Breaking News
Home / Special Story / ਜੀ-7 ਸੰਮੇਲਨ

ਜੀ-7 ਸੰਮੇਲਨ

ਮੌਜੂਦਾ ਸਥਿਤੀ ਬਦਲਣ ਦੀਆਂ ਇਕਪਾਸੜ ਕੋਸ਼ਿਸ਼ਾਂ ਖ਼ਿਲਾਫ਼ ਇਕਜੁੱਟ ਹੋਣ ਦੀ ਲੋੜ : ਨਰਿੰਦਰ ਮੋਦੀ
ਚੀਨ ਨਾਲ ਪੂਰਬੀ ਲੱਦਾਖ ਵਿਵਾਦ ਦੇ ਸੰਬੰਧ ‘ਚ ਕੀਤੀ ਟਿੱਪਣੀ
ਹੀਰੋਸ਼ੀਮਾ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੀ-7 ਸੰਮੇਲਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਯੂਕਰੇਨ ਦੇ ਮੌਜੂਦਾ ਹਾਲਾਤ ਨੂੰ ਸਿਆਸਤ ਜਾਂ ਅਰਥਚਾਰੇ ਦਾ ਨਹੀਂ, ਬਲਕਿ ਮਾਨਵੀ ਕਦਰਾਂ ਕੀਮਤਾਂ ਦਾ ਮੁੱਦਾ ਮੰਨਦੇ ਹਨ। ਉਨ੍ਹਾਂ ਕਿਹਾ ਕਿ ਸੰਵਾਦ ਤੇ ਕੂਟਨੀਤੀ ਹੀ ਇਸ ਟਕਰਾਅ ਨੂੰ ਸੁਲਝਾਉਣ ਦਾ ਇਕੋ-ਇਕ ਰਾਹ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਾਰੇ ਦੇਸ਼ਾਂ ਨੂੰ ਸੰਯੁਕਤ ਰਾਸ਼ਟਰ ਚਾਰਟਰ, ਕੌਮਾਂਤਰੀ ਕਾਨੂੰਨ ਤੇ ਇਕ-ਦੂਜੇ ਦੀ ਪ੍ਰਭੂਸੱਤਾ ਤੇ ਖੇਤਰੀ ਅਖੰਡਤਾ ਦਾ ਸਤਿਕਾਰ ਕਰਨਾ ਚਾਹੀਦਾ ਹੈ। ਉਨ੍ਹਾਂ ਮੌਜੂਦਾ ਸਥਿਤੀ ਨੂੰ ਬਦਲਣ ਦੀਆਂ ਇਕਤਰਫ਼ਾ ਕੋਸ਼ਿਸ਼ਾਂ ਖ਼ਿਲਾਫ਼ ਮਿਲ ਕੇ ਆਵਾਜ਼ ਉਠਾਉਣ ਦਾ ਸੱਦਾ ਦਿੱਤਾ। ਪ੍ਰਧਾਨ ਮੰਤਰੀ ਦੀਆਂ ਟਿੱਪਣੀਆਂ ਯੂਕਰੇਨ-ਰੂਸ ਜੰਗ ਤੇ ਪੂਰਬੀ ਲੱਦਾਖ ‘ਚ ਚੀਨ ਨਾਲ ਚੱਲ ਰਹੇ ਵਿਵਾਦ ਦੇ ਪਿਛੋਕੜ ‘ਚ ਆਈਆਂ ਹਨ। ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ‘ਚ ਗੌਤਮ ਬੁੱਧ ਨੂੰ ਵੀ ਯਾਦ ਕੀਤਾ।
ਉਨ੍ਹਾਂ ਕਿਹਾ ਕਿ ਆਧੁਨਿਕ ਯੁੱਗ ‘ਚ ਅਜਿਹੀ ਕੋਈ ਸਮੱਸਿਆ ਨਹੀਂ, ਜਿਸ ਦਾ ਤੋੜ ਉਨ੍ਹਾਂ ਦੀਆਂ ਸਿੱਖਿਆਵਾਂ ‘ਚੋਂ ਨਾ ਮਿਲੇ। ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਨ ‘ਚ ਯੂਕਰੇਨੀ ਰਾਸ਼ਟਰਪਤੀ ਵੋਲੋਦੋਮੀਰ ਜ਼ੇਲੈਂਸਕੀ ਨਾਲ ਬੀਤੇ ਦਿਨ ਹੋਈ ਗੱਲਬਾਤ ਦਾ ਵੀ ਜ਼ਿਕਰ ਕੀਤਾ।
