਆ ਸੱਚਾ ਦੋਸਤ

ਕਿਹਾ : ਭਾਰਤ ਨਾਲ ਮਿਲ ਕੇ ਦੁਨੀਆ ਦੀ ਸ਼ਾਂਤੀ ਲਈ ਕਰਾਂਗੇ ਕੰਮ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕਾ …