17 C
Toronto
Sunday, October 5, 2025
spot_img
Homeਦੁਨੀਆਨਰਿੰਦਰ ਮੋਦੀ ਨੇ ਵਿਸ਼ਵਾਸਘਾਤ ਕੀਤਾ : ਸੂਰਜੇਵਾਲਾ

ਨਰਿੰਦਰ ਮੋਦੀ ਨੇ ਵਿਸ਼ਵਾਸਘਾਤ ਕੀਤਾ : ਸੂਰਜੇਵਾਲਾ

ਕਸ਼ਮੀਰ ਮਸਲੇ ਲਈ ਟਰੰਪ ਨੂੰ ਵਿਚੋਲਗੀ ਲਈ ਕਹਿ ਕੇ ਮੋਦੀ ਨੇ ਦੇਸ਼ ਦੇ ਹਿੱਤਾਂ ਨਾਲ ਵਿਸ਼ਵਾਸਘਾਤ ਕੀਤਾ ਹੈ। ਉਨ੍ਹਾਂ ਕਿਹਾ ਇਸ ਮਸਲੇ ‘ਤੇ ਸਿਰਫ ਦੁਵੱਲੀ ਗੱਲਬਾਤ ਹੀ ਹੋਣੀ ਚਾਹੀਦੀ ਹੈ।

ਟਰੰਪ ਵੱਲੋਂ ਵਿਚੋਲਗੀ ਦੀ ਪੇਸ਼ਕਸ਼ ਤੋਂ ਸੰਸਦ ‘ਚ ਹੰਗਾਮਾ
ਕਸ਼ਮੀਰ ਮਸਲੇ ਲਈ ਭਾਰਤ ਨੂੰ ਕਿਸੇ ਤੀਜੀ ਧਿਰ ਦੀ ਲੋੜ ਨਹੀਂ : ਵਿਦੇਸ਼ ਮੰਤਰੀ
ਨਵੀਂ ਦਿੱਲੀ/ਬਿਊਰੋ ਨਿਊਜ਼ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਇਸ ਦਾਅਵੇ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਕਸ਼ਮੀਰ ਮਸਲੇ ਦੇ ਹੱਲ ਲਈ ਵਿਚੋਲਗੀ ਦੀ ਪੇਸ਼ਕਸ਼ ਕੀਤੀ ਸੀ, ਨੇ ਸਿਆਸੀ ਸਫ਼ਾਂ ਵਿਚ ਹਲਚਲ ਮਚਾ ਦਿੱਤੀ ਹੈ। ਅਮਰੀਕੀ ਸਦਰ ਦੇ ਇਸ ਦਾਅਵੇ ਕਰਕੇ ਸਰਕਾਰ ਨੂੰ ਸੰਸਦ ਦੇ ਦੋਵਾਂ ਸਦਨਾਂ ਵਿੱਚ ਵਿਰੋਧੀ ਧਿਰ ਦੇ ਰੋਹ ਦਾ ਸਾਹਮਣਾ ਕਰਨਾ ਪਿਆ। । ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੇ ਸਰਕਾਰ ਵੱਲੋਂ ਸਥਿਤੀ ਸਪਸ਼ਟ ਕਰਦਿਆਂ ਸਾਫ਼ ਕਰ ਦਿੱਤਾ ਕਿ ਭਾਰਤ ਤੇ ਪਾਕਿਸਤਾਨ ਦਰਮਿਆਨ ਬਕਾਇਆ ਮੁੱਦਿਆਂ ਨੂੰ ਦੁਵੱਲੀ ਗੱਲਬਾਤ ਨਾਲ ਹੀ ਹੱਲ ਕੀਤਾ ਜਾਵੇਗਾ ਤੇ ਭਾਰਤ ਨੂੰ ਤੀਜੀ ਧਿਰ ਦੀ ਵਿਚੋਲਗੀ ਮਨਜ਼ੂਰ ਨਹੀਂ। ਜੈਸ਼ੰਕਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਰੰਪ ਨੂੰ ਅਜਿਹੀ ਕੋਈ ਬੇਨਤੀ (ਵਿਚੋਲਗੀ ਸਬੰਧੀ) ਨਹੀਂ ਕੀਤੀ। ਉਨ੍ਹਾਂ ਦੁਹਰਾਇਆ ਕਿ ਕਸ਼ਮੀਰ ਦੁਵੱਲਾ ਮੁੱਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਤੇ ਪਾਕਿਸਤਾਨ ਵਿਚਾਲੇ ਬਕਾਇਆ ਮਸਲਿਆਂ ਨੂੰ ਦੁਵੱਲੇ ਸੰਵਾਦ ਨਾਲ ਹੀ ਹੱਲ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਸੇ ਤੀਜੀ ਧਿਰ ਦੀ ਵਿਚੋਲਗੀ ਤੋਂ ਸਾਫ਼ ਨਾਂਹ ਕਰ ਦਿੱਤੀ। ਵਿਦੇਸ਼ ਮੰਤਰੀ ਨੇ ਕਿਹਾ ਕਿ ਦੋਵਾਂ ਮੁਲਕਾਂ ਵੱਲੋਂ ਸਹੀਬੰਦ ਸ਼ਿਮਲਾ ਤੇ ਲਾਹੌਰ ਸਮਝੌਤੇ ਸਾਰੇ ਮਸਲਿਆਂ ਨੂੰ ਦੁਵੱਲੀ ਗੱਲਬਾਤ ਨਾਲ ਹੱਲ ਕਰਨ ਦਾ ਆਧਾਰ ਹਨ। ਵਿਰੋਧੀ ਪਾਰਟੀਆਂ ਨੇ ਮੰਗ ਕੀਤੀ ਕਿ ਪ੍ਰਧਾਨ ਮੰਤਰੀ ਖੁਦ ਸਦਨ ਵਿੱਚ ਆ ਕੇ ਸਥਿਤੀ ਸਪਸ਼ਟ ਕਰਨ।
ਕਸ਼ਮੀਰ ਭਾਰਤ-ਪਾਕਿ ਦਾ ਆਪਸੀ ਮਾਮਲਾ : ਅਮਰੀਕੀ ਵਿਦੇਸ਼ ਮੰਤਰਾਲਾ
ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਕਸ਼ਮੀਰ ਮੁੱਦੇ ‘ਤੇ ਵਿਚੋਲਗੀ ਕਰਨ ਦੇ ਦਿੱਤੇ ਬਿਆਨ ‘ਤੇ ਹੁਣ ਟਰੰਪ ਪ੍ਰਸ਼ਾਸਨ ਇਸ ਤੋਂ ਬਾਅਦ ਪੈਦਾ ਹੋਈ ਸਥਿਤੀ ‘ਤੇ ਸਫ਼ਾਈਆਂ ਦੇਣ ਵਿਚ ਜੁਟਿਆ ਹੋਇਆ ਹੈ। ਹੁਣ ਇਸ ‘ਤੇ ਅਮਰੀਕੀ ਵਿਦੇਸ਼ ਵਿਭਾਗ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਭਾਰਤ ਤੇ ਪਾਕਿਸਤਾਨ ਵਿਚਕਾਰ ਕਸ਼ਮੀਰ ਇਕ ਦੁਵੱਲਾ ਮੁੱਦਾ ਹੈ ਅਤੇ ਜੇਕਰ ਦੋਵੇਂ ਦੇਸ਼ ਗੱਲਬਾਤ ਲਈ ਬੈਠਦੇ ਹਨ ਤਾਂ ਇਸ ਦਾ ਅਮਰੀਕਾ ਵਲੋਂ ਸਵਾਗਤ ਹੈ। ਟਰੰਪ ਦੇ ਕਸ਼ਮੀਰ ਮੁੱਦੇ ‘ਤੇ ਦਿੱਤੇ ਬਿਆਨ ਦੇ ਇਕ ਸਵਾਲ ਦੇ ਜਵਾਬ ਵਿਚ ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਦੋਵਾਂ ਧਿਰਾਂ ਲਈ ਗੱਲਬਾਤ ਕਰਨ ਲਈ ਕਸ਼ਮੀਰ ਇਕ ਦੁਵੱਲਾ ਮੁੱਦਾ ਹੈ ਅਤੇ ਟਰੰਪ ਪ੍ਰਸ਼ਾਸਨ ਪਾਕਿਸਤਾਨ ਤੇ ਭਾਰਤ ਦੇ ਗੱਲਬਾਤ ਲਈ ਬੈਠਣ ਦਾ ਸਵਾਗਤ ਕਰੇਗਾ ਅਤੇ ਅਮਰੀਕਾ ਸਹਾਇਤਾ ਕਰਨ ਲਈ ਤਿਆਰ ਖੜ੍ਹਾ ਹੈ। ਟਰੰਪ 10 ਹਜ਼ਾਰ ਤੋਂ ਵੀ ਜ਼ਿਆਦਾ ਵਾਰ ਬੋਲ ਚੁੱਕੇ ਹਨ ਝੂਠ : ਕਸ਼ਮੀਰ ਮੁੱਦੇ ‘ਤੇ ਟਰੰਪ ਵਲੋਂ ਦਿੱਤੇ ਬਿਆਨ ਦੀ ਹਰ ਪਾਸੇ ਚਰਚਾ ਹੈ ਪਰ ਟਰੰਪ ਪਹਿਲਾਂ ਤੋਂ ਹੀ ਇਸ ਤਰ੍ਹਾਂ ਦੀ ਗਲਤ ਬਿਆਨਬਾਜ਼ੀ ਤੇ ਝੂਠੇ ਦਾਅਵਿਆਂ ਲਈ ਜਾਣੇ ਜਾਂਦੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਟਰੰਪ ਜਦ ਤੋਂ ਅਮਰੀਕਾ ਦੇ ਰਾਸ਼ਟਰਪਤੀ ਬਣੇ ਹਨ ਤਦ ਤੋਂ ਲੈ ਕੇ ਹੁਣ ਤੱਕ 10 ਹਜ਼ਾਰ ਤੋਂ ਜ਼ਿਆਦਾ ਵਾਰ ਝੂਠ ਬੋਲ ਚੁੱਕੇ ਹਨ। ਜੇਕਰ ਇਸ ਦੀ ਔਸਤ ਕੱਢੀਏ ਤਾਂ ਰੋਜ਼ਾਨਾ ਤਕਰੀਬਨ 17 ਵਾਰ ਝੂਠ ਬੋਲਣ ਦਾ ਰਿਕਾਰਡ ਬਣਦਾ ਹੈ।

RELATED ARTICLES
POPULAR POSTS