ਇਸ ਮੌਕੇ ਉਨ੍ਹਾਂ ਕਿਹਾ ਕਿ ਇਹ ਜ਼ਰੂਰੀ ਹੈ ਕਿ ਸਾਰੇ ਦੇਸ਼ ਸੰਯੁਕਤ ਰਾਸ਼ਟਰ ਚਾਰਟਰ, ਕੌਮਾਂਤਰੀ ਕਾਨੂੰਨ ਤੇ ਸਾਰੇ ਦੇਸ਼ਾਂ ਦੀ ਪ੍ਰਭੂਸੱਤਾ ਤੇ ਖੇਤਰੀ ਅਖੰਡਤਾ ਦਾ ਸਨਮਾਨ ਕਰਨ। ਮੌਜੂਦਾ ਸਥਿਤੀ ਨੂੰ ਬਦਲਣ ਦੀਆਂ ਇਕਪਾਸੜ ਕੋਸ਼ਿਸ਼ਾਂ ਵਿਰੁੱਧ ਆਵਾਜ਼ ਬੁਲੰਦ ਕਰਨੀ ਪਵੇਗੀ।
ਉਨ੍ਹਾਂ ਕਿਹਾ ਕਿ ਭਾਰਤ ਦਾ ਹਮੇਸ਼ਾ ਇਹ ਵਿਚਾਰ ਰਿਹਾ ਹੈ ਕਿ ਕਿਸੇ ਵੀ ਤਣਾਅ ਜਾਂ ਵਿਵਾਦ ਨੂੰ ਗੱਲਬਾਤ ਰਾਹੀਂ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ ਤੇ ਜੇਕਰ ਕਾਨੂੰਨ ਦੁਆਰਾ ਕੋਈ ਹੱਲ ਲੱਭਿਆ ਜਾਂਦਾ ਹੈ ਤਾਂ ਉਸ ਨੂੰ ਸਵੀਕਾਰ ਕੀਤਾ ਜਾਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮੌਜੂਦਾ ਕੌਮਾਂਤਰੀ ਹਾਲਾਤ ‘ਚ ਖੁਰਾਕ, ਈਂਧਣ ਤੇ ਖਾਦ ਦਾ ਸੰਕਟ ਸਭ ਤੋਂ ਵੱਧ ਵਿਕਾਸਸ਼ੀਲ ਦੇਸ਼ਾਂ ਦੁਆਰਾ ਮਹਿਸੂਸ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ਾਂਤੀ, ਸਥਿਰਤਾ ਤੇ ਖੁਸ਼ਹਾਲੀ ਸਾਡੇ ਸਾਰਿਆਂ ਦਾ ਸਾਂਝਾ ਉਦੇਸ਼ ਹੈ। ਅੱਜ ਦੇ ਆਪਸ ‘ਚ ਜੁੜੇ ਸੰਸਾਰ ‘ਚ ਕਿਸੇ ਇਕ ਖੇਤਰ ‘ਚ ਤਣਾਅ ਸਾਰੇ ਦੇਸ਼ਾਂ ਨੂੰ ਪ੍ਰਭਾਵਿਤ ਕਰਦਾ ਹੈ ਤੇ ਵਿਕਾਸਸ਼ੀਲ ਦੇਸ਼, ਜਿਨ੍ਹਾਂ ਕੋਲ ਸੀਮਿਤ ਸਰੋਤ ਹਨ, ਸਭ ਤੋਂ ਵੱਧ ਪ੍ਰਭਾਵਿਤ ਹੁੰਦੇ ਹਨ।
ਮੋਦੀ ਵਲੋਂ ਰਿਸ਼ੀ ਸੁਨਕ ਨਾਲ ਮੁਲਾਕਾਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਆਪਣੇ ਬਰਤਾਨਵੀ ਹਮਰੁਤਬਾ ਰਿਸ਼ੀ ਸੁਨਕ ਨਾਲ ਮੁਲਾਕਾਤ ਕੀਤੀ, ਜਿਸ ਦੌਰਾਨ ਉਨ੍ਹਾਂ ਭਾਰਤ-ਯੂ.ਕੇ. ਐਫ.ਟੀ.ਏ. ਗੱਲਬਾਤ ‘ਚ ਪ੍ਰਗਤੀ ਸਮੇਤ ਦੁਵੱਲੀ ਰਣਨੀਤਕ ਭਾਈਵਾਲੀ ਦੀ ਸਮੀਖਿਆ ਕੀਤੀ। ਦੋਵੇਂ ਨੇਤਾ ਵਪਾਰ, ਨਿਵੇਸ਼, ਵਿਗਿਆਨ ਤੇ ਤਕਨਾਲੋਜੀ ਵਰਗੇ ਖੇਤਰਾਂ ‘ਚ ਦੁਵੱਲੇ ਸਹਿਯੋਗ ਨੂੰ ਹੋਰ ਅੱਗੇ ਵਧਾਉਣ ਲਈ ਵੀ ਸਹਿਮਤ ਹੋਏ . ਇਸ ਸੰਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ ਕਿ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨਾਲ ਮੁਲਾਕਾਤ ਬਹੁਤ ਹੀ ਉਸਾਰੂ ਰਹੀ। ਅਸੀਂ ਵਪਾਰ, ਤਕਨਾਲੋਜੀ, ਵਿਗਿਆਨ ਤੇ ਅਜਿਹੇ ਹੋਰ ਖੇਤਰਾਂ ‘ਚ ਸਹਿਯੋਗ ਵਧਾਉਣ ਬਾਰੇ ਚਰਚਾ ਕੀਤੀ। ਇਸ ਸੰਬੰਧੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਦੋਵੇਂ ਨੇਤਾਵਾਂ ਨੇ ਭਾਰਤ-ਯੂ.ਕੇ. ਮੁਕਤ ਵਪਾਰ ਸਮਝੌਤਾ (ਐਫ.ਟੀ.ਏ.) ਗੱਲਬਾਤ ‘ਚ ਪ੍ਰਗਤੀ ਦਾ ਜਾਇਜ਼ਾ ਲੈਣ ਸਮੇਤ ਆਪਣੀ ਵਿਆਪਕ ਰਣਨੀਤਕ ਭਾਈਵਾਲੀ ਦੀ ਸਮੀਖਿਆ ਕੀਤੀ। ਇਸ ‘ਚ ਕਿਹਾ ਗਿਆ ਹੈ ਕਿ ਉਹ ਵਪਾਰ ਤੇ ਨਿਵੇਸ਼, ਵਿਗਿਆਨ ਤੇ ਤਕਨਾਲੋਜੀ, ਉੱਚ-ਸਿੱਖਿਆ ਤੇ ਦੋਵਾਂ ਦੇਸ਼ਾਂ ਦੇ ਲੋਕਾਂ ‘ਚ ਸੰਬੰਧਾਂ ਵਰਗੇ ਖੇਤਰਾਂ ਦੀ ਇਕ ਵਿਸ਼ਾਲ ਸ਼੍ਰੇਣੀ ‘ਚ ਸਹਿਯੋਗ ਨੂੰ ਹੋਰ ਅੱਗੇ ਵਧਾਉਣ ‘ਤੇ ਸਹਿਮਤ ਹੋਏ। ਇਸ ਮੌਕੇ ਭਾਰਤ ‘ਚ ਚੱਲ ਰਹੇ ਜੀ-20 ਦੀ ਪ੍ਰਧਾਨਗੀ ‘ਤੇ ਵੀ ਚਰਚਾ ਹੋਈ। ਬਿਆਨ ‘ਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਮੋਦੀ ਜੀ-20 ਸਿਖਰ ਸੰਮੇਲਨ ਲਈ ਨਵੀਂ ਦਿੱਲੀ ‘ਚ ਰਿਸ਼ੀ ਸੁਨਕ ਦਾ ਸਵਾਗਤ ਕਰਨ ਲਈ ਉਤਸੁਕ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਿਜ਼ੀ ਦੇ ਸਰਵਉੱਚ ਸਨਮਾਨ ਨਾਲ ਸਨਮਾਨਿਤ
