Breaking News
Home / ਪੰਜਾਬ / ਪੰਜਾਬ ‘ਚ ਜ਼ਿਮਨੀ ਚੋਣਾਂ ਦੌਰਾਨ ਫਗਵਾੜਾ ਤੋਂ ਕਾਂਗਰਸੀ ਉਮੀਦਵਾਰ ਬਲਵਿੰਦਰ ਧਾਲੀਵਾਲ ਸਭ ਤੋਂ ਵੱਧ ਵੋਟਾਂ ਨਾਲ ਜਿੱਤੇ

ਪੰਜਾਬ ‘ਚ ਜ਼ਿਮਨੀ ਚੋਣਾਂ ਦੌਰਾਨ ਫਗਵਾੜਾ ਤੋਂ ਕਾਂਗਰਸੀ ਉਮੀਦਵਾਰ ਬਲਵਿੰਦਰ ਧਾਲੀਵਾਲ ਸਭ ਤੋਂ ਵੱਧ ਵੋਟਾਂ ਨਾਲ ਜਿੱਤੇ

ਭਾਜਪਾ ਦੋਵੇਂ ਸੀਟਾਂ ਹਾਰ ਕੇ ਹੁਣ ਸੋਚਣ ਲਈ ਹੋਈ ਮਜ਼ਬੂਰ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਚ 4 ਵਿਧਾਨ ਸਭਾ ਹਲਕਿਆਂ ‘ਚ ਹੋਈ ਜ਼ਿਮਨੀ ਚੋਣ ਦੌਰਾਨ ਫਗਵਾੜਾ ਤੋਂ ਕਾਂਗਰਸੀ ਉਮੀਦਵਾਰ ਬਲਵਿੰਦਰ ਸਿੰਘ ਧਾਲੀਵਾਲ ਪੰਜਾਬ ਵਿਚੋਂ ਸਭ ਤੋਂ ਵੱਧ 26,116 ਵੋਟਾਂ ਦੇ ਫਰਕ ਨਾਲ ਜਿੱਤੇ ਹਨ। ਉਨ੍ਹਾਂ ਭਾਜਪਾ ਦੇ ਉਮੀਦਵਾਰ ਰਾਜੇਸ਼ ਬਾਘਾ ਨੂੰ ਹਰਾਇਆ। ਕਾਂਗਰਸ ਪਾਰਟੀ ਨੇ ਬਲਵਿੰਦਰ ਸਿੰਘ ਧਾਲੀਵਾਲ ਨੂੰ ਆਈ.ਏ.ਐਸ. ਦੇ ਅਹੁਦੇ ਤੋਂ ਅਸਤੀਫਾ ਦੁਆ ਕੇ ਚੋਣ ਲੜਾਈ ਸੀ। ਫਗਵਾੜਾ ਤੋਂ ‘ਆਪ’ ਉਮੀਦਵਾਰ ਸੰਤੋਸ਼ ਕੁਮਾਰ ਗੋਗੀ ਨੂੰ ਸਿਰਫ 2910 ਵੋਟਾਂ ਹੀ ਨਸੀਬ ਹੋਈਆਂ। ਇਸੇ ਤਰ੍ਹਾਂ ਜਲਾਲਾਬਾਦ ਜਿਹੜਾ ਕਿ ਸੁਖਬੀਰ ਸਿੰਘ ਬਾਦਲ ਦਾ ਗੜ੍ਹ ਮੰਨਿਆ ਜਾਂਦਾ ਹੈ, ਉਥੋਂ ਕਾਂਗਰਸੀ ਉਮੀਦਵਾਰ ਰਮਿੰਦਰ ਆਂਵਲਾ 16,633 ਵੋਟਾਂ ਦੇ ਫਰਕ ਜਿੱਤੇ, ਉਨ੍ਹਾਂ ਅਕਾਲੀ ਉਮੀਦਵਾਰ ਰਾਜ ਸਿੰਘ ਡਿੱਬੀਪੁਰਾ ਨੂੰ ਹਰਾਇਆ। ਇੱਥੇ ‘ਆਪ’ ਦੇ ਉਮੀਦਵਾਰ ਮਹਿੰਦਰ ਸਿੰਘ ਨੂੰ 11,301 ਵੋਟਾਂ ਮਿਲੀਆਂ। ਮੁਕੇਰੀਆਂ ਹਲਕੇ ਤੋਂ ਕਾਂਗਰਸੀ ਉਮੀਦਵਾਰ ਇੰਦੂ ਬਾਲਾ ਨੇ 3440 ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ, ਉਨ੍ਹਾਂ ਭਾਜਪਾ ਦੇ ਉਮੀਦਵਾਰ ਜੱਗੀ ਲਾਲ ਮਹਾਜਨ ਨੂੂੰ ਹਰਾਇਆ। ਇੱਥੇ ‘ਆਪ’ ਦੇ ਉਮੀਦਵਾਰ ਜੀ.ਐਸ. ਮੁਲਤਾਨੀ ਨੂੰ 8261 ਵੋਟਾਂ ਹੀ ਮਿਲੀਆਂ। ਇਸੇ ਦੌਰਾਨ ਦਾਖਾ ਸੀਟ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਇਆਲੀ ਨੇ 14,672 ਵੋਟਾਂ ਦੇ ਅੰਤਰ ਨਾਲ ਜਿੱਤੀ, ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖਾਸਮ ਖਾਸ ਉਮੀਦਵਾਰ ਕੈਪਟਨ ਸੰਦੀਪ ਸੰਧੂ ਨੂੰ ਹਰਾ ਕੇ ਸਿਆਸੀ ਹਲਚਲ ਮਚਾ ਦਿੱਤੀ। ਸੰਦੀਪ ਸੰਧੂ ਦੀ ਹਾਰ ਨਾਲ ਕੈਪਟਨ ਅਮਰਿੰਦਰ ਖੇਮੇ ਵਿਚ ਨਿਰਾਸ਼ਾ ਦੇਖੀ ਜਾ ਰਹੀ ਹੈ। ਇੱਥੇ ਵੀ ‘ਆਪ’ ਦਾ ਉਮੀਦਵਾਰ ਮੁਕਾਬਲੇ ਤੋਂ ਬਾਹਰ ਹੀ ਰਿਹਾ। ਧਿਆਨ ਰਹੇ ਕਿ ਭਾਜਪਾ ਨੇ ਅਕਾਲੀ ਦਲ ਨਾਲ ਗਠਜੋੜ ਦੇ ਤਹਿਤ ਫਗਵਾੜਾ ਅਤੇ ਮੁਕੇਰੀਆਂ ਤੋਂ ਚੋਣ ਲੜੀ ਸੀ ਅਤੇ ਇਹ ਦੋਵੇਂ ਸੀਟਾਂ ਹੀ ਹਾਰ ਗਈ ਹੈ। ਪੰਜਾਬ ‘ਚ ਅਗਾਮੀ ਵਿਧਾਨ ਸਭਾ ਚੋਣ ਇਕੱਲਿਆਂ ਲੜਨ ਦਾ ਮਨ ਬਣਾਈ ਬੈਠੀ ਭਾਜਪਾ ਹੁਣ ਸੋਚਣ ਲਈ ਮਜ਼ਬੂਰ ਹੋ ਗਈ ਹੈ।

Check Also

ਲੁਧਿਆਣਾ ਤੋਂ ‘ਆਪ’ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਨੂੰ ਸ਼ਰਾਬ ਨਾਲ ਤੋਲਿਆ

ਮਜੀਠੀਆ ਬੋਲੇ : ਲੋਕਾਂ ਨੇ ਪੀਤੀ ਤੁਪਕਾ ਤੁਪਕਾ ‘ਆਪ’ ਵਾਲਿਆਂ ਨੇ ਪੀਤੀ ਬਾਟੇ ਨਾਲ ਲੁਧਿਆਣਾ/ਬਿਊਰੋ …