ਅੰਮ੍ਰਿਤਸਰ : ਪਾਕਿਸਤਾਨ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਉਸਮਾਨ ਬੁਜਦਾਰ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ ‘ਚ ਪਾਕਿਸਤਾਨ ਸਰਕਾਰ 31 ਅਗਸਤ ਨੂੰ ਪੰਜਾਬ ਗਵਰਨਰ ਹਾਊਸ ‘ਚ ਪਹਿਲੇ ਅੰਤਰਰਾਸ਼ਟਰੀ ਸਿੱਖ ਸੰਮੇਲਨ ਦਾ ਆਯੋਜਨ ਕਰੇਗੀ। ਦੁਨੀਆ ਭਰ ਤੋਂ ਸਿੱਖ ਚਿੰਤਕ, ਵਿਦਵਾਨ, ਬੁੱਧੀਜੀਵੀ, ਧਾਰਮਿਕ ਆਗੂਆਂ ਸਮੇਤ ਅਮਰੀਕਾ ਅਤੇ ਯੂਰਪ ‘ਚ ਗਠਿਤ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਪ੍ਰਤੀਨਿਧੀਆਂ ਨੂੰ ਪ੍ਰੋਗਰਾਮ ‘ਚ ਸ਼ਾਮਲ ਹੋਣ ਦੇ ਲਈ ਸੱਦਾ ਭੇਜਿਆ ਹੈ। ਇਸ ਪ੍ਰੋਗਰਾਮ ‘ਚ ਪਾਕਿਸਤਾਨ ਦੇ ਕੁੱਝ ਮੁਸਲਿਮ ਬੁੱਧੀਜੀਵੀ ਵੀ ਸ਼ਾਮਿਲ ਹੋਣਗੇ ਜਿਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ,ਵਿਚਾਰਧਾਰਾ ਅਤੇ ਸਰਬਸਾਂਝੀ ਗੁਰਬਾਣੀ ‘ਤੇ ਖੋਜ ਕੀਤੀ ਹੈ। ਪਾਕਿਸਤਾਨ ਸਥਿਤ ਪੰਜਾਬ ਸਰਕਾਰ ਨੇ ਇਸ ਪ੍ਰੋਗਰਾਮ ‘ਚ ਸ਼ਾਮਲ ਹੋਣ ਲਈ ਸਿੱਖਾਂ ਦੀ ਸਰਵਉਚ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਸੱਦਾ ਭੇਜਿਆ ਹੈ ਜਾਂ ਨਹੀਂ ਇਹ ਅਜੇ ਸਪੱਸ਼ਟ ਨਹੀਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੁਲਾਰੇ ਕੁਲਵਿੰਦਰ ਸਿੰਘ ਰਮਦਾਸ ਨੇ ਕਿਹਾ ਹੈ ਕਿ ਜੇਕਰ ਇਸ ਬਾਰੇ ਜੇਕਰ ਕੋਈ ਈਮੇਲ ਆਈ ਹੋਣੀ ਤਾਂ ਸ਼ਾਇਦ ਉਹ ਛੁੱਟੀ ਹੋਣ ਕਾਰਨ ਚੈਕ ਨਹੀਂ ਹੋ ਸਕੀ ਹੋਵੇ। ਉਸਮਾਨ ਬੁਜਦਾਰ ਨੇ ਐਤਵਾਰਨੂੰ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਵਿਸ਼ੇਸ਼ ਸਲਾਹਕਾਰ ਡਾ. ਫਿਰਦੋਸ਼ ਆਸ਼ਿਕ ਅਵਾਨ ਦੇ ਨਾਲ ਮੀਟਿੰਗ ਕਰਨ ਤੋਂ ਬਾਅਦ ਅਧਿਕਾਰੀਆਂ ਦੇ ਨਾਲ ਸਿੱਖ ਸੰਮੇਲਨ ਦੀ ਤਿਆਰੀਆਂ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਇਸ ਸੰਮੇਲਨ ‘ਚ ਹਿੱਸਾ ਲੈਣ ਵਾਲੇ ਸਾਰੇ ਸਿੱਖ ਵਿਦਵਾਨਾਂ ਅਤੇ ਚਿੰਤਕਾਂ ਦੇ ਰਹਿਣ ਅਤੇ ਹੋਰ ਪ੍ਰਬੰਧ ਕਰਨ ਲਈ ਹੁਕਮ ਜਾਰੀ ਕਰ ਦਿੱਤੇ ਹਨ। ਉਸਮਾਨ ਨੇ ਦਾਅਵਾ ਕੀਤਾ ਕਿ 550ਵੇਂ ਪ੍ਰਕਾਸ਼ ਪੁਰਬ ਮੌਕੇ ਆਉਣ ਵਾਲੇ ਸਾਰੇ ਸ਼ਰਧਾਲੂਆਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਉਨ੍ਹਾਂ ਦੀ ਸਰਕਾਰ ਦੀ ਹੋਵੇਗੀ। ਪਾਕਿਸਤਾਨ ਸਰਕਾਰ ਦੂਜਾ ਅੰਤਰਰਾਸ਼ਟਰੀ ਸੰਮੇਲਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ‘ਚ ਆਯੋਜਿਤ ਕਰੇਗੀ, ਜਿਸ ਦੀ ਤਾਰੀਖ ਦਾ ਅਜੇ ਐਲਾਨ ਨਹੀਂ ਕੀਤਾ ਗਿਆ। ਬੁਜਦਾਰ ਨੇ ਆਰੋਪ ਲਗਾਇਆ ਕਿ ਕਰਤਾਰਪੁਰ ਕੋਰੀਡੋਰ ਦੇ ਸਬੰਧ ‘ਚ ਭਾਰਤ ਪਹਿਲੇ ਹੀ ਦਿਨ ਤੋਂ ਵਿਰੋਧ ਕਰ ਰਿਹਾ ਹੈ ਪ੍ਰੰਤੂ ਸਾਰੀਆਂ ਰੁਕਾਵਟਾਂ ਦੇ ਬਾਵਜੂਦ ਪਾਕਿਸਤਾਨ ਇਸ ਕੋਰੀਡੋਰ ‘ਤੇ ਕੰਮ ਕਰ ਰਿਹਾ ਹੈ। ਕੋਰੀਡੋਰ ਦਾ ਨਿਰਮਾਣ 550ਵੇਂ ਪ੍ਰਕਾਸ਼ ਪੁਰਬ ਮੌਕੇ ਹੋਣ ਵਾਲੇ ਸਮਾਰੋਹਾਂ ਤੋਂ ਪਹਿਲਾਂ ਮੁਕੰਮਲ ਹੋ ਜਾਵੇਗਾ।
Check Also
ਆਸਟਰੇਲੀਆ ’ਚ 16 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਚਲਾ ਸਕਣਗੇ ਸੋਸ਼ਲ ਮੀਡੀਆ
ਪ੍ਰਤੀਨਿਧੀ ਸਦਨ ਨੇ ਬਿੱਲ ਕੀਤਾ ਪਾਸ ਮੈਲਬਰਨ/ਬਿਊਰੋ ਨਿਊਜ਼ ਆਸਟਰੇਲੀਆ ਦੇ ਪ੍ਰਤੀਨਿਧੀ ਸਦਨ ਨੇ ਇਕ ਬਿੱਲ …