Breaking News
Home / ਦੁਨੀਆ / ਸ੍ਰੀਲੰਕਾ ‘ਚ ਐਮਰਜੈਂਸੀ ਲਾਗੂ, ਰਾਜਪਕਸੇ ਦੇਸ਼ ਛੱਡ ਕੇ ਭੱਜੇ

ਸ੍ਰੀਲੰਕਾ ‘ਚ ਐਮਰਜੈਂਸੀ ਲਾਗੂ, ਰਾਜਪਕਸੇ ਦੇਸ਼ ਛੱਡ ਕੇ ਭੱਜੇ

ਰਾਜਪਕਸੇ ਨੇ ਰਾਸ਼ਟਰਪਤੀ ਅਹੁਦੇ ਤੋਂ ਦਿੱਤਾ ਅਸਤੀਫ਼ਾ-ਪ੍ਰਧਾਨ ਮੰਤਰੀ ਰਨਿਲ ਵਿਕਰਮਸਿੰਘੇ ਬਣੇ ਕਾਰਜਕਾਰੀ ਰਾਸ਼ਟਰਪਤੀ
ਕੋਲੰਬੋ/ਬਿਊਰੋ ਨਿਊਜ਼ : ਲੋਕ ਰੋਹ ‘ਚ ਬੁਰੀ ਤਰ੍ਹਾਂ ਘਿਰੇ ਸ੍ਰੀਲੰਕਾ ਦੇ ਰਾਸ਼ਟਰਪਤੀ ਗੋਟਾਬਾਯਾ ਰਾਜਪਕਸੇ ਦੇਸ਼ ਛੱਡ ਕੇ ਫ਼ੌਜੀ ਜਹਾਜ਼ ਵਿਚ ਮਾਲਦੀਵਜ਼ ਭੱਜ ਗਏ ਹਨ। ਰਾਸ਼ਟਰਪਤੀ ਦੇ ਨਾਲ ਉਨ੍ਹਾਂ ਦੀ ਪਤਨੀ ਤੇ ਦੋ ਸੁਰੱਖਿਆ ਅਧਿਕਾਰੀ ਵੀ ਸਨ। ਜ਼ਿਕਰਯੋਗ ਹੈ ਕਿ ਰਾਜਪਕਸੇ ਨੇ ਸ੍ਰੀਲੰਕਾ ਰਾਸ਼ਟਰਪਤੀ ਤੋਂ ਅਸਤੀਫਾ ਵੀ ਦੇ ਦਿੱਤਾ ਹੈ। ਮਾਲਦੀਵਜ਼ ਤੋਂ ਫੋਨ ਕਰਕੇ 73 ਸਾਲਾ ਰਾਜਪਕਸੇ ਨੇ ਪ੍ਰਧਾਨ ਮੰਤਰੀ ਰਨਿਲ ਵਿਕਰਮਸਿੰਘੇ ਨੂੰ ਸ੍ਰੀਲੰਕਾ ਦਾ ਕਾਰਜਕਾਰੀ ਰਾਸ਼ਟਰਪਤੀ ਬਣਾ ਦਿੱਤਾ ਹੈ। ਸੰਸਦ ਦੇ ਸਪੀਕਰ ਮਹਿੰਦਾ ਯਾਪਾ ਅਬੇਵਰਦਨਾ ਨੇ ਰਾਜਪਕਸੇ ਵੱਲੋਂ ਵਿਕਰਮਸਿੰਘੇ ਨੂੰ ਜ਼ਿੰਮੇਵਾਰੀ ਸੌਂਪੇ ਜਾਣ ਦੀ ਪੁਸ਼ਟੀ ਕੀਤੀ ਹੈ।
ਸਪੀਕਰ ਨੇ ਨਾਲ ਹੀ ਕਿਹਾ ਕਿ ਰਾਸ਼ਟਰਪਤੀ ਨੇ ਉਨ੍ਹਾਂ ਨੂੰ ਫੋਨ ਉਤੇ ਦੱਸਿਆ ਹੈ ਕਿ ਉਹ ਆਪਣੇ ਵਾਅਦੇ ਮੁਤਾਬਕ ਅਸਤੀਫਾ ਵੀ ਦੇਣਗੇ।
ਦੱਸਣਯੋਗ ਹੈ ਕਿ ਨਵਾਂ ਰਾਸ਼ਟਰਪਤੀ 20 ਜੁਲਾਈ ਨੂੰ ਚੁਣਿਆ ਜਾਣਾ ਹੈ। ਇਸੇ ਦੌਰਾਨ ਕਾਰਜਕਾਰੀ ਰਾਸ਼ਟਰਪਤੀ ਵਿਕਰਮਸਿੰਘੇ ਨੇ ਦੇਸ਼ ਵਿਚ ਮੁੜ ਐਮਰਜੈਂਸੀ ਲਗਾ ਦਿੱਤੀ ਹੈ। ਦੇਸ਼ ਦੇ ਪੱਛਮੀ ਹਿੱਸੇ ਵਿਚ ਕਰਫਿਊ ਲਗਾ ਦਿੱਤਾ ਗਿਆ ਹੈ। ਵਿਕਰਮਸਿੰਘੇ ਨੇ ਟੀਵੀ ਪ੍ਰਸਾਰਨ ਵਿਚ ਕਿਹਾ, ‘ਸਾਨੂੰ ਲੋਕਤੰਤਰ ਲਈ ਬਣੇ ਇਸ ਫਾਸ਼ੀਵਾਦੀ ਖ਼ਤਰੇ ਦਾ ਖਾਤਮਾ ਕਰਨਾ ਹੀ ਪਏਗਾ। ਅਸੀਂ ਸਰਕਾਰੀ ਜਾਇਦਾਦ ਤਬਾਹ ਕਰਨ ਦੀ ਇਜਾਜ਼ਤ ਨਹੀਂ ਦੇ ਸਕਦੇ। ਕੁਝ ਲੋਕ ਮੈਨੂੰ ਰਾਸ਼ਟਰਪਤੀ ਵਜੋਂ ਜ਼ਿੰਮੇਵਾਰੀ ਨਿਭਾਉਣ ਤੋਂ ਰੋਕ ਰਹੇ ਹਨ। ਅਸੀਂ ਉਨ੍ਹਾਂ ਨੂੰ ਸੰਵਿਧਾਨ ਪਾੜਨ ਦੀ ਇਜਾਜ਼ਤ ਨਹੀਂ ਦੇ ਸਕਦੇ। ਮੁੱਖ ਧਾਰਾ ਦੇ ਕੁਝ ਆਗੂ ਵੀ ਕੱਟੜਵਾਦੀਆਂ ਨੂੰ ਸਮਰਥਨ ਦੇ ਰਹੇ ਹਨ। ਇਸ ਲਈ ਐਮਰਜੈਂਸੀ ਲਾਈ ਜਾ ਰਹੀ ਹੈ।’ ਹਾਲਾਂਕਿ ਐਮਰਜੈਂਸੀ ਲੱਗਣ ਤੋਂ ਬਾਅਦ ਸਰਕਾਰ ਵਿਰੋਧੀ ਰੋਸ ਮੁਜ਼ਾਹਰੇ ਹੋਰ ਵਧ ਗਏ ਹਨ। ਇਸੇ ਦੌਰਾਨ ਸਾਬਕਾ ਰਾਸ਼ਟਰਪਤੀ ਮੈਤਰੀਪਲਾ ਸਿਰੀਸੇਨਾ ਨੇ ਕਿਹਾ ਹੈ ਕਿ ਕਾਰਜਕਾਰੀ ਰਾਸ਼ਟਰਪਤੀ ਕੋਲ ਕੋਈ ਲੋਕ ਫ਼ਤਵਾ ਨਹੀਂ ਹੈ ਤੇ ਉਹ ਬਸ ਸੱਤਾ ਦੇ ਭੁੱਖੇ ਹਨ। ਉਨ੍ਹਾਂ ਦੇ ਹੁਕਮ ਨਾ ਮੰਨੇ ਜਾਣ। ਸਿਰੀਸੇਨਾ ਨੇ ਕਿਹਾ ਕਿ ਗੜਬੜੀ ਨੂੰ ਕਾਬੂ ਕਰਨਾ ਹਥਿਆਰਬੰਦ ਬਲਾਂ ਦੀ ਜ਼ਿੰਮੇਵਾਰੀ ਹੈ।
ਵਿਰੋਧੀ ਧਿਰ ਦੇ ਆਗੂ ਸਾਜਿਤ ਪ੍ਰੇਮਦਾਸਾ ਨੇ ਵੀ ਵਿਕਰਮਸਿੰਘੇ ਦਾ ਵਿਰੋਧ ਕੀਤਾ ਹੈ। ਦੇਸ਼ ਦੇ ਵਿੱਤੀ ਸੰਕਟ ਲਈ ਲੋਕ ਗੋਟਾਬਾਯਾ ਨੂੰ ਜ਼ਿੰਮੇਵਾਰ ਠਹਿਰਾ ਰਹੇ ਸਨ ਤੇ ਲੰਮੇ ਸਮੇਂ ਤੋਂ ਰਾਸ਼ਟਰਪਤੀ ਦੇ ਅਸਤੀਫ਼ੇ ਦੀ ਮੰਗ ਹੋ ਰਹੀ ਸੀ। ਰਾਸ਼ਟਰਪਤੀ ਦੀ ਸਰਕਾਰੀ ਰਿਹਾਇਸ਼ ਉਤੇ ਵੀ ਲੋਕਾਂ ਨੇ ਕਬਜ਼ਾ ਕਰ ਲਿਆ ਸੀ ਤੇ ਰਾਜਪਕਸੇ ਨੂੰ ਉੱਥੋਂ ਵੀ ਭੱਜਣ ਲਈ ਮਜਬੂਰ ਹੋਣਾ ਪਿਆ ਸੀ। ਵਿਕਰਮਸਿੰਘੇ ਨੂੰ ਕਾਰਜਕਾਰੀ ਰਾਸ਼ਟਰਪਤੀ ਬਣਾਉਣ ਲਈ ਰਾਜਪਕਸੇ ਨੇ ਸੰਵਿਧਾਨਕ ਤਾਕਤਾਂ ਦੀ ਵਰਤੋਂ ਕੀਤੀ ਹੈ। ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਸਰਕਾਰ ਦੀ ਬੇਨਤੀ ਤੋਂ ਬਾਅਦ ਰਾਸ਼ਟਰਪਤੀ ਨੂੰ ਮਿਲੀਆਂ ਸੰਵਿਧਾਨਕ ਤਾਕਤਾਂ ਤਹਿਤ ਤੇ ਰੱਖਿਆ ਮੰਤਰਾਲੇ ਦੀ ਪੂਰੀ ਪ੍ਰਵਾਨਗੀ ਨਾਲ ਹੀ ਰਾਸ਼ਟਰਪਤੀ ਨੂੰ ਸੈਨਿਕ ਜਹਾਜ਼ ਮੁਹੱਈਆ ਕਰਾਇਆ ਗਿਆ ਸੀ।