ਇਹ ਸਨਮਾਨ 140 ਕਰੋੜ ਭਾਰਤੀਆਂ ਦਾ ਹੈ : ਮੋਦੀ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਨ੍ਹਾਂ ਦੀ ਗਲੋਬਲ ਲੀਡਰਸ਼ਿਪ ਵਜੋਂ ਮਾਨਤਾ ਦੇਣ ਲਈ ਫਿਜੀ ਦੇ ਪ੍ਰਧਾਨ ਮੰਤਰੀ ਵਲੋਂ ਉਨ੍ਹਾਂ ਨੂੰ ਫਿਜੀ ਦਾ ਸਰਵਉੱਚ ਸਨਮਾਨ ਕੰਪੈਨੀਅਨ ਆਫ ਦਾ ਆਰਡਰ ਆਫ ਫਿਜੀ ਦਿੱਤਾ ਗਿਆ ਹੈ। ਧਿਆਨ ਰਹੇ ਕਿ ਇਹ ਸਨਮਾਨ ਅੱਜ ਤੱਕ ਸਿਰਫ ਕੁੱਝ ਇਕ ਗੈਰ-ਫਿਜੀਆਂ ਨੂੰ ਹੀ ਮਿਲਿਆ ਹੈ। ਪੀਐਮ ਮੋਦੀ ਆਪਣੇ ਤਿੰਨ ਦੇਸ਼ਾਂ ਦੇ ਦੌਰੇ ਦੇ ਦੂਜੇ ਪੜਾਅ ਵਿੱਚ 21 ਮਈ ਨੂੰ ਪਾਪੁਆ ਨਿਊ ਗਿਨੀ ਪਹੁੰਚੇ। ਇਹ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਪਾਪੂਆ ਨਿਊ ਗਿਨੀ ਦੀ ਪਹਿਲੀ ਯਾਤਰਾ ਹੈ। ਪਾਪੂਆ ਨਿਊ ਗਿਨੀ ਦੇ ਪ੍ਰਧਾਨ ਮੰਤਰੀ ਜੇਮਸ ਮਾਰਪੇ ਨੇ ਹਵਾਈ ਅੱਡੇ ‘ਤੇ ਪੀਐਮ ਮੋਦੀ ਦੇ ਪੈਰ ਛੂਹ ਕੇ ਉਨ੍ਹਾਂ ਦਾ ਸਵਾਗਤ ਕੀਤਾ। ਫਿਜੀ ਦੇ ਪ੍ਰਧਾਨ ਮੰਤਰੀ ਦੁਆਰਾ ਫਿਜੀ ਦੇ ਸਰਵਉੱਚ ਸਨਮਾਨ, ‘ਕੰਪੇਨੀਅਨ ਆਫ ਦਾ ਆਰਡਰ ਆਫ ਫਿਜੀ’ ਨਾਲ ਸਨਮਾਨਿਤ ਕੀਤੇ ਜਾਣ ਤੋਂ ਬਾਅਦ, ਪੀਐਮ ਮੋਦੀ ਨੇ ਕਿਹਾ, ‘ਇਹ ਸਨਮਾਨ ਸਿਰਫ ਮੇਰਾ ਨਹੀਂ ਬਲਕਿ 140 ਕਰੋੜ ਭਾਰਤੀਆਂ ਦਾ ਹੈ, ਭਾਰਤ ਅਤੇ ਫਿਜੀ ਦੇ ਸਦੀਆਂ ਪੁਰਾਣੇ ਰਿਸ਼ਤੇ ਹਨ। ਇਸਦੇ ਲਈ ਮੈਂ ਤੁਹਾਡਾ ਅਤੇ ਰਾਸ਼ਟਰਪਤੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ।
ਜਿਹੜਾ ਜ਼ਰੂਰਤ ਵੇਲੇ ਕੰਮ ਆਏ ਉਹੀ ਸੱਚਾ ਮਿੱਤਰ ਹੁੰਦਾ ਹੈ : ਮੋਦੀ
14 ਪ੍ਰਸ਼ਾਂਤ ਟਾਪੂ ਦੇਸ਼ਾਂ ਦੇ ਸੰਮੇਲਨ ਨੂੰ ਕੀਤਾ ਸੰਬੋਧਨ
ਪੋਰਟ ਮੋਰੇਸਬੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 14 ਪ੍ਰਸ਼ਾਂਤ ਟਾਪੂ ਦੇਸ਼ਾਂ ਦੇ ਆਗੂਆਂ ਨੂੰ ਇਕ ਪੁਰਾਣੀ ਕਹਾਵਤ ਦਾ ਹਵਾਲਾ ਦਿੰਦਿਆਂ ਕਿਹਾ ਕਿ ਜਿਹੜਾ ਜ਼ਰੂਰਤ ਵੇਲੇ ਕੰਮ ਆਏ ਉਹ ਹੀ ਸੱਚਾ ਮਿੱਤਰ ਹੁੰਦਾ ਹੈ ਅਤੇ ਜਿਨਾਂ ਨੂੰ ਭਰੋਸੇਮੰਦ ਮੰਨਿਆ ਜਾਂਦਾ ਹੈ ਉਹ ਲੋੜ ਦੇ ਸਮੇਂ ਸਾਡੇ ਨਾਲ ਨਹੀਂ ਖੜੇ ਸਨ, ਜਿਸ ਨੂੰ ਅਪ੍ਰਤੱਖ ਰੂਪ ‘ਚ ਚੀਨ ਦੇ ਸੰਦਰਭ ‘ਚ ਵੇਖਿਆ ਜਾ ਰਿਹਾ ਹੈ। ਪੋਰਟ ਮੋਰੇਸਬੀ ‘ਚ ਇਕ ਸੰਮੇਲਨ ਦੌਰਾਨ ਆਗੂਆਂ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਭਾਰਤ ਚੁਣੌਤੀ ਭਰੇ ਸਮੇਂ ‘ਚ ਪ੍ਰਸ਼ਾਂਤ ਟਾਪੂ ਦੇਸ਼ਾਂ ਨਾਲ ਖੜਾ ਹੈ ਅਤੇ ਉਹ ਨਵੀਂ ਦਿੱਲੀ ਨੂੰ ਇਕ ਭਰੋਸੇਯੋਗ ਵਿਕਾਸ ਭਾਈਵਾਲ ਮੰਨ ਸਕਦੇ ਹਨ, ਕਿਉਂਕਿ ਇਹ ਉਨਾਂ ਦੀਆਂ ਤਰਜੀਹਾਂ ਦਾ ਆਦਰ ਕਰਦਾ ਹੈ। ਇਸ ਮੌਕੇ ਮੋਦੀ ਨੇ ਪ੍ਰਸ਼ਾਂਤ ਟਾਪੂ ਦੇਸ਼ਾਂ ਲਈ ਆਜ਼ਾਦ ਅਤੇ ਖੁੱਲੇ ਹਿੰਦ-ਪ੍ਰਸ਼ਾਂਤ ਦੀ ਅਹਿਮੀਅਤ ‘ਤੇ ਚਾਨਣਾ ਪਾਉਂਦਿਆਂ ਕਿਹਾ ਕਿ ਭਾਰਤ ਸਾਰੇ ਦੇਸ਼ਾਂ ਦੀ ਪ੍ਰਭੂਸੱਤਾ ਤੇ ਅਖੰਡਤਾ ਦਾ ਸਨਮਾਨ ਕਰਦਾ ਹੈ।
ਭਾਰਤ-ਪ੍ਰਸ਼ਾਂਤ ਟਾਪੂਆਂ ਦੇ ਸਹਿਯੋਗ ਲਈ ਮੰਚ (ਐਫ. ਆਈ. ਪੀ. ਆਈ. ਸੀ.) ਦੇ ਸੰਮੇਲਨ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਇਨਾਂ ਦੇਸ਼ਾਂ ਨੂੰ ਭਰੋਸਾ ਦਿਵਾਉਂਦਿਆਂ ਕਿਹਾ ਕਿ ਭਾਰਤ ਬਿਨਾਂ ਕਿਸੇ ਝਿਜਕ ਤੁਹਾਡੇ ਨਾਲ ਆਪਣੀਆਂ ਸਮਰੱਥਾਵਾਂ ਤੇ ਅਨੁਭਵ ਸਾਂਝੇ ਕਰਨ ਲਈ ਤਿਆਰ ਹੈ ਅਤੇ ਅਸੀਂ ਹਰ ਤਰਾਂ ਤੁਹਾਡੇ ਨਾਲ ਹਾਂ। ਮੋਦੀ ਨੇ ਕੋਵਿਡ ਮਹਾਂਮਾਰੀ ਦੇ ਮਾੜੇ ਪ੍ਰਭਾਵ ਅਤੇ ਹੋਰ ਆਲਮੀ ਚੁਣੌਤੀਆਂ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਜਿਨਾਂ ਨੂੰ ਅਸੀਂ ਭਰੋਸੇ ਦੇ ਕਾਬਲ ਸਮਝਦੇ ਸੀ, ਜ਼ਰੂਰਤ ਦੇ ਸਮੇਂ ਸਾਡੇ ਨਾਲ ਨਹੀਂ ਖੜੇ ਸੀ।
ਭਾਰਤ ਅਤੇ ਆਸਟਰੇਲੀਆ ਦੇ ਸਬੰਧ ਬਹੁਤ ਮਜ਼ਬੂਤ : ਨਰਿੰਦਰ ਮੋਦੀ
ਸਿਡਨੀ ਕੁਡੋਜ਼ ਐਰੀਨਾ ਵਿਚ ਸਮਾਗਮ ‘ਚ 21 ਹਜ਼ਾਰ ਤੋਂ ਵੱਧ ਪਰਵਾਸੀ ਭਾਈਚਾਰੇ ਦੇ ਵਿਅਕਤੀ ਸ਼ਾਮਲ ਹੋਏ
ਸਿਡਨੀ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਕ ਦੂਜੇ ਪ੍ਰਤੀ ਭਰੋਸਾ ਤੇ ਸਤਿਕਾਰ ਭਾਰਤ ਤੇ ਆਸਟਰੇਲੀਆ ਦੇ ਰਿਸ਼ਤਿਆਂ ਦੀ ਸਭ ਤੋਂ ਮਜ਼ਬੂਤ ਤੇ ਵੱਡੀਆਂ ਨੀਹਾਂ ਹਨ। ਉਨ੍ਹਾਂ ਕਿਹਾ ਕਿ ਇਸ ਪਿਛਲਾ ਅਸਲ ਕਾਰਨ ਇਥੇ ਵੱਸਦਾ ਭਾਰਤੀ ਪਰਵਾਸੀ ਭਾਈਚਾਰਾ ਹੈ।
ਮੋਦੀ ਨੇ ਇਹ ਗੱਲ ਸਿਡਨੀ ਦੇ ਕੁਡੋਜ਼ ਬੈਂਕ ਐਰੀਨਾ ਵਿੱਚ ਰੱਖੇ ਕਮਿਊਨਿਟੀ ਸਮਾਗਮ ਨੂੰ ਸੰਬੋਧਨ ਕਰਦਿਆਂ ਕਹੀ। ਸਮਾਗਮ ਵਿੱਚ ਆਸਟਰੇਲੀਆ ਭਰ ਤੋਂ 21 ਹਜ਼ਾਰ ਤੋਂ ਵੱਧ ਵਿਅਕਤੀ ਸ਼ਾਮਲ ਹੋਏ। ਇਸ ਮੌਕੇ ਆਸਟਰੇਲੀਅਨ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਵੀ ਮੌਜੂਦ ਸਨ। ਐਲਬਨੀਜ਼ ਨੇ ਮੋਦੀ ਦਾ ‘ਪਿਆਰੇ ਮਿੱਤਰ’ ਕਹਿ ਕੇ ਸਵਾਗਤ ਕੀਤਾ। ਉਨ੍ਹਾਂ ਮੋਦੀ ਦੀ ਤੁਲਨਾ ਅਮਰੀਕੀ ਗਾਇਕ ਬਰੂਸ ਸਪਰਿੰਗਸਟੀਨ ਨਾਲ ਕਰਦਿਆਂ ਕਿਹਾ ਕਿ ਉਹ (ਮੋਦੀ) ਜਿੱਥੇ ਵੀ ਜਾਂਦੇ ਹਨ, ਉਨ੍ਹਾਂ ਦਾ ‘ਰੌਕ ਸਟਾਰ ਵਾਂਗ ਸਵਾਗਤ’ ਹੁੰਦਾ ਹੈ। ਮੋਦੀ ਤਿੰਨ ਦੇਸ਼ਾਂ ਦੀ ਫੇਰੀ ਦੇ ਆਖਰੀ ਤੇ ਤੀਜੇ ਪੜਾਅ ਤਹਿਤ ਸੋਮਵਾਰ ਰਾਤ ਸਿਡਨੀ ਪੁੱਜੇ ਸਨ।
ਇਸ ਮੌਕੇ ਨਰਿੰਦਰ ਮੋਦੀ ਨੇ ਕਿਹਾ ਕਿ ਇਕ ਸਮਾਂ ਸੀ ਜਦੋਂ ਭਾਰਤ ਤੇ ਆਸਟਰੇਲੀਆ ਦੇ ਰਿਸ਼ਤਿਆਂ ਨੂੰ ਪਰਿਭਾਸ਼ਤ ਕਰਨ ਲਈ ਤਿੰਨ ‘ਸੀ’- ਕਾਮਨਵੈੱਲਥ, ਕ੍ਰਿਕਟ ਤੇ ਕਰੀ ਵਰਤੇ ਜਾਂਦੇ ਸਨ।
ਉਨ੍ਹਾਂ ਕਿਹਾ, ”ਇਸ ਮਗਰੋਂ ਤਿੰਨ ‘ਡੀ’….ਡੈਮੋਕਰੈਸੀ, ਡਾਇਸਪੋਰਾ ਤੇ ਦੋਸਤ! ਫਿਰ ਇਹ 3 ‘ਈ’ ਬਣੇ….ਐਨਰਜੀ, ਇਕਾਨਮੀ ਤੇ ਐਜੂਕੇਸ਼ਨ। ਪਰ ਸੱਚ ਇਹ ਹੈ ਕਿ ਭਾਰਤ ਤੇ ਆਸਟਰੇਲੀਆ ਦੇ ਰਿਸ਼ਤੇ ਦੀ ਡੂੰਘਾਈ ਇਨ੍ਹਾਂ ਸੀ, ਡੀ ਤੇ ਈ….ਦੀਆਂ ਹੱਦਾਂ ਨੂੰ ਲੰਘ ਚੁੱਕੀ ਹੈ।” ਪ੍ਰਧਾਨ ਮੰਤਰੀ ਨੇ ਕਿਹਾ, ”ਇਸ ਰਿਸ਼ਤੇ ਦੀਆਂ ਸਭ ਤੋਂ ਮਜ਼ਬੂਤ ਤੇ ਵੱਡੀਆਂ ਨੀਹਾਂ ਅਸਲ ਵਿੱਚ ਪਰਸਪਰ ਵਿਸ਼ਵਾਸ ਤੇ ਪਰਸਪਰ ਸਤਿਕਾਰ ਹੈ; ਅਤੇ ਇਸ ਪਿਛਲਾ ਅਸਲ ਕਾਰਨ ਭਾਰਤੀ ਡਾਇਸਪੋਰਾ (ਪਰਵਾਸੀ ਭਾਈਚਾਰਾ) ਹੈ।” ਮੋਦੀ ਨੇ ਕਿਹਾ ਕਿ ਭਾਰਤ ਤੇ ਆਸਟਰੇਲੀਆ ਦਰਮਿਆਨ ਭੂਗੋਲਿਕ ਫਾਸਲੇ ਹਨ, ਪਰ ਹਿੰਦ ਮਹਾਸਾਗਰ ਸਾਨੂੰ ਜੋੜਦਾ ਹੈ।
ਦੋਵਾਂ ਮੁਲਕਾਂ ਦੀ ਜੀਵਨ ਸ਼ੈਲੀ ਕਿੰਨੀ ਵੀ ਵੱਖਰੀ ਹੋਵੇ, ਯੋਗ ਸਾਨੂੰ ਜੋੜਦਾ ਹੈ! ਕ੍ਰਿਕਟ ਨੇ ਸਾਨੂੰ ਉਮਰਾਂ ਤੋਂ ਜੋੜੀ ਰੱਖਿਆ ਹੈ…ਅਤੇ ਹੁਣ ਟੈਨਿਸ ਤੇ ਫਿਲਮਾਂ ਵੀ ਜੋੜਨ ਵਾਲੇ ਹੋਰ ਸੇਤੂ ਹਨ। ਕ੍ਰਿਕਟ ਦੇ ਮੈਦਾਨ ‘ਤੇ ਜਿੰਨਾ ਦਿਲਚਸਪ ਮੁਕਾਬਲਾ ਹੁੰਦਾ ਹੈ, ਮੈਦਾਨ ਦੇ ਬਾਹਰ ਓਨੀ ਹੀ ਡੂੰਘੀ ਸਾਡੀ ਦੋਸਤੀ ਹੈ।” ਪ੍ਰਧਾਨ ਮੰਤਰੀ ਨੇ ਕਿਹਾ ਕਿ ਆਸਟਰੇਲੀਅਨ ਸਪਿੰਨ ਗੇਂਦਬਾਜ਼ ਸ਼ੇਨ ਵਾਰਨ ਦੇ ਅਕਾਲ ਚਲਾਣੇ ‘ਤੇ ਲੱਖਾਂ ਭਾਰਤੀ ਉਦਾਸ ਸਨ।
ਮੋਦੀ ਨੇ ਕਿਹਾ ਕਿ ਕੌਮਾਂਤਰੀ ਮੁਦਰਾ ਫੰਡ ਭਾਰਤ ਨੂੰ ਆਲਮੀ ਅਰਥਚਾਰੇ ਦਾ ਉਭਰਦਾ ਮੁਲਕ ਮੰਨਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਨੇ ਚੁਣੌਤੀਪੂਰਨ ਸਮਿਆਂ ਵਿੱਚ ਰਿਕਾਰਡ ਬਰਾਮਦ ਕੀਤੀ ਹੈ ਤੇ ਭਾਰਤ ਵਿੱਚ ਸਮਰੱਥਾ ਤੇ ਸਰੋਤਾਂ ਦੀ ਕੋਈ ਘਾਟ ਨਹੀਂ ਹੈ। ਪ੍ਰਧਾਨ ਮੰਤਰੀ ਮੋਦੀ ਨੇ ਸਮਾਗਮ ਦੌਰਾਨ ਆਸਟਰੇਲੀਅਨ ਹਮਰੁਤਬਾ ਦਾ ‘ਧੰਨਵਾਦ ਮੇਰੇ ਦੋਸਤ ਐਂਥਨੀ’ ਕਹਿ ਕੇ ਸ਼ੁਕਰੀਆ ਅਦਾ ਕੀਤਾ। ਉਧਰ ਆਸਟਰੇਲੀਅਨ ਪ੍ਰਧਾਨ ਮੰਤਰੀ ਐਲਬਨੀਜ਼ ਨੇ ਕਿਹਾ ਕਿ ਮੋਦੀ ਜਿੱਥੇ ਵੀ ਜਾਂਦੇ ਹਨ, ਉਨ੍ਹਾਂ ਦਾ ‘ਰੌਕ ਸਟਾਰ ਵਾਂਗ ਸਵਾਗਤ’ ਹੁੰਦਾ ਹੈ। ਐਲਬਨੀਜ਼ ਨੇ ਕਿਹਾ, ”ਇਸ ਤੋਂ ਪਹਿਲਾਂ ਇਸ ਮੰਚ ‘ਤੇ ਅਮਰੀਕੀ ਗਾਇਕ ਬਰੂਸ ਸਪਰਿੰਗਸਟੀਨ ਦਾ ਇੰਨਾ ਜ਼ੋਰਦਾਰ ਸਵਾਗਤ ਹੋਇਆ ਸੀ। ਪ੍ਰਧਾਨ ਮੰਤਰੀ ਮੋਦੀ ਬੌਸ ਹਨ।”
