Breaking News
Home / ਦੁਨੀਆ / ਇਮਰਾਨ ਖਾਨ ਨੂੰ ਵੱਖ-ਵੱਖ ਮਾਮਲਿਆਂ ‘ਚ 8 ਜੂਨ ਤੱਕ ਮਿਲੀ ਜ਼ਮਾਨਤ

ਇਮਰਾਨ ਖਾਨ ਨੂੰ ਵੱਖ-ਵੱਖ ਮਾਮਲਿਆਂ ‘ਚ 8 ਜੂਨ ਤੱਕ ਮਿਲੀ ਜ਼ਮਾਨਤ

ਬੁਸ਼ਰਾ ਬੀਬੀ ਦੀ ਗ੍ਰਿਫ਼ਤਾਰੀ ‘ਤੇ 1 ਜੂਨ ਤੱਕ ਰੋਕ
ਅੰਮ੍ਰਿਤਸਰ : ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ. ਟੀ. ਆਈ.) ਪਾਰਟੀ ਦੇ ਚੇਅਰਮੈਨ ਅਤੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਦਹਿਸ਼ਤਵਾਦ ਅਤੇ ਹਿੰਸਾ ਦੇ 8 ਵੱਖ-ਵੱਖ ਮਾਮਲਿਆਂ ‘ਚ ਇਸਲਾਮਾਬਾਦ ਵਿਖੇ ਅੱਤਵਾਦ ਵਿਰੋਧੀ ਅਦਾਲਤ (ਏ. ਟੀ. ਸੀ.) ਵਲੋਂ 8 ਜੂਨ ਤੱਕ ਜ਼ਮਾਨਤ ਦਿੱਤੀ ਗਈ। ਸੁਣਵਾਈ ਦੌਰਾਨ ਖ਼ਾਨ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਹੈ ਅਤੇ ਨਿਆਇਕ ਕੰਪਲੈਕਸ ‘ਚ ਉਨ੍ਹਾਂ ਦੀ ਕਥਿਤ ਤੌਰ ‘ਤੇ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ।
ਜਾਣਕਾਰੀ ਅਨੁਸਾਰ ਕਈ ਕੇਸਾਂ ਦਾ ਸਾਹਮਣਾ ਕਰ ਰਹੇ ਸਾਬਕਾ ਪ੍ਰਧਾਨ ਮੰਤਰੀ ਅਤੇ ਬੁਸ਼ਰਾ ਬੀਬੀ 19 ਕਰੋੜ ਪੌਂਡ ਦੇ ਅਲ-ਕਾਦਿਰ ਟਰੱਸਟ ਭ੍ਰਿਸ਼ਟਾਚਾਰ ਮਾਮਲੇ ‘ਚ ਕੌਮੀ ਜਵਾਬਦੇਹੀ ਬਿਊਰੋ (ਐੱਨ. ਏ. ਬੀ.) ਦੇ ਰਾਵਲਪਿੰਡੀ ਦਫ਼ਤਰ ‘ਚ ਪੇਸ਼ੀ ਤੋਂ ਪਹਿਲਾਂ ਭਾਰੀ ਸੁਰੱਖਿਆ ਹੇਠ ਗ੍ਰਿਫ਼ਤਾਰੀ ਤੋਂ ਬਚਣ ਲਈ ਇਸਲਾਮਾਬਾਦ ਨਿਆਇਕ ਕੰਪਲੈਕਸ ‘ਚ ਪਹੁੰਚੇ। ਭ੍ਰਿਸ਼ਟਾਚਾਰ ਦੇ ਉਕਤ ਮਾਮਲੇ ‘ਚ ਬੁਸ਼ਰਾ ਬੀਬੀ ਦੀ ਜ਼ਮਾਨਤ ਦੀ ਮਿਆਦ 23 ਮਈ ਨੂੰ ਖ਼ਤਮ ਹੋ ਗਈ ਸੀ, ਜਿਸ ਦੇ ਬਾਅਦ ਜੱਜ ਮੁਹੰਮਦ ਬਸ਼ੀਰ ਨੇ 5 ਲੱਖ ਰੁਪਏ ਦੇ ਜ਼ਮਾਨਤੀ ਬਾਂਡ ‘ਤੇ 31 ਮਈ ਤੱਕ ਬੁਸ਼ਰਾ ਬੀਬੀ ਦੀ ਜ਼ਮਾਨਤ ਮਨਜ਼ੂਰ ਕਰ ਲਈ।
ਹਾਈਕੋਰਟ ਨੇ ਉਨ੍ਹਾਂ ਨੂੰ 1 ਜੂਨ ਤੱਕ ਗ੍ਰਿਫ਼ਤਾਰ ਨਾ ਕਰਨ ਦਾ ਹੁਕਮ ਦਿੱਤਾ ਹੈ।
ਇਸ ਤੋਂ ਬਾਅਦ ਇਮਰਾਨ ਖ਼ਾਨ ਅਤੇ ਬੁਸ਼ਰਾ ਬੀਬੀ ਰਾਵਲਪਿੰਡੀ ਸਥਿਤ ਰਾਸ਼ਟਰੀ ਜਵਾਬਦੇਹੀ ਬਿਊਰੋ (ਐੱਨ. ਏ. ਬੀ.) ਵਲੋਂ ਭੇਜੇ ਸੰਮਨ ਦੇ ਜਵਾਬ ‘ਚ ਰਾਵਲਪਿੰਡੀ ਸਥਿਤ ਭ੍ਰਿਸ਼ਟਾਚਾਰ ਵਿਰੋਧੀ ਨਿਗਰਾਨ ਦੇ ਦਫ਼ਤਰ ‘ਚ ਪੇਸ਼ ਹੋਏ। ਇਸ ਦੌਰਾਨ ਬੁਸ਼ਰਾ ਬੀਬੀ ਦਫ਼ਤਰ ਦੇ ਬਾਹਰ ਕਾਰ ‘ਚ ਹੀ ਰੁਕੀ ਰਹੀ, ਜਦਕਿ ਅਧਿਕਾਰੀਆਂ ਵਲੋਂ ਇਮਰਾਨ ਖ਼ਾਨ ਤੋਂ ਦੋ ਘੰਟੇ ਤੋਂ ਵੱਧ ਸਮੇਂ ਤੱਕ ਪੁੱਛਗਿੱਛ ਕੀਤੀ ਗਈ।

 

Check Also

ਚੀਨ ਵਿੱਚ ਬੱਚਿਆਂ ‘ਚ ਫੈਲੇ ਸਾਹ ਰੋਗ ‘ਤੇ ਭਾਰਤ ਦੀ ਨਜ਼ਰ : ਕੇਂਦਰ

ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਸਰਕਾਰ ਨੇ ਕਿਹਾ ਹੈ ਕਿ ਭਾਰਤ ਵੱਲੋਂ ਚੀਨ ਵਿੱਚ ਫੈਲੇ …