ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦੀ ਤਬੀਅਤ ਵਿਗੜੀ
ਅਬੋਹਰ ’ਚ ਭਾਸ਼ਣ ਦਿੰਦਿਆਂ ਆਉਣ ਲੱਗੇ ਚੱਕਰ
ਅਬੋਹਰ/ਬਿਊਰੋ ਨਿਊਜ਼
ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਦੀ ਤਬੀਅਤ ਵਿਗੜ ਗਈ ਹੈ ਅਤੇ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ’ਚ ਦਾਖਲ ਕਰਵਾਉਣਾ ਪਿਆ। ਫਾਜ਼ਿਲਕਾ ਦੇ ਅਬੋਹਰ ਵਿਚ ਵੀਰਵਾਰ ਦੇਰ ਸ਼ਾਮ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੂੰ ਚੱਕਰ ਆਉਣ ਲੱਗੇ। ਇਸਦੇ ਚੱਲਦਿਆਂ ਸੁਨੀਲ ਜਾਖੜ ਨੂੰ ਮੰਚ ’ਤੇ ਮੁੱਢਲੀ ਸਹਾਇਤਾ ਦਿੱਤੀ ਗਈ ਅਤੇ ਤੁਰੰਤ ਹੀ ਉਨ੍ਹਾਂ ਨੂੰ ਇਕ ਨਿੱਜੀ ਹਸਪਤਾਲ ਵਿਚ ਇਲਾਜ ਲਈ ਦਾਖਲ ਕਰਵਾਇਆ ਗਿਆ। ਧਿਆਨ ਰਹੇ ਕਿ ਪੰਜਾਬ ਭਾਜਪਾ ਦੇ ਪ੍ਰਧਾਨ ਬਣਨ ਤੋਂ ਬਾਅਦ ਜਾਖੜ ਪਹਿਲੀ ਵਾਰ ਅਬੋਹਰ ਪਹੁੰਚੇ ਸਨ ਅਤੇ ਉਹ ਪਾਰਟੀ ਵਰਕਰਾਂ ਨਾਲ ਮਿਲਣੀ ਮੌਕੇ ਸੰਬੋਧਨ ਕਰ ਰਹੇ ਸਨ। ਜਦੋਂ ਸੁਨੀਲ ਜਾਖੜ ਨੇ ਆਪਣਾ ਭਾਸ਼ਣ ਖਤਮ ਕੀਤਾ ਤਾਂ ਉਨ੍ਹਾਂ ਨੂੰ ਚੱਕਰ ਆਉਣ ਲੱਗ ਪਏ ਅਤੇ ਉਨ੍ਹਾਂ ਨੇ ਆਪਣੇ ਆਪ ਨੂੰ ਬੜੀ ਮੁਸ਼ਕਲ ਨਾਲ ਸੰਭਾਲਿਆ ਅਤੇ ਮੰਚ ’ਤੇ ਮੌਜੂਦ ਹੋਰ ਆਗੂਆਂ ਨੇ ਜਾਖੜ ਨੂੰ ਕੁਰਸੀ ’ਤੇ ਬਿਠਾਇਆ। ਭਾਜਪਾ ਆਗੂਆਂ ਦਾ ਕਹਿਣਾ ਹੈ ਕਿ ਜਦੋਂ ਸੁਨੀਲ ਜਾਖੜ ਭਾਸ਼ਣ ਦੇ ਰਹੇ ਸਨ ਤਾਂ ਗਰਮੀ ਬਹੁਤ ਜ਼ਿਆਦਾ ਸੀ ਅਤੇ ਜ਼ਿਆਦਾ ਗਰਮੀ ਕਰਕੇ ਹੀ ਸੁਨੀਲ ਜਾਖੜ ਦੀ ਤਬੀਅਤ ਵਿਗੜੀ ਹੈ ਅਤੇ ਹੁਣ ਉਹ ਪੂਰੀ ਤਰ੍ਹਾਂ ਸਿਹਤਯਾਬ ਹਨ। ਦੱਸਣਯੋਗ ਹੈ ਕਿ ਸੁਨੀਲ ਜਾਖੜ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪੰਜਾਬ ਵਿਚ ਦੌਰਾ ਕਰ ਰਹੇ ਹਨ ਅਤੇ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨਾਲ ਮੀਟਿੰਗਾਂ ਵੀ ਕਰ ਰਹੇ ਹਨ। ਅਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਨੇ ਪੰਜਾਬ ਵਿਚ ਸਰਗਰਮੀਆਂ ਤੇਜ਼ ਕੀਤੀਆਂ ਹੋਈਆਂ ਹਨ ਅਤੇ ਜਾਖੜ ਇਹ ਵੀ ਕਹਿ ਰਹੇ ਹਨ ਕਿ ਭਾਜਪਾ ਪੰਜਾਬ ਵਿਚ ਆਪਣੇ ਬਲਬੂਤੇ ’ਤੇ ਹੀ ਚੋਣਾਂ ਲੜੇਗੀ।