ਐਲਬਨੀਜ਼ ਨੇ ‘ਵਿਸ਼ਵ ਦੀ ਸਭ ਤੋਂ ਵੱਡੀ ਜਮਹੂਰੀਅਤ ਦੇ ਜੋਸ਼’ ਨੂੰ ਆਸਟਰੇਲੀਆ ਲਿਆਉਣ ਲਈ ਮੋਦੀ ਦਾ ਧੰਨਵਾਦ ਕੀਤਾ।
ਉਨ੍ਹਾਂ ਕਿਹਾ ਕਿ ਇਸੇ ਜਮਹੂਰੀਅਤ ਨੇ ‘ਸਾਡੇ ਲੋਕਤੰਤਰ ਨੂੰ ਮਜ਼ਬੂਤ ਤੇ ਵਧੇਰੇ ਸਮਲਿਤ ਬਣਾਉਣ’ ਵਿੱਚ ਮਦਦ ਕੀਤੀ ਹੈ। ਐਲਬਨੀਜ਼ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਕਾਰੋਬਾਰੀ ਤੇ ਸਿੱਖਿਆ ਸੈਕਟਰਾਂ ਸਣੇ ਦੋਵਾਂ ਮੁਲਕਾਂ ਦੇ ਰਿਸ਼ਤੇ ਹੋਰ ਮਜ਼ਬੂਤ ਹੋਣ। ਆਸਟਰੇਲੀਅਨ ਪ੍ਰਧਾਨ ਮੰਤਰੀ ਨੇ ਆਪਣੇ ਹਾਲੀਆ ਭਾਰਤ ਦੌਰੇ ਦੀਆਂ ਯਾਦਾਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ, ”ਮੈਂ ਭਾਰਤ ਵਿੱਚ ਜਿੱਥੇ ਵੀ ਗਿਆ, ਉਥੇ ਮੈਨੂੰ ਆਸਟਰੇਲੀਆ ਤੇ ਭਾਰਤ ਦੇ ਲੋਕਾਂ ਵਿੱਚ ਡੂੰਘੀ ਨੇੜਤਾ ਮਹਿਸੂਸ ਹੋਈ।”
ਇਸ ਤੋਂ ਪਹਿਲਾਂ ਮੋਦੀ ਤੇ ਐਲਬਨੀਜ਼ ਦਾ ਸਮਾਗਮ ਵਾਲੀ ਥਾਂ ਪੁੱਜਣ ‘ਤੇ ਮੰਤਰਾਂ ਦੇ ਉਚਾਰਨ ਤੇ ਰਵਾਇਤੀ ਪ੍ਰਾਚੀਨ ਆਸਟਰੇਲੀਅਨ ਰਸਮ ਨਾਲ ਸਵਾਗਤ ਕੀਤਾ ਗਿਆ।
ਬ੍ਰਿਸਬੇਨ ‘ਚ ਨਵਾਂ ਭਾਰਤੀ ਕੌਂਸਲੇਟ ਖੋਲ੍ਹਣ ਦਾ ਐਲਾਨ
ਸਿਡਨੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬ੍ਰਿਸਬੇਨ ਵਿੱਚ ਭਾਰਤੀ ਕੌਂਸਲੇਟ ਖੋਲ੍ਹਣ ਦਾ ਐਲਾਨ ਕੀਤਾ ਹੈ। ਭਾਰਤੀ ਪਰਵਾਸੀ ਭਾਈਚਾਰੇ ਵੱਲੋਂ ਲੰਮੇ ਸਮੇਂ ਤੋਂ ਇਸ ਦੀ ਮੰਗ ਕੀਤੀ ਜਾ ਰਹੀ ਸੀ। ਮੌਜੂਦਾ ਸਮੇਂ ਸਿਡਨੀ, ਮੈਲਬਰਨ ਤੇ ਪਰਥ ਵਿੱਚ ਭਾਰਤ ਦੇ ਕੌਂਸਲੇਟ ਹਨ ਜਦੋਂਕਿ ਬ੍ਰਿਸਬੇਨ ਆਨਰੇਰੀ ਕੌਂਸਲੇਟ ਸੀ। ਮੋਦੀ ਨੇ ਕਿਹਾ, ”ਬ੍ਰਿਸਬੇਨ ਵਿੱਚ ਨਵਾਂ ਭਾਰਤੀ ਕੌਂਸੁਲੇਟ ਜਲਦੀ ਹੀ ਖੋਲ੍ਹਿਆ ਜਾਵੇਗਾ।”

 

Check Also

ਇਜ਼ਰਾਈਲ-ਫਿਲਸਤੀਨ ਸੰਘਰਸ਼ ਬਾਰੇ ਕਹਾਣੀ

ਉਮੀਦ ਦੀ ਆਵਾਜ਼ ਡਾ. ਦੇਵਿੰਦਰ ਪਾਲ ਸਿੰਘ ਬਹੁਤੀ ਪੁਰਾਣੀ ਗੱਲ ਨਹੀਂ। ਮੱਧ ਪੂਰਬ ਦੇ ਧੁਰ …