Breaking News
Home / ਨਜ਼ਰੀਆ / ਦੀਵਾਲੀ : ਅੰਦਰਲੇ ਹਨ੍ਹੇਰੇ ਨੂੰ ਦੂਰ ਕਰਨ ਦੀ ਲੋੜ

ਦੀਵਾਲੀ : ਅੰਦਰਲੇ ਹਨ੍ਹੇਰੇ ਨੂੰ ਦੂਰ ਕਰਨ ਦੀ ਲੋੜ

ਪ੍ਰੋ. ਜਤਿੰਦਰਬੀਰ ਸਿੰਘ ਨੰਦਾ
ਦੀਵਾਲੀ ਨੂੰ ਰੌਸ਼ਨੀਆਂ ਦਾ ਤਿਉਹਾਰ ਕਿਹਾ ਜਾਂਦਾ ਹੈ। ਸਦੀਆਂ ਤੋਂ ਇਹ ਪ੍ਰੰਪਰਾ ਚਲੀ ਆ ਰਹੀ ਹੈ ਕਿ ਲੋਕ ਦੀਵਿਆਂ ਦੀਆਂ ਪਾਲਾਂ ਲਾ ਕੇ ਆਪਣੇ ਘਰਾਂ ਵਿਚ ਰੌਸ਼ਨੀਆਂ ਕਰਦੇ ਹਨ ਤੇ ਸਾਰਾ ਆਲਾ-ਦੁਆਲਾ ਰੌਸ਼ਨ ਹੋ ਜਾਂਦਾ ਹੈ। ਹੁਣ ਦੀਵਿਆਂ ਦੀ ਥਾਂ ‘ਤੇ ਮਸਨੂਈ ਮੋਮਬੱਤੀਆਂ, ਬਿਜਲੀ ਨਾਲ ਚੱਲਣ ਵਾਲੇ ਲਾਟੂਆਂ, ਲੜੀਆਂ ਤੇ ਹੋਰ ਕਈ ਉਪਕਰਨਾਂ ਨੇ ਲੈ ਲਈ ਹੈ, ਪਰ ਦੀਵਾਲੀ ਸਦਾ ਲਈ ਦੀਵਿਆਂ ਨਾਲ ਹੀ ਜੁੜੀ ਰਹੇਗੀ। ਆਧੁਨਿਕ ਸਮੇਂ ਵਿਚ ਆ ਕੇ ਇਹ ਵਿਚਾਰ ਬਲ ਫੜਨ ਲੱਗ ਪਿਆ ਹੈ ਕਿ ਕੀ ਕੇਵਲ ਦੀਵੇ ਬਾਲ ਕੇ ਅਸੀਂ ਦੀਵਾਲੀ ਨੂੰ ਸੀਮਤ ਕਰਕੇ ਰੱਖ ਦਿੱਤਾ ਹੈ, ਜਦੋਂਕਿ ਸਾਡੇ ਆਲੇ-ਦੁਆਲੇ ਅਗਿਆਨਤਾ, ਅਨਪੜ੍ਹਤਾ, ਵਹਿਮ-ਭਰਮ, ਪਿਛਾਂਹ-ਖਿੱਚੂ ਵਿਚਾਰ ਗ਼ੈਰ-ਵਿਗਿਆਨਕ ਧਾਰਨਾਵਾਂ ਸਾਡੇ ਅੰਦਰ ਸਦਾ ਹਨੇਰਾ ਕਰਕੇ ਰੱਖਦੀਆਂ ਹਨ। ਅਸੀਂ ਬਾਹਰਲੇ ਹਨੇਰੇ ਨੂੰ ਤਾਂ ਇਕ ਦਿਨ ਰੌਸ਼ਨੀ ਬਾਲ ਕੇ ਦੂਰ ਕਰ ਲੈਂਦੇ ਹਾਂ, ਪਰ ਸਦੀਆਂ ਤੋਂ ਜਿਹੜਾ ਹਨੇਰਾ ਸਾਡੇ ਮਨ ਅੰਦਰ ਵਧ ਰਿਹਾ ਹੈ, ਉਸ ਨੂੰ ਦੂਰ ਕਰਨ ਦਾ ਉਪਰਾਲਾ ਨਹੀਂ ਕਰਦੇ। ਇਸ ਲਈ ਲੋੜ ਇਸ ਗੱਲ ਦੀ ਹੈ ਕਿ ਅਗਿਆਨਤਾ ਦਾ ਹਨੇਰਾ ਦੂਰ ਕਰਨ ਲਈ ਅਸੀਂ ਆਪਣੇ ਮਨ ਨੂੰ ਰੌਸ਼ਨ ਕਰੀਏ ਤੇ ਉਨ੍ਹਾਂ ਗ਼ਲਤ ਧਾਰਨਾਵਾਂ ਤੇ ਬੁਰਾਈਆਂ ਤੋਂ ਬਚੀਏ, ਜੋ ਆਧੁਨਿਕ ਸਮੇਂ ਵਿਚ ਮਨਾਈ ਜਾਂਦੀ ਦੀਵਾਲੀ ‘ਚ ਫੈਲ ਗਏ ਹਨ।
ਦੀਵਾਲੀ ਦਾ ਸਬੰਧ ਹੀ ਬੁਰਾਈ ਨੂੰ ਖ਼ਤਮ ਕਰਕੇ ਖੁਸ਼ੀ ਮਨਾਉਣ ਨਾਲ ਹੈ। ਭਾਰਤ ਵਿਚ ਇਤਿਹਾਸਕ ਕ੍ਰਮ ਹੀ ਕੁਝ ਇਸ ਤਰ੍ਹਾਂ ਚੱਲਿਆ ਹੈ ਕਿ ਜਦੋਂ ਦੀਵਾਲੀ ਤੋਂ ਵੀਹ ਦਿਨ ਪਹਿਲਾਂ ਸ੍ਰੀ ਰਾਮ ਚੰਦਰ ਜੀ ਬੁਰਾਈ ਦਾ ਚਿੰਨ੍ਹ ਰਾਵਣ ਨੂੰ ਮਾਰ ਕੇ ਵਾਪਸ ਆਪਣੀ ਰਾਜਧਾਨੀ ਅਯੁੱਧਿਆ ਪਹੁੰਚੇ ਤਾਂ ਉਨ੍ਹਾਂ ਦੇ ਆਉਣ ਦੀ ਖੁਸ਼ੀ ਵਿਚ ਦੀਵਾਲੀ ਮਨਾਈ ਗਈ। ਸਿੱਖ ਧਰਮ ਵਿਚ ਜਦੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦਾ ਕਿਲ੍ਹਾ ਛੱਡ ਕੇ ਆਪਣੇ ਨਾਲ 52 ਕੈਦੀਆਂ ਨੂੰ ਵੀ ਮੁਕਤ ਕਰਾ ਕੇ ਜੇਲ੍ਹ ਤੋਂ ਵਾਪਸ ਆਉਂਦੇ ਹਨ, ਇਸ ਤਰ੍ਹਾਂ ਸਿੱਖ ਧਰਮ ਵਿਚ ਵੀ ਇਹ ਦੀਵਾਲੀ ਮਨਾਈ ਜਾਂਦੀ ਹੈ। ਦੋਵੇਂ ਧਰਮਾਂ ਵਿਚ ਬੁਰਾਈ ਤੋਂ ਜਾਂ ਕਿਸੇ ਬੰਧਨ ਤੋਂ ਮੁਕਤੀ ਮਿਲਦੀ ਹੈ ਤਾਂ ਇਹ ਦਿਨ ਸਾਂਝੇ ਸੱਭਿਆਚਾਰਕ ਵਿਰਸੇ ਦਾ ਪ੍ਰਤੀਕ ਬਣ ਕੇ ਉਭਰਦਾ ਹੈ, ਪਰ ਅਜੋਕਾ ਮਨੁੱਖ ਕਿਸੇ ਬੰਧਨ ਤੋਂ ਮੁਕਤ ਨਹੀਂ ਹੋਣਾ ਚਾਹੁੰਦਾ ਤੇ ਆਪਣੇ ਢੰਗ ਤੇ ਖੁਸ਼ੀ ਵਿਚ ਵਾਧਾ ਕਰਨ ਲਈ ਮਨਮਾਨੀ ਦੀਵਾਲੀ ਮਨਾਉਂਦਾ ਹੈ। ਪੰਜਾਬ ਨੂੰ ਹੁਣ ਹਰ ਖੇਤਰ ਵਿਚ ਪੱਛੜ ਜਾਣ ਦਾ ਦੋਸ਼ੀ ਕਿਹਾ ਜਾਣ ਲੱਗ ਪਿਆ ਹੈ। ਬਦਕਿਸਮਤੀ ਦੀ ਗੱਲ ਇਹ ਹੈ ਕਿ ਜਿਹੜਾ ਪੜ੍ਹਿਆ ਲਿਖਿਆ ਵਰਗ ਵੀ ਹੈ, ਉਨ੍ਹਾਂ ਨੇ ਵੀ ਆਪਣੀ ਜੀਵਨ-ਸ਼ੈਲੀ ਦੋਸ਼ਪੂਰਨ ਬਣਾ ਲਈ ਹੈ। ਅੱਗੇ ਸ਼ਰਾਬ ਦੇ ਛੋਟੇ ਦਰਿਆ ਦੀ ਗੱਲ ਕੀਤੀ ਜਾਂਦੀ ਸੀ, ਹੁਣ ਦੀਵਾਲੀ ਵਰਗੇ ਪਵਿੱਤਰ ਤਿਉਹਾਰ ‘ਤੇ ਲੋਕ ਕਲੱਬਾਂ, ਹੋਟਲਾਂ ਵਿਚ ਜਾ ਕੇ ਇਕ ਤਾਂ ਬੇਲੋੜੀ ਸ਼ਰਾਬ ਦੀ ਵਰਤੋਂ ਕਰਦੇ ਹਨ ਤੇ ਨਾਲ ਨੰਗੇਜ਼ ਭਰੇ ਨਾਚ ਤੇ ਗੀਤ ਵੀ ਸੁਣਦੇ ਹਨ। ਕਲੱਬਾਂ ਤੇ ਘਰਾਂ ਵਿਚ ਜੂਆ ਖੇਡਣ ਦੀ ਪਿਰਤ ਬਲਵਾਨ ਹੋ ਰਹੀ ਹੈ ਤੇ ਜੂਆ ਖੇਡਣ ਦੇ ਭਿੰਨ-ਭਿੰਨ ਰੂਪ ਸਾਡੇ ਸਾਹਮਣੇ ਆ ਰਹੇ ਹਨ।
ਆਮ ਲੋਕਾਂ ਵਿਚ ਅਗਿਆਨਤਾ, ਵਹਿਮ-ਭਰਮ ਤੇ ਅੰਧ-ਵਿਸ਼ਵਾਸ ਏਨੇ ਫੈਲ ਗਏ ਹਨ ਕਿ ਦੀਵਾਲੀ ਵਾਲੇ ਦਿਨ ਇਨ੍ਹਾਂ ਵਿਚ ਸਗੋਂ ਹੋਰ ਵਾਧਾ ਹੋ ਜਾਂਦਾ ਹੈ। ਬਾਹਰਲੀ ਰੌਸ਼ਨੀ ਸਗੋਂ ਮਨ ਦੇ ਹਨੇਰੇ ਨੂੰ ਵਧਾਉਣ ਦਾ ਕਾਰਨ ਬਣਦੀ ਹੈ। ਦੀਵਾਲੀ ਵਾਲੇ ਦਿਨ ਆਮ ਕਿਹਾ ਜਾਂਦਾ ਹੈ ਕਿ ਘਰ ਦੇ ਦਰਵਾਜ਼ੇ ਖੁੱਲ੍ਹੇ ਰੱਖਣੇ ਚਾਹੀਦੇ ਹਨ ਤਾਂ ਜੋ ਲੱਛਮੀ ਦਰ ਪ੍ਰਵੇਸ਼ ਹੋ ਸਕੇ। ਜੂਆ ਨਾ ਖੇਡੋ ਤਾਂ, ਅੱਖਾਂ ਵਿਚ ਦੀਵੇ ਦੀ ਕਾਲਖ ਨਾਲ ਸਿਲਾਈ ਨਾ ਫੇਰੋ ਤਾਂ, ਹਰ ਸਮੇਂ ਖੋਤੇ ਦੀ ਜੂਨ ਵਿਚ ਪੈ ਜਾਣ ਦੀ ਮੁਹਾਰਨੀ ਪੜ੍ਹੀ ਜਾਂਦੀ ਹੈ। ਅੱਜ ਦੇ ਵਿਗਿਆਨਕ ਸੋਚ ਰੱਖਣ ਵਾਲੇ ਲੋਕ ਇਹ ਧਾਰਨਾ ਪੇਸ਼ ਕਰਦੇ ਹਨ ਕਿ ਜਿਸ ਪ੍ਰਕਾਰ ਦੀ ਦੀਵਾਲੀ ਲਈ ਚੱਲਣ ਵਾਲੀਆਂ ਮਸ਼ੀਨਾਂ ਜਿਨ੍ਹਾਂ ਨੇ ਉਤਪਾਦਨ ਕਰਨਾ ਹੈ ਜੇ ਉਨ੍ਹਾਂ ਲਈ ਬਿਜਲੀ ਨਹੀਂ ਵਰਤਦੇ ਤਾਂ ਅਸੀਂ ਆਪਣੀ ਅਗਿਆਨਤਾ ਦਾ ਪ੍ਰਗਟਾਵਾ ਕਰਦੇ ਹਾਂ। ਇਸ ਦਿਨ ਬਿਜਲੀ ਦੀ ਕੁਵਰਤੋਂ ‘ਤੇ ਠੱਲ੍ਹ ਪਾਉਣ ਦੀ ਲੋੜ ਹੈ, ਰਸਮੀ ਤੌਰ ‘ਤੇ ਦੀਵੇ ਤੇ ਮੋਮਬੱਤੀਆਂ ਜਗਾ ਕੇ ਵੀ ਅਸੀਂ ਦੀਵਾਲੀ ਦੀਆਂ ਖ਼ੁਸ਼ੀਆਂ ਪ੍ਰਾਪਤ ਕਰ ਸਕਦੇ ਹਾਂ। ਦੀਵਾਲੀ ਵਾਲੇ ਦਿਨ ਅਨੇਕਾਂ ਤਰ੍ਹਾਂ ਦੀਆਂ ਮਠਿਆਈਆਂ ਦਾ ਸੇਵਨ ਖੁਸ਼ੀ ਜ਼ਾਹਰ ਕਰਨ ਲਈ ਜ਼ਰੂਰੀ ਬਣ ਗਿਆ ਹੈ। ਇੰਨੀ ਜ਼ਿਆਦਾ ਵਸੋਂ ਲਈ ਸ਼ੁੱਧ ਮਠਿਆਈ ਬਣਾਉਣੀ ਸੰਭਵ ਨਹੀਂ। ਅਸੀਂ ਜਾਣ-ਬੁੱਝ ਕੇ ਅਨਜਾਣ ਬਣਦੇ ਹਾਂ। ਇਨ੍ਹਾਂ ਵਿਚ ਖ਼ਤਰਨਾਕ ਕੈਮੀਕਲ ਵਰਤੇ ਜਾਂਦੇ ਹਨ। ਸਰਕਾਰ ਕੋਲੋਂ ਇਹ ਆਸ ਕੀਤੀ ਜਾਂਦੀ ਹੈ ਕਿ ਉਹ ਹਰ ਦੁਕਾਨ ‘ਤੇ ਛਾਪੇ ਮਾਰੇ, ਇਹ ਅਮਲੀ ਤੌਰ ‘ਤੇ ਸੰਭਵ ਨਹੀਂ, ਇਸ ਲਈ ਦੀਵਾਲੀ ਕਈ ਥਾਂ ‘ਤੇ ਖੁਸ਼ੀ ਪੈਦਾ ਕਰਨ ਦੀ ਥਾਂ ਗ਼ਮੀ ਤੇ ਉਦਾਸੀ ਪੈਦਾ ਕਰ ਦਿੰਦੀ ਹੈ ਜਦੋਂ ਲੋਕ ਸਿੰਥੈਟਕ ਦੁੱਧ ਤੇ ਮਸਨੂਈ ਖੋਏ ਦੀਆਂ ਵਸਤਾਂ ਦਾ ਸੇਵਨ ਕਰਕੇ ਗੰਭੀਰ ਰੂਪ ਵਿਚ ਹਸਪਤਾਲ ਪਹੁੰਚਾਏ ਜਾਂਦੇ ਹਨ। ਇਹ ਤਿਉਹਾਰ ਭ੍ਰਿਸ਼ਟਾਚਾਰ ਫੈਲਾਉਣ ਦਾ ਮੁੱਖ ਕਾਰਨ ਵੀ ਬਣ ਗਿਆ ਹੈ। ਅਫ਼ਸਰਾਂ ਨੂੰ ਦੀਵਾਲੀ ਵਾਲੇ ਦਿਨ ਮਹਿੰਗੇ ਤੋਹਫ਼ੇ ਦੇਣੇ ਇਕ ਰੀਤ ਬਣ ਗਈ ਹੈ। ਰਿਸ਼ਤੇਦਾਰੀਆਂ ਵਿਚ ਵੀ ਦਿਖਾਵੇ ਦੇ ਤੌਰ ‘ਤੇ ਤੋਹਫ਼ੇ ਦੇਣੇ ਇਕ ਸਮਾਜਿਕ ਬੁਰਾਈ ਬਣ ਗਿਆ ਹੈ, ਉਹ ਲੋਕ ਇਹ ਨਹੀਂ ਜਾਣਦੇ ਕਿ ਬਹੁਤੀ ਵਸੋਂ ਉਨ੍ਹਾਂ ਲੋਕਾਂ ਦੀ ਹੈ ਜਿਨ੍ਹਾਂ ਨੂੰ ਦੋ ਵੇਲਿਆਂ ਦੀ ਰੋਟੀ ਵੀ ਨਸੀਬ ਨਹੀਂ ਹੁੰਦੀ। ਉਨ੍ਹਾਂ ਦਾ ਰੌਸ਼ਨੀਆਂ ਨਾਲ ਜੇ ਡਿੱਢ ਭਰ ਸਕਦਾ ਹੋਵੇ ਤਾਂ ਉਹ ਇਨ੍ਹਾਂ ਨੂੰ ਦੇਖ ਕੇ ਢਿੱਡ ਭਰ ਲੈਣ, ਅਨੈਤਿਕ ਨਾਚਾਂ ਤੇ ਗੀਤਾਂ ਨਾਲ ਪਿਆਸ ਬੁਝ ਸਕਦੀ ਹੋਵੇ ਤਾਂ ਉਹ ਇਨ੍ਹਾਂ ਨੂੰ ਸੁਣ ਕੇ ਆਪਣੀ ਪਿਆਸ ਬੁਝਾ ਲੈਣ।
ਆਪਣੀ ਹੱਠਧਰਮੀ, ਗ਼ੈਰ-ਵਿਗਿਆਨਕ ਧਾਰਨਾਵਾਂ, ਬੇਲੋੜਾ ਸ਼ੋਰ, ਪਟਾਕਿਆਂ ਦੀ ਵਰਤੋਂ, ਸਾਡੇ ਸਾਰੇ ਵਾਤਾਵਰਨ ਨੂੰ ਗੰਧਲਾ ਕਰਦਾ ਹੈ ਤੇ ਮਨੁੱਖ ਤਾਂ ਇਸ ਦਿਨ ਪ੍ਰਦੂਸ਼ਣ ਦੇ ਘੁਟਨ ਵਿਚ ਔਖੇ-ਔਖੇ ਸਾਹ ਲੈਂਦਾ ਹੈ, ਇਵੇਂ ਲਗਦਾ ਹੈ ਜਿਵੇਂ ਅਸੀਂ ਰੌਸ਼ਨੀ ਪਸਾਰ ਨਹੀਂ ਰਹੇ ਸਗੋਂ ਹਨੇਰਾ ਫੈਲਾ ਰਹੇ ਹਾਂ।

 

Check Also

CLEAN WHEELS

Medium & Heavy Vehicle Zero Emission Mission (ਚੌਥੀ ਤੇ ਆਖਰੀ ਕਿਸ਼ਤ) ਲੜੀ ਜੋੜਨ ਲਈ ਪਿਛਲਾ …