Breaking News
Home / ਦੁਨੀਆ / ਪਾਕਿ ‘ਚ ਤਿੰਨ ਇਤਿਹਾਸਕ ਗੁਰਦੁਆਰੇ ਸੰਗਤਾਂ ਲਈ ਖੋਲ੍ਹੇ

ਪਾਕਿ ‘ਚ ਤਿੰਨ ਇਤਿਹਾਸਕ ਗੁਰਦੁਆਰੇ ਸੰਗਤਾਂ ਲਈ ਖੋਲ੍ਹੇ

1947 ‘ਚ ਭਾਰਤ-ਪਾਕਿ ਵੰਡ ਪਿੱਛੋਂ ਕੀਤੇ ਗਏ ਸਨ ਬੰਦ
ਇਸਲਾਮਾਬਾਦ/ਬਿਊਰੋ ਨਿਊਜ਼ : ਪਾਕਿਸਤਾਨ ਵਿਚ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਚ ਮੁਰੰਮਤ ਅਤੇ ਸਫਾਈ ਮਗਰੋਂ ਖੂਹ ਆਮ ਸੰਗਤਾਂ ਲਈ ਖੋਲ੍ਹ ਦਿੱਤਾ ਗਿਆ ਹੈ, ਜਿੱਥੇ ਸੰਗਤਾਂ ਜਲ (ਜਿਸ ਨੂੰ ਅੰਮ੍ਰਿਤ ਜਲ ਕਿਹਾ ਜਾਂਦਾ ਹੈ) ਹੁਣ ਵਰਤ ਸਕਦੀਆਂ ਹਨ। ਇਸ ਖੂਹ ਵਿਚ ਹੁਣ ਪਾਣੀ ਦੀ ਸਫਾਈ ਲਈ ਫਿਲਟ੍ਰੇਸ਼ਨ ਪਲਾਂਟ ਲਾਇਆ ਗਿਆ ਹੈ ਤਾਂ ਕਿ ਸ਼ਰਧਾਲੂ ਇਸ ਜਲ ਨੂੰ ਅੰਮ੍ਰਿਤ ਵਜੋਂ ਵਰਤ ਸਕਣ। ਇਵਾਕਿਊ ਟਰੱਸਟ ਪ੍ਰਾਪਰਟੀ ਬੋਰਡ (ਓਕਾਫ ਬੋਰਡ) ਦੇ ਚੇਅਰਮੈਨ ਸਿਦੀਕੀ ਫਾਰੂਕ ਨੇ ਇਸ ਬਾਰੇ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ। ਸਿਦੀਕੀ ਫਾਰੂਕ ਨੇ ਦੱਸਿਆ ਕਿ ਤਿੰਨ ਇਤਿਹਾਸਕ ਗੁਰਦੁਆਰੇ ਜੋ ਕਿ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਹਨ, ਨੂੰ ਵੀ ਦੁਬਾਰਾ ਸਿੱਖ ਸ਼ਰਧਾਲੂਆਂ ਲਈ ਖੋਲ੍ਹ ਦਿੱਤਾ ਗਿਆ ਹੈ। ਇਹ ਗੁਰਦੁਆਰੇ ਦੇਸ਼ ਦੀ ਵੰਡ ਤੋਂ ਬਾਅਦ ਬੰਦ ਕਰ ਦਿੱਤੇ ਗਏ ਸਨ।ਇਨ੍ਹਾਂ ਵਿਚੋਂ ਇਕ ਗੁਰਦੁਆਰਾ ਸਾਹਿਬ ਪਿਸ਼ਾਵਰ ਵਿਚ ਅਤੇ ਦੋ ਨਨਕਾਣਾ ਸਾਹਿਬ ਵਿਚ ਸਥਿਤ ਹਨ। ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਖੂਹ ਦੇ ਸਾਫ ਪਾਣੀ ਦਾ ਜ਼ਿਕਰ ਕਰਦਿਆਂ ਸਿਦੀਕੀ ਫਾਰੂਕ ਨੇ ਕਿਹਾ ਕਿ ਇਹ ‘ਅੰਮ੍ਰਿਤ ਜਲ’ ਹੁਣ ਵਿਦੇਸ਼ਾਂ ਵਿਚ ਵੀ ਸਿੱਖ ਸ਼ਰਧਾਲੂਆਂ ਨੂੰ ਭੇਜਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਕਰਤਾਰਪੁਰ ਸਾਹਿਬ ਨਨਕਾਣਾ ਸਾਹਿਬ ‘ਚ ਸਥਿਤ ਹੈ ਤੇ ਇੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਜ਼ਿੰਦਗੀ ਦੇ ਆਖਰੀ ਸਾਲ ਬਤੀਤ ਕੀਤੇ ਸਨ। ਉਹਨਾਂ ਇਹ ਵੀ ਜਾਣਕਾਰੀ ਦਿੱਤੀ ਕਿ ਸਿੱਖਾਂ ਦੇ ਧਾਰਮਿਕ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਕਿਸਤਾਨ ਵਿਚ ਪ੍ਰਕਾਸ਼ਨਾ ਲਈ ਸਰਕਾਰ ਪੂਰੇ ਪ੍ਰਬੰਧ ਕਰ ਰਹੀ ਹੈ।
ਓਕਾਫ ਬੋਰਡ ਦੇ ਅਧਿਕਾਰੀਆਂ ਨੇ ਸਵਾਲਾਂ ‘ਤੇ ਵੱਟੀ ਚੁੱਪ
ਕਮੇਟੀ ਦੇ ਚੇਅਰਮੈਨ ਸੈਨੇਟਰ ਹਾਫਿਜ਼ ਹਮਦੁੱਲਾ ਨੇ ਪੁੱਛਿਆ ਕਿ ਦੇਸ਼ ਦੀ ਵੰਡ ਤੋਂ ਇੰਨੇ ਸਾਲ ਬਾਅਦ ਤੱਕ ਇਸ ਇਤਿਹਾਸਕ ਗੁਰਦੁਆਰਾ ਸਾਹਿਬ ਦਾ ਇਹ ਖੂਹ ਕਿਉਂ ਬੰਦ ਰਿਹਾ। ਇਸ ਦੌਰਾਨ ਧਾਰਮਿਕ ਮਾਮਲਿਆਂ ਦੇ ਮੰਤਰੀ ਸਰਦਾਰ ਮੁਹੰਮਦ ਯੂਸਫ, ਸਕੱਤਰ ਖਾਲਿਦ ਮਸੂਦ ਅਤੇ ਓਕਾਫ ਬੋਰਡ ਦੇ ਮੌਜੂਦ ਅਧਿਕਾਰੀਆਂ ਨੇ ਇਸ ਸਵਾਲ ‘ਤੇ ਚੁੱਪੀ ਵੱਟੀ ਰੱਖੀ। ਇਸ ‘ਤੇ ਹਮਦੁੱਲਾ ਨੇ ਕਿਹਾ ਕਿ ਸਾਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਦਿਆਂ ਉਨ੍ਹਾਂ ਦੇ ਬੰਦ ਪਏ ਧਾਰਮਿਕ ਸਥਾਨਾਂ ਦੀ ਮੁਰੰਮਤ ਕਰਵਾ ਕੇ ਉਨ੍ਹਾਂ ਦੇ ਹਵਾਲੇ ਕਰਨਾ ਚਾਹੀਦਾ ਹੈ, ਭਾਵੇਂ ਉਹ ਸਿੱਖ ਧਰਮ, ਹਿੰਦੂ ਧਰਮ ਦੇ ਮੰਦਰ ਜਾਂ ਇਸਾਈਆਂ ਦੇ ਗਿਰਜਾ ਘਰ ਹੀ ਕਿਉਂ ਨਾ ਹੋਣ।

Check Also

ਭਾਰਤ ਅਤੇ ਮਾਲਦੀਵ ਵਿਚਾਲੇ ਕਰੰਸੀ ਅਦਲਾ-ਬਦਲੀ ਸਮਝੌਤਾ

ਪੀਐਮ ਨਰਿੰਦਰ ਮੋਦੀ ਨੇ ਮਾਲਦੀਵ ਨੂੰ 40 ਕਰੋੜ ਡਾਲਰ ਦੇਣ ਦਾ ਐਲਾਨ ਕੀਤਾ ਨਵੀਂ ਦਿੱਲੀ/ਬਿਊਰੋ …