ਪੰਜਾਬ ’ਚ ਸਰਹੱਦ ’ਤੇ ਪਾਕਿਸਤਾਨੀ ਘੁਸਪੈਠੀਆ ਢੇਰ
ਬੀਐਸਐਫ ਦੇ ਜਵਾਨਾਂ ਨੇ ਘੁਸਪੈਠੀਏ ਦੀ ਕੋਸ਼ਿਸ਼ ਨੂੰ ਕੀਤਾ ਨਾਕਾਮ
ਤਰਨਤਾਰਨ/ਬਿਊਰੋ ਨਿਊਜ਼
ਤਰਨਤਾਰਨ ਜ਼ਿਲ੍ਹੇ ਵਿਚ ਥੇਕਲਾਂ ਪਿੰਡ ਦੇ ਨੇੜੇ ਬੀਐਸਐਫ ਨੇ ਇਕ ਪਾਕਿਸਤਾਨੀ ਘੁਸਪੈਠੀਏ ਨੂੰ ਮਾਰ ਮੁਕਾਇਆ ਹੈ। ਬੀਐਸਐਫ ਦੇ ਪੰਜਾਬ ਫਰੰਟੀਅਰ ਦੇ ਪੀਆਰਓ ਦੇ ਦੱਸਣ ਮੁਤਬਕ ਅੱਜ 11 ਅਗਸਤ ਨੂੰ ਸਵੇਰੇ ਫੌਜ ਦੇ ਜਵਾਨਾਂ ਨੇ ਬਾਰਡਰ ਦੇ ਨੇੜੇ ਇਕ ਪਾਕਿਸਤਾਨੀ ਘੁਸਪੈਠੀਏ ਨੂੰ ਅੰਦਰ ਆਉਂਦੇ ਦੇਖਿਆ। ਫੌਜ ਦੇ ਜਵਾਨਾਂ ਨੇ ਪਹਿਲਾਂ ਉਸ ਘੁਸਪੈਠੀਏ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਜਦੋਂ ਉਹ ਨਾ ਰੁਕਿਆ ਤਾਂ ਬੀਐਸਐਫ ਦੇ ਜਵਾਨਾਂ ਨੂੰ ਸਵੈ ਰੱਖਿਆ ਲਈ ਗੋਲੀ ਚਲਾਉਣੀ ਪਈ। ਜਿਸ ਦੌਰਾਨ ਇਸ ਘੁਸਪੈਠੀਏ ਦੀ ਮੌਤ ਹੋ ਗਈ। ਬੀਐਸਐਫ ਦੇ ਸੀਨੀਅਰ ਅਧਿਕਾਰੀਆਂ ਨੇ ਕਿਹਾ ਕਿ ਪੂਰੀ ਚੌਕਸੀ ਵਰਤਦਿਆਂ ਜਵਾਨਾਂ ਨੇ ਇਕ ਵਾਰ ਫਿਰ ਦੇਸ਼ ਵਿਰੋਧੀ ਅਨਸਰਾਂ ਦੇ ਭਾਰਤੀ ਖੇਤਰ ਵਿਚ ਦਾਖਲ ਹੋਣ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਬੀਐਸਐਫ ਵਲੋਂ ਇਸ ਘੁਸਪੈਠੀਏ ਦੀ ਪਛਾਣ ਕੀਤੀ ਜਾ ਰਹੀ ਹੈ ਅਤੇ ਪਾਕਿਸਤਾਨ ਰੇਂਜਰਜ਼ ਨਾਲ ਵੀ ਇਸ ਨੂੰ ਲੈ ਸੰਪਰਕ ਸਾਧਿਆ ਜਾ ਰਿਹਾ ਹੈ।