19.2 C
Toronto
Wednesday, September 17, 2025
spot_img
Homeਦੁਨੀਆਕੈਨੇਡਾ ਦੇ ਕੌਂਸਲੇਟ ਜਨਰਲ ਗਿਬਨਸ ਨਾਲ ਕੈਪਟਨ ਨੇ ਕੀਤੀ ਮੁਲਾਕਾਤ

ਕੈਨੇਡਾ ਦੇ ਕੌਂਸਲੇਟ ਜਨਰਲ ਗਿਬਨਸ ਨਾਲ ਕੈਪਟਨ ਨੇ ਕੀਤੀ ਮੁਲਾਕਾਤ

ਆਪਸੀ ਸਹਿਯੋਗ ਦੇ ਮੁੱਦਿਆਂ ‘ਤੇ ਕੀਤੀ ਚਰਚਾ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਭਾਰਤ ਤੇ ਕੈਨੇਡਾ ਵਿਚਕਾਰ ਵਪਾਰ ਨੂੰ ਵਧਾਉਣ ਲਈ ਕੋਸ਼ਿਸ਼ਾਂ ਕਰ ਰਹੇ ਹਨ। ਇਸੇ ਤਹਿਤ ਕੈਪਟਨ ਅਮਰਿੰਦਰ ਸਿੰਘ ਨੇ ਪੀ ਐਚ ਡੀ ਚੈਂਬਰ ਆਫ ਕਾਮਰਸ ਅਤੇ ਇੰਡੋ-ਕੈਨੇਡੀਅਨ ਬਿਜ਼ਨਸ ਚੈਂਬਰ ਵਿਚ ਰਣਨੀਤਕ ਸਮਝੌਤੇ ਸਬੰਧੀ ਗੱਲਬਾਤ ਕੀਤੀ ਹੈ। ਇਹ ਗੱਲਬਾਤ ਉਦੋਂ ਹੋਈ ਜਦੋਂ ਕੈਨੇਡਾ ਦੇ ਕੌਂਸਲੇਟ ਜਨਰਲ ਕ੍ਰਿਸਟੋਫਰ ਗਿਬਨਜ਼ ਮੁੱਖ ਮੰਤਰੀ ਨੂੰ ਮਿਲਣ ਆਏ। ਕ੍ਰਿਸਟੋਫਰ ਗਿਬਨਜ਼ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਕੈਨੇਡਾ ਡੇਅਰੀ, ਪਸ਼ੂ ਵਿਗਿਆਨ, ਆਈ. ਟੀ., ਖੇਤੀਬਾੜੀ ਵਰਗੇ ਸੈਕਟਰਾਂ ਵਿਚ ਪੰਜਾਬ ਨਾਲ ਰਣਨੀਤਕ ਵਪਾਰਕ ਗਠਜੋੜ ਪੈਦਾ ਕਰਨ ਵਿਚ ਦਿਲਚਸਪੀ ਰੱਖਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੇ ਇਨ੍ਹਾਂ ਖੇਤਰਾਂ ਵਿਚ ਆਪਣੀ ਮੁਹਾਰਤ ਅਤੇ ਵਧੀਆ ਰਿਕਾਰਡ ਨੂੰ ਸਿੱਧ ਕੀਤਾ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਇਨ੍ਹਾਂ ਖੇਤਰਾਂ ਵਿਚ ਪੰਜਾਬ ਦੀ ਸੱਮਰਥਾ ਤੋਂ ਲਾਭ ਉਠਾਉਣ ਦੀ ਤਵੱਕੋ ਰੱਖਦਾ ਹੈ। ਇਸ ਮੌਕੇ ਮੁੱਖ ਮੰਤਰੀ ਨੇ ਦੋਵਾਂ ਚੈਂਬਰਾਂ ਵਿਚਕਾਰ ਸਹਿਯੋਗ ਵਧਾਏ ਜਾਣ ਦਾ ਸੁਝਾਅ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਉੱਚ ਦਰਜੇ ਦਾ ਹਵਾਈ ਸੰਪਰਕ ਹੈ ਤੇ ਅੰਮ੍ਰਿਤਸਰ ਤੇ ਮੋਹਾਲੀ ਵਿਖੇ ਦੋ ਅੰਤਰਰਾਸ਼ਟਰੀ ਹਵਾਈ ਅੱਡੇ ਹਨ। ਇਸ ਤੋਂ ਇਲਾਵਾ ਵੱਖ-ਵੱਖ ਸ਼ਹਿਰਾਂ ਤੋਂ ਘਰੇਲੂ ਹਵਾਈ ਟਰਮੀਨਲਾਂ ਦਾ ਵੀ ਚੋਖਾ ਨੈਟਵਰਕ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਨਅਤੀਕਰਨ ਨੂੰ ਠੁੰਮਣਾ ਦੇਣ ਦੇ ਵਾਸਤੇ ਇਥੇ ਦੇ ਬੁਨਿਆਦੀ ਢਾਂਚੇ ਨੂੰ ਵਧੀਆ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ। ਬਹੁਤ ਸਾਰੀਆਂ ਅੰਤਰਰਾਸ਼ਟਰੀ ਏਅਰ ਲਾਈਨਾਂ ਨੇ ਚੰਡੀਗੜ੍ਹ ਤੋਂ ਸਿੱਧਿਆਂ ਉਡਾਨਾਂ ਸ਼ੁਰੂ ਕਰਨ ਵਿਚ ਦਿਲਚਸਪੀ ਵਿਖਾਈ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਕੈਨੇਡਾ, ਅਮਰੀਕਾ, ਦੱਖਣ ਪੂਰਵੀ ਏਸ਼ੀਆ ਆਦਿ ਦੇ ਦੇਸ਼ਾਂ ਦੇ ਨਾਲ ਹਵਾਈ ਸੰਪਰਕ ਨੂੰ ਅੱਗੇ ਹੋਰ ਬੜ੍ਹਾਵਾ ਮਿਲੇਗਾ ਜਿਸ ਦੇ ਨਾਲ ਵਪਾਰ ਅਤੇ ਵਣਜ ਵਿਚ ਹੁਲਾਰਾ ਆਵੇਗਾ। ਕੈਪਟਨ ਅਮਰਿੰਦਰ ਸਿੰਘ ਨੇ ਕ੍ਰਿਸਟੋਫਰ ਗਿਬਨਜ਼ ਨੂੰ ਸੂਬੇ ਦੀ ਨਿਵੇਸ਼ ਪੱਖੀ ਸਨਅਤੀ ਨੀਤੀ ਬਾਰੇ ਵੀ ਜਾਣਕਾਰੀ ਦਿੱਤੀ ਜਿਸਦੇ ਵਿਚ ਉਦਯੋਗ ਅਤੇ ਉੱਦਮੀਆਂ ਨੂੰ ਉਤਸ਼ਾਹਤ ਕੀਤਾ ਗਿਆ ਹੈ।

RELATED ARTICLES
POPULAR POSTS