Breaking News
Home / ਦੁਨੀਆ / ਬੋਸਟਨ ਯੂਨੀਵਰਸਿਟੀ ਤੋਂ ਭਾਰਤੀ ਵਿਦਿਆਰਥੀ ਨੂੰ ਦੋ ਕਰੋੜ ਦਾ ਵਜ਼ੀਫ਼ਾ

ਬੋਸਟਨ ਯੂਨੀਵਰਸਿਟੀ ਤੋਂ ਭਾਰਤੀ ਵਿਦਿਆਰਥੀ ਨੂੰ ਦੋ ਕਰੋੜ ਦਾ ਵਜ਼ੀਫ਼ਾ

ਨੋਇਡਾ/ਬਿਊਰੋ ਨਿਊਜ਼
ਨੋਇਡਾ ਦੇ ਰਹਿਣ ਵਾਲੇ ਬਾਰਵ੍ਹੀਂ ਜਮਾਤ ਦੇ ਵਿਦਿਆਰਥੀ ਅਰਣਵ ਮਿਸ਼ਰਾ (17) ਨੂੰ ਅਮਰੀਕਾ ਦੀ ਬੋਸਟਨ ਯੂਨੀਵਰਸਿਟੀ ਤੋਂ ਅਰਥਸ਼ਾਸਤਰ ਦੀ ਪੜ੍ਹਾਈ ਲਈ ਦੋ ਕਰੋੜ ਰੁਪਏ ਦਾ ਵਜ਼ੀਫ਼ਾ ਮਿਲਿਆ ਹੈ। ਅਰਣਵ ਕੌਮਾਂਤਰੀ ਪੱਧਰ ‘ਤੇ ਚੁਣੇ ਗਏ 20 ਵਿਦਿਆਰਥੀਆਂ ਵਿਚੋਂ ਇਕ ਹੈ ਤੇ ‘ਬੋਸਟਨ ਯੂਨੀਵਰਸਿਟੀ ਟਰੱਸਟੀਜ਼ ਸਕਾਲਰਸ਼ਿਪ’ ਲਈ ਚੁਣਿਆ ਗਿਆ ਇਕੋ-ਇਕ ਭਾਰਤੀ ਹੈ। ਮਿਸ਼ਰਾ ਨੂੰ ਯੂਨੀਵਰਸਿਟੀ ਵੱਲੋਂ ਭੇਜੇ ਪੱਤਰ ਵਿਚ ਕਿਹਾ ਗਿਆ ਹੈ ਕਿ ਉਸ ਦੇ ਸ਼ਾਨਦਾਰ ਅਕਾਦਮਿਕ ਰਿਕਾਰਡ, ਸਕੂਲ ਤੇ ਸਮਾਜ ਲਈ ਕੀਤੇ ਕਾਰਜਾਂ ਕਰਕੇ ਵੱਕਾਰੀ ਵਜ਼ੀਫ਼ੇ ਲਈ ਉਸ ਦੀ ਚੋਣ ਕੀਤੀ ਗਈ ਹੈ। ਯੂਨੀਵਰਸਿਟੀ ਨੇ ਉਸ ਨੂੰ ਵਧਾਈ ਦਿੰਦਿਆਂ ਕਿਹਾ ਕਿ ਬੋਸਟਨ ‘ਵਰਸਿਟੀ ਵਿਚ ਉਸ ਦਾ ਸਵਾਗਤ ਹੈ। ਮਿਸ਼ਰਾ ਨੇ ਸਕਾਲਰਸ਼ਿਪ ਟੈਸਟ ਵਿਚ (ਸੈਟ) 1600 ਵਿਚੋਂ 1500 ਅੰਕ ਲਏ ਹਨ। ਇਸ ਤੋਂ ਇਲਾਵਾ ਉਸ ਨੇ ‘ਵਰਸਿਟੀ ਦੀ ਸਕਾਲਰਸ਼ਿਪ ਪ੍ਰੀਖਿਆ ਵਿਚ ਵੀ 99 ਅੰਕ ਹਾਸਲ ਕੀਤੇ ਤੇ ਇਹ ਪ੍ਰੀਖਿਆ ਪੂਰੀ ਦੁਨੀਆ ਵਿਚੋਂ 60,000 ਵਿਦਿਆਰਥੀਆਂ ਨੇ ਦਿੱਤੀ ਸੀ। ਅਰਣਵ ਨੇ ਕਿਹਾ ਕਿ ਉਹ ਅਰਥਸ਼ਾਸਤਰ ਨੂੰ ਮੁੱਖ ਵਿਸ਼ੇ ਵੱਜੋਂ ਲਏਗਾ ਤੇ ‘ਇਕੋਨੋਮੀਟ੍ਰਿਕਸ’ (ਅਰਥਸ਼ਾਸਤਰ ਤੇ ਗਣਿਤ) ਪੜ੍ਹੇਗਾ ਕਿਉਂਕਿ ਇਸ ਖੇਤਰ ਵਿਚ ਨੌਕਰੀ ਦੀਆਂ ਸੰਭਾਵਨਾਵਾਂ ਬਿਹਤਰ ਹਨ। ਉਸ ਨੂੰ ਚਾਰ ਸਾਲਾਂ ਲਈ ਪ੍ਰਤੀ ਸਾਲ 78,000 ਅਮਰੀਕੀ ਡਾਲਰ ਵਜ਼ੀਫ਼ਾ ਮਿਲੇਗਾ। ਹਰ ਸਾਲ ਇਸ ਸਕਾਲਰਸ਼ਿਪ ਲਈ ਬੋਸਟਨ ਯੂਨੀਵਰਸਿਟੀ ਪੂਰੀ ਦੁਨੀਆ ਵਿਚੋਂ ਕੇਵਲ 20 ਵਿਦਿਆਰਥੀਆਂ ਨੂੰ ਚੁਣਦੀ ਹੈ। ਮਿਸ਼ਰਾ ਨੇ ਦਸਵੀਂ ਜਮਾਤ ਵਿਚੋਂ 10 ਸੀਜੀਪੀਏ ਤੇ 12ਵੀਂ ਦੀ ਪ੍ਰੀਖਿਆ ਵਿਚ 90 ਫੀਸਦ ਅੰਕ ਹਾਸਲ ਕੀਤੇ ਹਨ। ਕੋਰਸ ਦੀਆਂ ਕਲਾਸਾਂ ਸਤੰਬਰ ਵਿਚ ਸ਼ੁਰੂ ਹੋਣਗੀਆਂ। ਅਰਣਵ ਦੇ ਪਿਤਾ ਅਮਿਤ ਨਾਥ ਮਿਸ਼ਰਾ ਡਾਕਟਰ ਹਨ ਜਦਕਿ ਮਾਤਾ ਘਰੇਲੂ ਸੁਆਣੀ ਹੈ। ਭਰਾ ਕੌਮੀ ਫੈਸ਼ਨ ਤਕਨਾਲੋਜੀ ਸੰਸਥਾ ਦਾ ਵਿਦਿਆਰਥੀ ਹੈ।

Check Also

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੁੰਦਰ ਪਿਚਾਈ ਸਣੇ ਅਮਰੀਕੀ ਕੰਪਨੀਆਂ ਦੇ ਸੀਈਓਜ਼ ਨਾਲ ਮੁਲਾਕਾਤ ਕੀਤੀ

ਮੋਦੀ ਨੇ ਭਾਰਤ ਵਿੱਚ ਵਿਕਾਸ ਦੀਆਂ ਸੰਭਾਵਨਾਵਾਂ ‘ਤੇ ਦਿੱਤਾ ਜ਼ੋਰ ਨਿਊਯਾਰਕ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ …