10.5 C
Toronto
Saturday, May 16, 2026
spot_img
Homeਦੁਨੀਆਮਹਾਰਾਜਾ ਦਲੀਪ ਸਿੰਘ ਦੇ ਪੁੱਤਰ ਵਿਕਟਰ ਦਾ ਲੰਡਨ ਵਾਲਾ ਮਹਿਲ ਵਿਕਾਊ

ਮਹਾਰਾਜਾ ਦਲੀਪ ਸਿੰਘ ਦੇ ਪੁੱਤਰ ਵਿਕਟਰ ਦਾ ਲੰਡਨ ਵਾਲਾ ਮਹਿਲ ਵਿਕਾਊ

ਮਹਿਲ ਦੀ ਵਿਕਰੀ ਲਈ ਕੀਮਤ 1.55 ਕਰੋੜ ਬ੍ਰਿਟਿਸ਼ ਪੌਂਡ ਰੱਖੀ ਗਈ
ਲੰਡਨ : ਮਹਾਰਾਜਾ ਦਲੀਪ ਸਿੰਘ ਦੇ ਪੁੱਤਰ ਵਿਕਟਰ ਅਲਬਰਟ ਜੇਅ ਦਲੀਪ ਸਿੰਘ ਦਾ ਲੰਡਨ ‘ਚ ਬਣਿਆ ਮਹਿਲ ਵਿਕਣ ਲਈ ਤਿਆਰ ਹੈ। ਮਹਿਲ ਦੀ ਵਿਕਰੀ ਲਈ ਕੀਮਤ 1.55 ਕਰੋੜ ਬ੍ਰਿਟਿਸ਼ ਪੌਂਡ ਰੱਖੀ ਗਈ ਹੈ। ਮਹਾਰਾਜਾ ਰਣਜੀਤ ਸਿੰਘ ਦਾ ਛੋਟਾ ਪੁੱਤਰ ਦਲੀਪ ਸਿੰਘ ਸਿੱਖ ਰਾਜ ਦਾ ਆਖਰੀ ਮਹਾਰਾਜਾ ਸੀ। ਪੰਜਾਬ ਦੀ ਹਕੂਮਤ ਬ੍ਰਿਟਿਸ਼ ਰਾਜ ਅਧੀਨ ਆਉਣ ਮਗਰੋਂ ਦਲੀਪ ਸਿੰਘ ਨੂੰ ਇੰਗਲੈਂਡ ਵਿਚ ਜਲਾਵਤਨੀ ਦਾ ਜੀਵਨ ਬਤੀਤ ਕਰਨਾ ਪਿਆ ਸੀ।
ਦਲੀਪ ਸਿੰਘ ਦੇ ਪੁੱਤਰ ਵਿਕਟਰ ਦਾ 1866 ਵਿਚ ਲੰਡਨ ‘ਚ ਜਨਮ ਹੋਇਆ ਸੀ ਅਤੇ ਮਹਾਰਾਣੀ ਵਿਕਟੋਰੀਆ ਨੇ ਉਸ ਨੂੰ ਆਪਣੀ ਛੱਤਰ ਛਾਇਆ ਹੇਠ ਲੈ ਲਿਆ ਸੀ। ਕਈ ਸਾਲਾਂ ਬਾਅਦ ਉਸ ਨੇ ਕੋਵੈਂਟਰੀ ਦੇ 9ਵੇਂ ਅਰਲ ਦੀ ਧੀ ਲੇਡੀ ਐਨ ਕੋਵੈਂਟਰੀ ਨਾਲ ਵਿਆਹ ਕਰਵਾਇਆ ਸੀ ਜਿਸ ਮਗਰੋਂ ਬ੍ਰਿਟਿਸ਼ ਅਧਿਕਾਰੀਆਂ ਨੇ ਦੱਖਣ-ਪੱਛਮ ਕੇਨਸਿੰਗਟਨ ਦੇ ਦਿ ਲਿਟਿਲ ਬੋਲਟਨਜ਼ ਇਲਾਕੇ ਵਿਚ ਉਸ ਨੂੰ ਲੀਜ਼ ‘ਤੇ ਮਹਿਲ ਦੇ ਦਿੱਤਾ ਸੀ।
ਮਹਿਲ ਦੀ ਵਿਕਰੀ ਦਾ ਪ੍ਰਬੰਧ ਕਰ ਰਹੇ ਬਿਊਸ਼ੈਪ ਅਸਟੇਟ ਦੇ ਐੱਮਡੀ ਜੈਰੇਮੀ ਗੀ ਨੇ ਕਿਹਾ ਕਿ ਲਾਹੌਰ ਦੇ ਜਲਾਵਤਨ ਸਾਬਕਾ ਸ਼ਹਿਜ਼ਾਦੇ ਦਾ 5613 ਸਕੁਏਅਰ ਫੁੱਟ ਦਾ ਮਹਿਲ ਖੁੱਲ੍ਹਾ-ਡੁੱਲਾ ਹੈ ਅਤੇ ਇਸ ਦੇ ਪਿੱਛੇ 52 ਫੁੱਟ ਦਾ ਬਾਗ ਹੈ।
1868 ਵਿਚ ਮਹਿਲ ਦਾ ਕੰਮ ਮੁਕੰਮਲ ਹੋਣ ਮਗਰੋਂ ਇਸ ਨੂੰ ਈਸਟ ਇੰਡੀਆ ਕੰਪਨੀ ਨੇ ਖ਼ਰੀਦ ਲਿਆ ਸੀ। ਕੰਪਨੀ ਨੇ ਇਹ ਮਹਿਲ ਦਲੀਪ ਸਿੰਘ ਦੇ ਪਰਿਵਾਰ ਨੂੰ ਕਾਲੀ ਮਿਰਚ ਦੇ ਬਦਲੇ ਵਿਚ ਲੀਜ਼ ‘ਤੇ ਦੇ ਦਿੱਤਾ ਸੀ। ਸ਼ਾਹੀ ਪਰਿਵਾਰ ਕੋਲ ਵਿੰਬਲਡਨ ਅਤੇ ਰੋਇਹੈਂਪਟਨ ਵਿਚ ਵੀ ਸੰਪਤੀਆਂ ਸਨ। ਉਨ੍ਹਾਂ ਕੋਲ ਪੂਰਬੀ ਇੰਗਲੈਂਡ ਦੇ ਸਫੋਲਕ ਵਿਚ 17 ਹਜ਼ਾਰ ਏਕੜ ਰਕਬੇ ‘ਚ ਮਹਿਲ ਐਲਵੇਡਨ ਹਾਲ ਵੀ ਸੀ।
ਮਹਾਰਾਜੇ ਦਾ ਵੱਡਾ ਪੁੱਤਰ ਸੀ ਵਿਕਟਰ
ਸ਼ਹਿਜ਼ਾਦਾ ਵਿਕਟਰ ਅਲਬਰਟ ਮਹਾਰਾਣੀ ਬੰਬਾ ਮੂਲਰ ਤੋਂ ਪੈਦਾ ਹੋਇਆ ਸੀ ਅਤੇ ਉਹ ਮਹਾਰਾਜੇ ਦਾ ਵੱਡਾ ਪੁੱਤਰ ਸੀ। ਉਸ ਨੇ ਐਟਨ ਕਾਲਜ ਅਤੇ ਕੈਂਬ੍ਰਿਜ ਯੂਨੀਵਰਸਿਟੀ ਤੋਂ ਸਿੱਖਿਆ ਹਾਸਲ ਕੀਤੀ ਸੀ। ਉਸ ਨੂੰ 8250 ਪੌਂਡ ਅਤੇ ਪਤਨੀ ਨੂੰ 2500 ਪੌਂਡ ਸਾਲਾਨਾ ਮਿਲਦੇ ਸਨ ਪਰ ਸ਼ਹਿਜ਼ਾਦੇ ਦੇ ਸਿਰ ‘ਤੇ 117900 ਪੌਂਡ ਦਾ ਕਰਜ਼ਾ ਚੜ੍ਹ ਗਿਆ ਜਿਸ ਕਾਰਨ ਉਸ ਨੂੰ 1902 ਵਿਚ ਦੀਵਾਲੀਆ ਕਰਾਰ ਦਿੱਤਾ ਗਿਆ ਸੀ। ਉਸ ਨੇ ਪਹਿਲੀ ਵਿਸ਼ਵ ਜੰਗ ਦਾ ਸਮਾਂ ਮੋਨਾਕੋ ਵਿਚ ਗੁਜ਼ਾਰਿਆ ਜਿਥੇ 1918 ‘ਚ 51 ਸਾਲ ਦੀ ਉਮਰ ਵਿਚ ਸ਼ਹਿਜ਼ਾਦੇ ਦੀ ਮੌਤ ਹੋ ਗਈ ਸੀ। ਉਸ ਦੀ ਪਤਨੀ ਐਨ ਜੁਲਾਈ 1956 ਵਿਚ ਆਪਣੀ ਮੌਤ ਤੱਕ ਦਿ ਲਿਟਿਲ ਬੋਲਟਨਜ਼ ਵਾਲੇ ਮਹਿਲ ‘ਚ ਰਹਿੰਦੀ ਰਹੀ।

RELATED ARTICLES
POPULAR POSTS