ਦੱਸਣਯੋਗ ਹੈ ਕਿ ਰਾਸ਼ਟਰਪਤੀ ਹੋਣ ਕਾਰਨ ਰਾਜਪਕਸੇ ਨੂੰ ਕਾਨੂੰਨੀ ਕਾਰਵਾਈ ਤੋਂ ਛੋਟ ਮਿਲੀ ਹੋਈ ਸੀ। ਨਵੀਂ ਸਰਕਾਰ ਵੱਲੋਂ ਗ੍ਰਿਫ਼ਤਾਰ ਕੀਤੇ ਜਾਣ ਦੀ ਸੰਭਾਵਨਾ ਦੇ ਮੱਦੇਨਜ਼ਰ ਉਨ੍ਹਾਂ ਦੇ ਅਸਤੀਫ਼ੇ ਦਾ ਐਲਾਨ ਹੋਣ ਤੋਂ ਪਹਿਲਾਂ ਹੀ ਉਹ ਦੇਸ਼ ਛੱਡ ਕੇ ਚਲੇ ਗਏ ਹਨ।
ਫੌਜ ਤੇ ਪੁਲਿਸ ਵੱਲੋਂ ਲੋਕਾਂ ਨੂੰ ਸ਼ਾਂਤੀ ਲਈ ਅਪੀਲ
ਕੋਲੰਬੋ : ਸ੍ਰੀਲੰਕਾ ਦੀ ਫੌਜ ਤੇ ਪੁਲਿਸ ਨੇ ਸੰਸਦ ਦੇ ਸਪੀਕਰ ਨੂੰ ਬੇਨਤੀ ਕੀਤੀ ਹੈ ਕਿ ਉਹ ਸਾਰੀਆਂ ਪਾਰਟੀਆਂ ਦੇ ਆਗੂਆਂ ਦੀ ਮੀਟਿੰਗ ਸੱਦਣ। ਮੀਟਿੰਗ ਵਿਚ ਉਨ੍ਹਾਂ ਨੂੰ ‘ਵਰਤਮਾਨ ਸੰਕਟ’ ਦੇ ਸਿਆਸੀ ਹੱਲ ਲਈ ਚੁੱਕੇ ਜਾਣ ਵਾਲੇ ਕਦਮਾਂ ਬਾਰੇ ਜਾਣੂ ਕਰਾਇਆ ਜਾਵੇ। ਇਕ ਬਿਆਨ ਵਿਚ ਡਿਫੈਂਸ ਸਟਾਫ਼ ਦੇ ਮੁਖੀ ਸ਼ਵੇਂਦਰ ਸਿਲਵਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਾਨੂੰਨ-ਵਿਵਸਥਾ ਕਾਇਮ ਰੱਖਣ ਵਿਚ ਤਿੰਨਾਂ ਸੈਨਾਵਾਂ ਦੀ ਮਦਦ ਕਰਨ। ਉਨ੍ਹਾਂ ਮੁਜ਼ਾਹਰਾਕਾਰੀਆਂ ਨੂੰ ਬੇਨਤੀ ਕੀਤੀ ਕਿ ਉਹ ਸਰਕਾਰੀ ਜਾਂ ਪ੍ਰਾਈਵੇਟ ਸੰਪਤੀ ਦਾ ਨੁਕਸਾਨ ਨਾ ਕਰਨ। ਉਨ੍ਹਾਂ ਕਿਹਾ ਕਿ ਜਦ ਤੱਕ ਨਵਾਂ ਰਾਸ਼ਟਰਪਤੀ ਨਹੀਂ ਚੁਣ ਲਿਆ ਜਾਂਦਾ, ਲੋਕ ਸੁਰੱਖਿਆ ਬਲਾਂ ਦੀ ਸਹਾਇਤਾ ਕਰਨ।

Check Also

ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ

ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …