Breaking News
Home / ਦੁਨੀਆ / ਮੋਦੀ ਨੇ ਮੈਨੂੰ ਕਸ਼ਮੀਰ ਮਸਲੇ ‘ਤੇ ਵਿਚੋਲਗੀ ਕਰਨ ਲਈ ਕਿਹਾ ਸੀ : ਟਰੰਪ

ਮੋਦੀ ਨੇ ਮੈਨੂੰ ਕਸ਼ਮੀਰ ਮਸਲੇ ‘ਤੇ ਵਿਚੋਲਗੀ ਕਰਨ ਲਈ ਕਿਹਾ ਸੀ : ਟਰੰਪ

ਭਾਰਤ ਦਾ ਜਵਾਬ : ਨਰਿੰਦਰ ਮੋਦੀ ਨੇ ਟਰੰਪ ਨੂੰ ਅਜਿਹਾ ਕਦੀ ਨਹੀਂ ਕਿਹਾ
ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਕਸ਼ਮੀਰ ਮਾਮਲੇ ‘ਤੇ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੈਨੂੰ ਕਸ਼ਮੀਰ ਮਸਲੇ ‘ਤੇ ਵਿਚੋਲਗੀ ਕਰਨ ਲਈ ਕਿਹਾ ਸੀ। ਟਰੰਪ ਨੇ ਇਹ ਗੱਲ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਮੁਲਾਕਾਤ ਦੌਰਾਨ ਕਹੀ। ਜਦਕਿ ਭਾਰਤ ਦਾ ਕਹਿਣਾ ਹੈ ਕਿ ਨਰਿੰਦਰ ਮੋਦੀ ਨੇ ਟਰੰਪ ਨੂੰ ਕਦੇ ਵੀ ਅਜਿਹਾ ਨਹੀਂ ਕਿਹਾ। ਇਸ ਦੇ ਚੱਲਦਿਆਂ ਡੋਨਾਲਡ ਟਰੰਪ ਨੇ ਕਸ਼ਮੀਰ ਮੁੱਦੇ ‘ਤੇ ਭਾਰਤ ਅਤੇ ਪਾਕਿਸਤਾਨ ਵਿਚ ਵਿਚੋਲਗੀ ਦੀ ਪੇਸ਼ਕਸ਼ ਕੀਤੀ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਵ੍ਹਾਈਟ ਹਾਊਸ ਵਿੱਚ ਟਰੰਪ ਨਾਲ ਮੁਲਕਾਤ ਕੀਤੀ। ਟਰੰਪ ਨੇ ਕਿਹਾ ਕਿ ਜੇਕਰ ਦੋਵੇਂ ਮੁਲਕ ਕਹਿਣਗੇ ਤਾਂ ਉਹ ਕਸ਼ਮੀਰ ਮਾਮਲੇ ਲਈ ਮਦਦ ਲਈ ਤਿਆਰ ਹਨ। ਟਰੰਪ ਨੇ ਕਿਹਾ ਕਿ ਜੇਕਰ ਮੈਂ ਕਸ਼ਮੀਰ ਮਾਮਲੇ ‘ਚ ਮਦਦ ਕਰ ਸਕਦਾ ਹਾਂ, ਤਾਂ ਮੈਂ ਵਿਚੋਲਗੀ ਕਰਨਾ ਪਸੰਦ ਕਰਾਂਗਾ। ਇਮਰਾਨ ਖਾਨ ਨੇ ਟਰੰਪ ਦੀਆਂ ਟਿੱਪਣੀਆਂ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਜੇਕਰ ਅਮਰੀਕਾ ਮੰਨੇ ਤਾਂ ਕਰੋੜਾਂ ਲੋਕਾਂ ਦੀਆਂ ਦੁਆਵਾਂ ਉਨ੍ਹਾਂ ਦੇ ਨਾਲ ਹਨ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਦੇ ਪ੍ਰਧਾਨ ਨਰਿੰਦਰ ਮੋਦੀ ਨੇ ਉਨ੍ਹਾਂ ਦੀ ਪਿਛਲੇ ਮਹੀਨੇ ਜਾਪਾਨ ਦੇ ਓਸਾਕਾ ਵਿੱਚ ਮੁਲਾਕਾਤ ਦੌਰਾਨ ਇਹ ਮੁੱਦਾ ਚੁੱਕਦਿਆਂ ਕਸ਼ਮੀਰ ਬਾਰੇ ਵਿਚੋਲਗੀ ਕਰਨ ਲਈ ਕਿਹਾ ਸੀ। ਇਸੇ ਦੌਰਾਨ ਭਾਰਤੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਨੇ ਰਾਸ਼ਟਰਪਤੀ ਟਰੰਪ ਦੇ ਇਨ੍ਹਾਂ ਦਾਅਵਿਆਂ ਨੂੰ ਖਾਰਜ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਨੂੰ ਅਜਿਹੀ ਕੋਈ ਬੇਨਤੀ ਨਹੀਂ ਕੀਤੀ।
ਟਰੰਪ ਦੇ ਬਿਆਨ ਤੋਂ ਬਾਅਦ ਭਾਰਤ ‘ਚ ਛਿੜੀ ਚਰਚਾ
ਕੀ ਭਾਰਤ ਦੀ ਨੀਤੀ ਬਦਲ ਗਈ ਹੈ : ਉਮਰ ਅਬਦੁੱਲਾ
ਕੀ ਭਾਰਤ ਸਰਕਾਰ ਡੋਨਾਲਡ ਟਰੰਪ ਨੂੰ ਝੂਠਾ ਕਹੇਗੀ ਜਾਂ ਉਸਦੀ ਨੀਤੀ ਵਿਚ ਪਰਿਵਰਤਨ ਆ ਗਿਆ ਹੈ। ਉਹ ਕਸ਼ਮੀਰ ਮੁੱਦੇ ਤੇ ਤੀਜੀ ਧਿਰ ਦੇ ਦਖਲ ਲਈ ਕਿਉਂ ਰਾਜ਼ੀ ਹੋ ਗਈ।

Check Also

ਮਲੇਸ਼ੀਆ ’ਚ ਨੇਵੀ ਦੇ ਦੋ ਹੈਲੀਕਾਪਟਰ ਟਕਰਾਏ – 10 ਕਰੂ ਮੈਂਬਰਾਂ ਦੀ ਮੌਤ

ਪਰੇਡ ਦੀ ਰਿਹਰਸਲ ਦੌਰਾਨ ਵਾਪਰਿਆ ਹਾਦਸਾ ਨਵੀਂ ਦਿੱਲੀ/ਬਿਊਰੋ ਨਿਊਜ਼ ਮਲੇਸ਼ੀਆ ਦੀ ਨੇਵੀ ਦੇ ਦੋ ਹੈਲੀਕਾਪਟਰ …